ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ
ਰੂਪ ਰੇਖਾ : ਸਾਰੇ ਗੁਣਾਂ ਦਾ ਨਿਚੋੜ ਮਿੱਠਾ ਬੋਲਣਾ, ਮਿੱਠਤ ਦਾ ਸੰਬੰਧ – ਅੰਦਰਲੇ ਨਾਲ, ਗੁਰੂ ਇਤਿਹਾਸ ਵਿੱਚ ਮਿੱਠਤ ਦੀਆਂ ਉਦਾਹਰਨਾਂ, ਨਿਮਰ ਮਨੁੱਖ ਦਾ ਜੀਵਨ।
ਸਾਰੇ ਗੁਣਾਂ ਦਾ ਨਿਚੋੜ ਮਿੱਠਾ ਬੋਲਣਾ : ਹਰ ਮਨੁੱਖ ਕੁਝ ਗੁਣਾਂ ਤੇ ਕੁਝ ਔਗੁਣਾਂ ਦਾ ਧਾਰਨੀ ਹੈ। ਉਸ ਦੇ ਇਹ ਗੁਣ, ਔਗੁਣ ਹੀ ਸਮਾਜ ਵਿੱਚ ਉਸ ਨੂੰ ਸਥਾਨ ਦਿਵਾਉਂਦੇ ਹਨ। ਉਹਨਾਂ ਮਨੁੱਖਾਂ ਨੂੰ ਤਾਂ ਲੋਕ ਆਪਣੇ ਹੱਥਾਂ ਉੱਤੇ ਚੁੱਕ ਲੈਂਦੇ ਹਨ, ਜਿਹਨਾਂ ਵਿੱਚ ਕੁਝ ਵਧੇਰੇ ਗੁਣ ਹੋਣ। ਪਰ, ਗੁਰੂ ਨਾਨਕ ਸਾਹਿਬ ਦਾ ਕਹਿਣਾ ਹੈ :
“ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ।”
(ਭਾਵ ਸਾਰੇ ਗੁਣਾਂ ਦਾ ਨਿਚੋੜ ਹੈ – ਮਿੱਠਾ ਬੋਲਣਾ ਤੇ ਨੀਵਾਂ ਹੋ ਕੇ ਚਲਣਾ।)
ਮਿੱਠਤ ਦਾ ਸੰਬੰਧ – ਅੰਦਰਲੇ ਨਾਲ : ਮਿੱਠਤ ਤੇ ਨਿਮਰਤਾ ਦੇ ਗੁਣਾਂ ਦਾ ਸੰਬੰਧ ਸਾਡੇ ਅੰਦਰਲੇ ਨਾਲ ਹੈ। ਸਹੀ ਅਰਥਾਂ ਵਿੱਚ ਇਹ ਗੁਣ ਸ਼ੁੱਧ ਹਿਰਦੇ ਵਾਲੇ ਮਨੁੱਖਾਂ ਵਿੱਚ ਪਾਏ ਜਾਂਦੇ ਹਨ। ਮਿੱਠਾ ਬੋਲਣ ਵਾਲਾ ਮਨੁੱਖ ਦੂਜਿਆਂ ਨੂੰ ਮੋਹ ਲੈਂਦਾ ਹੈ। ਉਸ ਵਿੱਚ ਦਿਖਾਵੇ ਦੀ ਗੁੰਜਾਇਸ਼ ਨਹੀਂ ਹੁੰਦੀ। ਉਹ ਦੁਸ਼ਮਣਾਂ ਨੂੰ ਦੋਸਤ ਬਣਾਉਂਦਾ, ਲੜਾਈ ਝਗੜੇ ਤੋਂ ਦੂਰ, ਵੈਰ – ਵਿਰੋਧ ਨੂੰ ਘਟਾਉਂਦਾ ਤੇ ਸਾਂਝ ਨੂੰ ਵਧਾਉਂਦਾ ਹੈ।
ਕੌੜਾ ਬੋਲਣ ਵਾਲਾ ਕਈਆਂ ਨੂੰ ਆਪਣੇ ਤੋਂ ਕੋਹਾਂ ਦੂਰ ਕਰ ਲੈਂਦਾ ਹੈ। ਵੈਸੇ ਵੀ ਕੌੜੇ ਬੋਲਾਂ ਦੇ ਤੀਰ ਤਲਵਾਰ ਤੋਂ ਵੀ ਵੱਧ ਡੂੰਘੇ ਜ਼ਖਮ ਕਰਦੇ ਹਨ। ਪੰਜਾਬੀ ਭਾਸ਼ਾ ਵਿੱਚ ਇੱਕ ਅਖਾਣ ਹੈ – ਤਲਵਾਰ ਦਾ ਫਟ ਤਾਂ ਫੇਰ ਵੀ ਮਿਟ ਜਾਂਦਾ ਹੈ, ਜ਼ਬਾਨ ਦਾ ਫਟ ਨਹੀਂ ਮਿਟਦਾ।
ਗੁਰੂ ਇਤਿਹਾਸ ਵਿੱਚ ਮਿੱਠਤ ਦੀਆਂ ਉਦਾਹਰਨਾਂ : ਗੁਰੂ ਇਤਿਹਾਸ ਵਿੱਚ ਸਾਨੂੰ ਇਹੋ ਜਿਹੀਆਂ ਕਈ ਉਦਾਹਰਨਾਂ ਮਿਲਦੀਆਂ ਹਨ ਜੋ ਇਹ ਦਰਸ਼ਾਉਂਦੀਆਂ ਹਨ ਕਿ ਗੁਰੂਆਂ ਨੇ ਮਿੱਠਾ ਬੋਲਣ ਦੇ ਗੁਣ ਨੂੰ ਕਦੀ ਨਹੀਂ ਛੱਡਿਆ। ਗੁਰੂ ਨਾਨਕ ਨੇ ਤਾਂ ਹਮੇਸ਼ਾ ਆਪਣੇ – ਆਪ ਨੂੰ ਨੀਚ, ਢਾਡੀ, ਨਿਮਾਣਾ ਤੇ ਨਿਰਗੁਣਿਆਰਾ ਕਿਹਾ।
ਗੁਰੂ ਅਰਜਨ ਦੇਵ ਨੇ ਉਬਲਦੀ ਦੇਗ ਅਤੇ ਤੱਤੀ ਤਵੀ ‘ਤੇ ਬੈਠ ਕੇ ਵੀ ਜਹਾਂਗੀਰ ਖ਼ਿਲਾਫ਼ ਕੋਈ ਅਪਸ਼ਬਦ ਨਹੀਂ ਬੋਲੇ। ਮੀਆਂ ਮੀਰ ਨੂੰ ਵੀ ‘ਭਾਣਾ ਮੀਠਾ ਲਾਗੇ’ ਦਾ ਉਪਦੇਸ਼ ਦਿੱਤਾ।
ਨਿਮਰ ਮਨੁੱਖ ਦਾ ਜੀਵਨ : ਜਿਸ ਮਨੁੱਖ ਵਿੱਚ ਮਿੱਠਾ ਬੋਲਣ ਅਤੇ ਨਿਮਰਤਾ ਦੇ ਗੁਣ ਹਨ, ਉਹ ਰੱਬ ਦੇ ਹੀ ਰੂਪ ਹੋ ਜਾਂਦੇ ਹਨ। ਇਸ ਤਰ੍ਹਾਂ ਕਰਨ ਵਿੱਚ ਉਸ ਨੂੰ ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਿੱਖ ਇਤਿਹਾਸ ਵਿੱਚ ਭਾਈ ਘਨ੍ਹਈਏ ਦਾ ਉਦਾਹਰਨ ਸਾਡੇ ਸਾਹਮਣੇ ਹੈ।
ਉਹ ਲੜਾਈ ਦੇ ਮੈਦਾਨ ਵਿੱਚ ਕੀ ਹਿੰਦੂ ਤੇ ਕੀ ਮੁਸਲਮਾਨ, ਦੋਹਾਂ ਨੂੰ ਇੱਕ ਸਮਝ ਕੇ ਪਾਣੀ ਪਿਲਾਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਪੁੱਛਣ ‘ਤੇ ਉਹ ਹੱਥ ਜੋੜ ਨਿਮਰਤਾ ਨਾਲ ਉੱਤਰ ਦਿੰਦਿਆਂ ਆਖਦਾ ਹੈ ਕਿ ਉਸ ਨੂੰ ਤਾਂ ਦੋਹਾਂ ਵਿੱਚ ਕੋਈ ਫਰਕ ਹੀ ਨਜ਼ਰ ਨਹੀਂ ਆਉਂਦਾ, ਇਸ ਤਰ੍ਹਾਂ ਉਹ ਸਰਬੱਤ ਦਾ ਭਲਾ ਮੰਗਦਾ ਆਪਣਾ ਕੰਮ ਕਰਦਾ ਜਾਂਦਾ ਹੈ।
ਗੁਰੂ ਅੰਗਦ, ਗੁਰੂ ਅਮਰਦਾਸ ਜੀ ਨੂੰ ਆਪਣੇ ਇਨ੍ਹਾਂ ਗੁਣਾਂ ਤੇ ਸੇਵਾ ਕਰਕੇ ਗੁਰਗੱਦੀ ਪ੍ਰਾਪਤ ਹੋਈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨਿਮਾਣੇ ਮਨੁੱਖ ਦੀ ਥਾਂ – ਥਾਂ ਵਡਿਆਈ ਕੀਤੀ ਮਿਲਦੀ ਹੈ :
“ਆਪਸ ਕਉ ਜੋ ਜਾਣੈ ਨੀਚਾ, ਸੋਊ ਗਨੀਐ ਸਭ ਤੇ ਊਚਾ।।”
ਗੁਰਬਾਣੀ ਦੀ ਇਹ ਤੱਕ ਸਾਨੂੰ ਜੀਵਨ ਦਾ ਸੂਖਮ ਭੇਦ ਵੀ ਸਮਝਾਉਂਦੀ ਹੈ। ਮਿੱਠਤ ਤੇ ਨਿਮਰਤਾ ਦੇ ਗੁਣ ਸੁੱਖਾਂ ਦਾ ਖਜ਼ਾਨਾ ਹਨ। ਇੱਕ ਚੰਗਾ ਇਨਸਾਨ ਬਣ ਕੇ ਆਦਰਸ਼ ਜੀਵਨ ਗੁਜ਼ਾਰਨ ਵਿੱਚ ਬੜਾ ਅਨੰਦ ਹੈ। ਇਸ ਨੂੰ ਉਹ ਹੀ ਸਮਝ ਸਕਦੇ ਹਨ ਜਿਨ੍ਹਾਂ ਵਿੱਚ ਇਹ ਗੁਣ ਹਨ। ਇਹੋ ਜਿਹੇ ਮਨੁੱਖ ਦੁਨੀਆਂ ਪਿੱਛੇ ਨਹੀਂ ਤੁਰਦੇ। ਉਨ੍ਹਾਂ ਪਿੱਛੇ ਦੁਨੀਆਂ ਤੁਰਦੀ ਹੈ।