ਮਾੜਾ ਬੰਦਾ : ਰਿਕਸ਼ਾ ਵਾਲਾ
ਪ੍ਰਸ਼ਨ. ‘ਮਾੜਾ ਬੰਦਾ’ ਕਹਾਣੀ ਦੇ ਪਾਤਰ ‘ਰਿਕਸ਼ੇ ਵਾਲੇ’ ਦਾ ਪਾਤਰ-ਚਿਤਰਨ 125 ਤੋਂ 150 ਸ਼ਬਦਾਂ ਵਿੱਚ ਕਰੋ।
ਉੱਤਰ : ਜਾਣ-ਪਛਾਣ : ਰਿਕਸ਼ੇ ਵਾਲਾ ‘ਮਾੜਾ ਬੰਦਾ’ ਕਹਾਣੀ ਦਾ ਮੁੱਖ ਪਾਤਰ ਹੈ। ਇਹ ਕਹਾਣੀ ਪ੍ਰਸਿੱਧ ਲੇਖਕ ‘ਪ੍ਰੇਮ ਪ੍ਰਕਾਸ਼’ ਦੀ ਲਿਖੀ ਹੋਈ ਹੈ। ਸਾਰੀ ਕਹਾਣੀ ਰਿਕਸ਼ੇ ਵਾਲੇ ਦੇ ਦੁਆਲੇ ਹੀ ਘੁੰਮਦੀ ਹੈ। ਉਹ ਗ਼ਰੀਬ ਤੇ ਦਿਹਾੜੀਦਾਰ ਇਨਸਾਨ ਹੈ।
ਗ਼ਰੀਬ : ਰਿਕਸ਼ੇ ਵਾਲੇ ਦੇ ਪਾਟੇ ਹੋਏ ਕੱਪੜਿਆਂ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਹੋਵੇਗਾ। ਉਸ ਦੀ ਕਮੀਜ਼ ‘ਤੇ ਹੋਰ ਰੰਗ ਦੀ ਟਾਕੀ ਲੱਗੀ ਹੋਈ ਸੀ। ਉਸ ਦੇ ਵਾਲ ਵੀ ਗੰਦੇ ਤੇ ਉਲਝੇ ਹੋਏ ਸਨ, ਜਿਨ੍ਹਾਂ ਨੂੰ ਵੇਖ ਕੇ ਦਿਲ ਖ਼ਰਾਬ ਹੁੰਦਾ ਸੀ।
ਝਗੜਾਲੂ : ਲੇਖਕ ਦੀ ਪਤਨੀ ਸਬਜ਼ੀ ਮੰਡੀ ਤੋਂ ਰਿਕਸ਼ੇ ’ਤੇ ਬੈਠੀ ਸੀ। ਉਸ ਨੇ ਬੈਠਣ ਵੇਲੇ ਦੋ ਰੁਪਏ ਕਿਰਾਇਆ ਤੈਅ ਕੀਤਾ ਸੀ, ਪਰ ਜਦੋਂ ਉਹ ਘਰ ਆ ਕੇ ਉੱਤਰੀ ਤਾਂ ਉਹ ਤਿੰਨ ਰੁਪਏ ਮੰਗਣ ਲੱਗ ਪਿਆ। ਉਹ ਕਹਿਣ ਲੱਗਾ ਕਿ ਤੁਹਾਡਾ ਘਰ ਬਹੁਤ ਦੂਰ ਹੈ ਤੇ ਸੜਕ ਵੀ ਟੁੱਟੀ ਹੋਈ ਸੀ, ਇਸ ਕਰ ਕੇ ਇੱਕ ਰੁਪਿਆ ਵੱਧ ਦਿਓ। ਲੇਖਕ ਦੀ ਪਤਨੀ ਨੇ ਦੋ ਰੁਪਏ ਹੀ ਦਿੱਤੇ ਤਾਂ ਉਸ ਨੇ ਚੁੱਕ ਕੇ ਵਗਾਹ ਮਾਰੇ। ਇਸ ਤੋਂ ਪਤਾ ਲੱਗਦਾ ਹੈ ਕਿ ਰਿਕਸ਼ੇ ਵਾਲਾ ਬਹੁਤ ਹੀ ਗ਼ੁੱਸੇਖ਼ੋਰ ਤੇ ਝਗੜਾਲੂ ਵਿਅਕਤੀ ਸੀ। ਜੇ ਕਿਤੇ ਉਹ ਪਿਆਰ ਨਾਲ ਬੇਨਤੀ ਕਰਦਾ ਤਾਂ ਲੇਖਕ ਦੀ ਪਤਨੀ ਨੇ ਉਸ ਨੂੰ ਆਰਾਮ ਨਾਲ ਬਿਨਾਂ ਸੋਚੇ ਹੀ ਇੱਕ ਰੁਪਿਆ ਵੱਧ ਦੇ ਦੇਣਾ ਸੀ।
ਮੂਰਖ : ਜਦੋਂ ਰਿਕਸ਼ੇ ਵਾਲਾ ਕਿੰਨਾ ਚਿਰ ਲੇਖਕ ਦੇ ਘਰ ਦੇ ਬਾਹਰ ਹੀ ਖੜ੍ਹਾ ਰਹਿੰਦਾ ਹੈ ਤਾਂ ਲੇਖਕ ਤੇ ਉਸ ਦੀ ਪਤਨੀ ਨੂੰ ਗ਼ੁੱਸਾ ਵੀ ਆਉਂਦਾ ਹੈ ਅਤੇ ਅੰਦਰੋਂ ਦੋਵੇਂ ਡਰ ਵੀ ਜਾਂਦੇ ਹਨ, ਪਰ ਜਦੋਂ ਉਨ੍ਹਾਂ ਦਾ ਬੇਟਾ ਦੱਸਦਾ ਹੈ ਕਿ ਕਿਸੇ ਸਵਾਰੀ ਨੇ ਉਸਨੂੰ ਕੰਪਨੀ ਬਾਗ਼ ਜਾਣ ਲਈ ਕਿਹਾ ਤਾਂ ਰਿਕਸ਼ੇ ਵਾਲੇ ਨੇ ਨਾਂਹ ਕਰ ਦਿੱਤੀ। ਹੁਣ ਲੇਖਕ ਨੂੰ ਉਹ ਮੂਰਖ ਜਾਪਣ ਲੱਗਾ, ਜੋ ਇੱਕ ਰੁਪਿਆ ਵੱਧ ਲੈਣ ਦੇ ਚੱਕਰ ਵਿੱਚ ਆਪਣਾ ਸਮਾਂ ਤੇ ਕਮਾਈ ਬਰਬਾਦ ਕਰ ਰਿਹਾ ਸੀ। ਇੱਕ ਘੰਟੇ ਵਿੱਚ ਉਹ ਪੰਜ ਰੁਪਏ ਹੋਰ ਕਮਾ ਸਕਦਾ ਸੀ।
ਜ਼ਬਾਨ ਦਾ ਕੱਚਾ : ਰਿਕਸ਼ੇ ਵਾਲਾ ਜ਼ਬਾਨ ਦਾ ਕੱਚਾ ਸੀ। ਜਦੋਂ ਲੇਖਕ ਦੀ ਪਤਨੀ ਨੇ ਬੈਠਣ ਤੋਂ ਪਹਿਲਾਂ ਉਸ ਨੂੰ ਘਰ ਦਾ ਪਤਾ ਵੀ ਦੱਸ ਦਿੱਤਾ ਸੀ ਤਾਂ ਉਹ ਦੋ ਰੁਪਏ ਵਿੱਚ ਮੰਨ ਗਿਆ ਸੀ, ਪਰ ਜਦੋਂ ਘਰ ਆ ਜਾਣ `ਤੇ ਲੇਖਕ ਦੀ ਪਤਨੀ ਰਿਕਸ਼ੇ ਤੋਂ ਉੱਤਰੀ ਤਾਂ ਉਹ ਤਿੰਨ ਰੁਪਏ ਦੀ ਮੰਗ ਕਰਨ ਲੱਗ ਪਿਆ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਜ਼ਬਾਨ ਦਾ ਪੱਕਾ ਨਹੀਂ ਸੀ।