ਮਹਾਰਾਜਾ ਰਣਜੀਤ ਸਿੰਘ ਦਾ ਸਥਾਨਕ ਪ੍ਰਬੰਧ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸਥਾਨਕ ਪ੍ਰਬੰਧ ‘ਤੇ ਨੋਟ ਲਿਖੋ।
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਸਥਾਨਕ ਪ੍ਰਸ਼ਾਸਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਅੱਗੇ ਲਿਖੀਆਂ ਹਨ :
1. ਪਰਗਨਿਆਂ ਦਾ ਸ਼ਾਸਨ ਪ੍ਰਬੰਧ : ਹਰ ਸੂਬੇ ਜਾਂ ਪ੍ਰਾਂਤ ਨੂੰ ਅੱਗੇ ਕਈ ਪਰਗਨਿਆਂ ਵਿੱਚ ਵੰਡਿਆ ਹੁੰਦਾ ਸੀ। ਪਰਗਨੇ ਦੇ ਮੁੱਖ ਅਧਿਕਾਰੀ ਨੂੰ ਕਾਰਦਾਰ ਕਹਿੰਦੇ ਸਨ। ਕਾਰਦਾਰ ਦੇ ਮੁੱਖ ਕੰਮ ਪਰਗਨੇ ਵਿੱਚ ਸ਼ਾਂਤੀ ਸਥਾਪਿਤ ਕਰਨਾ, ਮਹਾਰਾਜੇ ਦੇ ਹੁਕਮਾਂ ਦੀ ਪਾਲਣਾ ਕਰਵਾਉਣਾ, ਲਗਾਨ ਇਕੱਠਾ ਕਰਨਾ, ਲੋਕਾਂ ਦੇ ਹਿੱਤਾਂ ਦਾ ਖ਼ਿਆਲ ਰੱਖਣਾ ਅਤੇ ਦੀਵਾਨੀ ਤੇ ਫ਼ੌਜਦਾਰੀ ਮੁਕੱਦਮੇ ਸੁਣਨਾ ਸੀ। ਸੰਖੇਪ ਵਿੱਚ ਕਾਰਦਾਰਾਂ ਦੇ ਫ਼ਰਜ਼ ਅੱਜ-ਕਲ੍ਹ ਦੇ ਡਿਪਟੀ ਕਮਿਸ਼ਨਰ ਵਾਂਗ ਸਨ। ਕਾਨੂੰਨਗੋ ਅਤੇ ਮੁਕੱਦਮ ਕਾਰਦਾਰ ਦੀ ਸਹਾਇਤਾ ਕਰਦੇ ਸਨ।
2. ਪਿੰਡ ਦਾ ਪ੍ਰਬੰਧ : ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ ਜਿਸ ਨੂੰ ਉਸ ਸਮੇਂ ਮੌਜਾ ਕਹਿੰਦੇ ਸਨ। ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹੱਥ ਵਿੱਚ ਹੁੰਦਾ ਸੀ। ਪੰਚਾਇਤ ਪਿੰਡ ਦੇ ਲੋਕਾਂ ਦੀ ਦੇਖਭਾਲ ਕਰਦੀ ਸੀ ਅਤੇ ਉਨ੍ਹਾਂ ਦੇ ਛੋਟੇ-ਮੋਟੇ ਝਗੜਿਆਂ ਦਾ ਨਿਪਟਾਰਾ ਕਰਦੀ ਸੀ। ਲੋਕ ਪੰਚਾਇਤ ਦਾ ਬੜਾ ਮਾਣ ਕਰਦੇ ਸਨ ਅਤੇ ਉਸ ਦੇ ਫ਼ੈਸਲਿਆਂ ਨੂੰ ਜ਼ਿਆਦਾਤਰ ਲੋਕ ਪ੍ਰਵਾਨ ਕਰਦੇ ਸਨ। ਪਟਵਾਰੀ ਪਿੰਡਾਂ ਦੀ ਜ਼ਮੀਨ ਦਾ ਰਿਕਾਰਡ ਰੱਖਦਾ ਸੀ। ਚੌਧਰੀ ਲਗਾਨ ਉਗਰਾਹੁਣ ਵਿੱਚ ਕਾਰਦਾਰ ਦੀ ਸਹਾਇਤਾ ਕਰਦਾ ਸੀ। ਮਹਾਰਾਜਾ ਪਿੰਡ ਦੇ ਕੰਮਾਂ ਵਿੱਚ ਦਖਲ-ਅੰਦਾਜ਼ੀ ਨਹੀਂ ਕਰਦੇ ਸਨ।
3. ਲਾਹੌਰ ਸ਼ਹਿਰ ਦਾ ਪ੍ਰਬੰਧ : ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਪ੍ਰਬੰਧ ਹੋਰਨਾਂ ਸ਼ਹਿਰਾਂ ਨਾਲੋਂ ਵੱਖਰੇ ਢੰਗ ਨਾਲ ਕੀਤਾ ਜਾਂਦਾ ਸੀ। ਲਾਹੌਰ ਸ਼ਹਿਰ ਦਾ ਪ੍ਰਮੁੱਖ ਅਧਿਕਾਰੀ ‘ਕੋਤਵਾਲ’ ਹੁੰਦਾ ਸੀ। ਕੋਤਵਾਲ ਦੇ ਮੁੱਖ ਕੰਮ ਮਹਾਰਾਜੇ ਦੇ ਆਦੇਸ਼ਾਂ ਨੂੰ ਅਮਲੀ ਰੂਪ ਦੇਣਾ, ਸ਼ਹਿਰ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਣਾ, ਮੁਹੱਲੇਦਾਰਾਂ ਦੇ ਕੰਮਾਂ ਦੀ ਦੇਖ-ਭਾਲ ਕਰਨਾ, ਸ਼ਹਿਰ ਵਿੱਚ ਸਫ਼ਾਈ ਦਾ ਪ੍ਰਬੰਧ ਕਰਨਾ, ਸ਼ਹਿਰ ਵਿੱਚ ਆਉਣ ਵਾਲੇ ਵਿਦੇਸ਼ੀਆਂ ਦਾ ਵੇਰਵਾ ਰੱਖਣਾ, ਵਪਾਰ ਤੇ ਉਦਯੋਗ ਦੀ ਨਿਗਰਾਨੀ ਕਰਨਾ ਅਤੇ ਨਾਪ-ਤੋਲ ਦੀਆਂ ਚੀਜ਼ਾਂ ਦੀ ਪੜਤਾਲ ਕਰਨਾ ਆਦਿ ਸਨ।