ਮਨਜੀਤ – ਪਾਤਰ – ਦੂਜਾ ਵਿਆਹ (ਇਕਾਂਗੀ)
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਦਸਵੀਂ)
ਦੂਜਾ ਵਿਆਹ (ਇਕਾਂਗੀ) – ਸੰਤ ਸਿੰਘ ਸੇਖੋਂ
ਇਕਾਂਗੀ – ਦੂਜਾ ਵਿਆਹ ਦੇ ਪਾਤਰਾਂ ਦਾ ਪਾਤਰ ਚਿਤਰਨ ਕਰੋ ।
ਮਨਜੀਤ ਕੌਰ
ਮਨਜੀਤ ਸੰਤ ਸਿੰਘ ਸੇਖੋਂ ਦੇ ਇਕਾਂਗੀ ਨਾਟਕ ‘ਦੂਜਾ ਵਿਆਹ’ ਦੀ ਇੱਕ ਪ੍ਰਮੁੱਖ ਇਸਤਰੀ ਪਾਤਰ ਹੈ। ਇਹ ਗੁਰਦਿੱਤ ਸਿੰਘ ਤੇ ਨਿਹਾਲ ਕੌਰ ਦੇ ਬੇਟੇ ਸੁਖਦੇਵ ਦੀ ਪਤਨੀ ਹੈ। ਮਨਜੀਤ ਇੱਕ ਆਧੁਨਿਕ ਖ਼ਿਆਲਾਂ ਵਾਲੀ ਪੜ੍ਹੀ – ਲਿਖੀ ਮੁਟਿਆਰ ਹੈ।
ਸਿਆਣੀ ਮੁਟਿਆਰ – ਮਨਜੀਤ ਕੌਰ ਇੱਕ ਸਿਆਣੀ ਮੁਟਿਆਰ ਹੈ। ਉਹ ਆਪਣੀ ਸੱਸ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦੀ ਸਗੋਂ ਹਾਸੇ ਠੱਠੇ ਵਿੱਚ ਟਾਲ ਛੱਡਦੀ ਹੈ। ਉਹ ਆਪਣੀ ਸੱਸ ਦੇ ਬੁਰਾ ਭਲਾ ਕਹਿਣ ਤੇ ਵੀ ਉਸ ਨਾਲ ਆਦਰ ਨਾਲ ਪੇਸ਼ ਆਉਂਦੀ ਹੈ ਅਤੇ ਰਿਸ਼ਤੇ ਦੀ ਮਰਿਆਦਾ ਬਣਾਈ ਰੱਖਦੀ ਹੈ।
ਪਰਿਵਾਰ ਦੇ ਜੀਆਂ ਦੀ ਪਸੰਦ ਤੋਂ ਜਾਣੂ ਰਹਿਣ ਵਾਲੀ – ਆਪਣੇ ਸਹੁਰੇ ਘਰ ਦੇ ਸਾਰੇ ਜੀਆਂ ਦੀਆਂ ਆਦਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ, ਚਾਹੇ ਕਿ ਉਸ ਦੇ ਵਿਆਹ ਨੂੰ ਢਾਈ ਕੁ ਸਾਲ ਹੀ ਹੋਏ ਸਨ। ਉਹ ਜਾਣਦੀ ਸੀ ਕਿ ਉਸ ਦੇ ਸਹੁਰੇ ਨੂੰ ਖੜ੍ਹਵੀ ਭਾਜੀ ਪਸੰਦ ਹੈ ਅਤੇ ਨਿਹਾਲ ਕੌਰ ਨੂੰ ਉਸਨੂੰ ਮਿਹਣੇ ਮਾਰਨਾ।
ਪਿੰਡ ਦੀ ਇਸਤਰੀ ਸਭਾ ਦੀ ਮੈਂਬਰ – ਉਹ ਔਰਤਾਂ ਦੇ ਹੱਕਾਂ ਪ੍ਰਤੀ ਜਾਗਰੂਕ ਹੈ। ਇਸੇ ਕਾਰਨ ਹੀ ਪਿੰਡ ਵਿੱਚ ਬਣੀ ਇਸਤਰੀ ਸਭਾ ਦੀ ਮੈਂਬਰ ਵੀ ਹੈ। ਇਹ ਇਸਤਰੀ ਸਭਾ ਔਰਤਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਉਣ ਵਿੱਚ ਮਦਦ ਕਰਦੀ ਹੈ।
ਪੜ੍ਹਾਈ ਵਿੱਚ ਰੁੱਚੀ ਰੱਖਣ ਵਾਲੀ – ਉਸਨੂੰ ਪੜ੍ਹਨ ਦਾ ਸ਼ੌਂਕ ਹੈ। ਉਹ ਆਪਣੀ ਇਸ ਆਦਤ ਲਈ ਸੱਸ ਕੋਲੋਂ ਝਿੜਕ ਵੀ ਖਾਂਦੀ ਹੈ।
ਸੱਸ ਨਾਲ ਮਖੌਲ ਕਰਨ ਵਾਲੀ – ਉਹ ਆਪਣੀ ਸੱਸ ਨਿਹਾਲ ਕੌਰ ਨੂੰ ਜਾਣ ਬੁੱਝ ਕੇ ਹਾਸੇ ਠੱਠੇ ਲਈ ਪਰੇਸ਼ਾਨ ਵੀ ਕਰਦੀ ਹੈ। ਕਦੇ ਤਾਂ ਉਹ ਆਪਣੇ ਪਿਤਾ ਨੂੰ ਥਾਣੇਦਾਰ ਦੀ ਅਰਜ਼ੀ ਦੇਣ ਦਾ ,ਜ਼ਿਕਰ ਵੀ ਕਰਦੀ ਹੈ।
ਕਦੇ ਉਹ ਕਾਂ ਦੇ ਬੋਲਣ ਤੇ ਆਪਣੇ ਵੀਰ ਦੇ ਆਉਣ ਦੀ ਗੱਲ ਕਹਿ ਕੇ ਨਿਹਾਲ ਕੌਰ ਨੂੰ ਪਰੇਸ਼ਾਨ ਕਰਦੀ ਹੈ।
ਨਿਹਾਲ ਕੌਰ ਨੂੰ ਵੀ ਮੰਨਣਾ ਪੈਂਦਾ ਹੈ “ਮਖੌਲ ਕਰਨਾ ਬਥੇਰੇ ਜਾਣਦੀ ਹੈ।” ਦੂਜੇ ਵਿਆਹ ਦਾ ਡਰਾਵਾ ਦੇਣ ਵੇਲੇ ਉਹ ਆਪਣੀ ਸੱਸ ਨੂੰ ਕਹਿੰਦੀ ਹੈ – ਮੈਂ ਮਗਰੋਂ ਨਹੀਂ ਲਹਿਣ ਵਾਲੀ ਐਡੀ ਸੌਖੀ।
ਤੁਸੀਂ ਕਰੋ ਸਈ ਆਪਣੇ ਪੁੱਤਰ ਦਾ ਦੂਜਾ ਵਿਆਹ, ਮੈਂ ਤੁਹਾਡੇ ਦਰ ਤੇ ਸ਼ਹੀਦ ਹੋ ਕੇ ਨਾ ਮਰ ਜਾਵਾਂ। ਮਰਨ ਵਰਤ ਧਾਰ ਲਉਂ ਗਾਂਧੀ ਵਾਂਗੂੰ।”
ਪਤੀ ਦਾ ਕਹਿਣਾ ਮੰਨਣ ਵਾਲੀ – ਮਨਜੀਤ ਆਪਣੇ ਪਤੀ ਸੁਖਦੇਵ ਦਾ ਕਹਿਣਾ ਮੰਨਣ ਵਾਲੀ ਅਤੇ ਖਿਆਲ ਰੱਖਣ ਵਾਲੀ ਪਤਨੀ ਹੈ। ਉਹ ਸੁਖਦੇਵ ਦੇ ਨਹਾਉਣ ਲਈ ਪਾਣੀ ਭਰ ਕੇ ਰੱਖਦੀ ਹੈ। ਉਸ ਲਈ ਖਾਣਾ ਬਣਾ ਕੇ ਰੱਖਦੀ ਹੈ ਅਤੇ ਆਦਰ ਸਤਿਕਾਰ ਨਾਲ ਖਾਣਾ ਪਰੋਸਦੀ ਵੀ ਹੈ।
ਆਪਣੀ ਨਨਾਣ ਪ੍ਰਤੀ ਫ਼ਿਕਰਮੰਦ – ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਨਨਾਣ ਦਾ ਪਤੀ ਸ਼ਰਾਬ ਪੀ ਕੇ ਉਸਨੂੰ ਮਾਰਨ ਨੂੰ ਪੈਂਦਾ ਹੈ ਅਤੇ ਦੂਸਰੇ ਵਿਆਹ ਦੀਆਂ ਧਮਕੀਆਂ ਦਿੰਦਾ ਹੈ ਤਾਂ ਉਹ ਇਸਤਰੀ ਸਭਾ ਦੀ ਸਹਾਇਤਾ ਨਾਲ ਉਸਨੂੰ ਨਿਆਂ ਦਿਲਾਉਣ ਦੀ ਗੱਲ ਕਰਦੀ ਹੈ।