ਬੱਚਤ – ਪੈਰਾ ਰਚਨਾ
ਮਨੁੱਖੀ ਜੀਵਨ ਵਿਚ ਪੈਸੇ ਅਤੇ ਚੀਜ਼ਾਂ ਦੀ ਬੱਚਤ ਦੀ ਭਾਰੀ ਮਹਾਨਤਾ ਹੈ। ਭਾਰਤ ਵਰਗੇ ਗ਼ਰੀਬ ਦੇਸ਼ ਵਿਚ ਬੱਚਤ ਤੋਂ ਬਿਨਾਂ ਸਧਾਰਨ ਆਦਮੀ ਦਾ ਜੀਵਨ ਠੀਕ ਲੀਹ ਉੱਤੇ ਚਲਦਾ ਰਹਿ ਹੀ ਨਹੀਂ ਸਕਦਾ। ਬੱਚਤ ਦਾ ਫ਼ਾਇਦਾ ਨਿੱਜ ਨੂੰ ਤਾਂ ਹੁੰਦਾ ਹੀ ਹੈ, ਇਸ ਦੇ ਨਾਲ ਹੀ ਇਸ ਦਾ ਲਾਭ ਸਮੁੱਚੇ ਦੇਸ਼ ਨੂੰ ਵੀ ਪਹੁੰਚਦਾ ਹੈ। ਇਸੇ ਕਾਰਨ ਸਰਕਾਰ ਨੇ ਛੋਟੀਆਂ ਬੱਚਤਾਂ ਨੂੰ ਉਤਸ਼ਾਹ ਦੇਣ ਲਈ ਕੁੱਝ ਸਕੀਮਾਂ ਚਲਾਈਆਂ ਹੋਈਆਂ ਹਨ। ਸਾਡੇ ਦੇਸ਼ ਵਿਚ ਬਹੁਤੀ ਗਿਣਤੀ ਗ਼ਰੀਬ ਲੋਕਾਂ ਦੀ ਹੈ। ਉਨ੍ਹਾਂ ਦੀ ਰੋਜ਼ਾਨਾ ਜਾਂ ਮਹੀਨੇ – ਵਾਰ ਆਮਦਨ ਬਹੁਤੀ ਨਹੀਂ ਹੁੰਦੀ। ਉਨ੍ਹਾਂ ਲਈ ਤਾਂ ਆਪਣੀਆਂ ਸਧਾਰਨ ਲੋੜਾਂ ਦੇ ਖ਼ਰਚੇ ਪੂਰੇ ਕਰਨੇ ਔਖੇ ਹੁੰਦੇ ਹਨ, ਇਸ ਕਰਕੇ ਉਨ੍ਹਾਂ ਨੂੰ ਬੱਚਤ ਦੀ ਗੱਲ ਅਸੰਭਵ ਜਿਹੀ ਪ੍ਰਤੀਤ ਹੁੰਦੀ ਹੈ, ਪਰ ਜੇਕਰ ਉਹ ਥੋੜ੍ਹੀ ਬਹੁਤੀ ਬੱਚਤ ਦੀ ਆਦਤ ਪਾ ਲੈਣ ਤਾਂ ‘ਫੂਹੀ – ਫੂਹੀ ਤਾਲਾਬ ਭਰਨ’ ਵਾਂਗ ਉਨ੍ਹਾਂ ਕੋਲ ਚੋਖੀ ਰਕਮ ਜੁੜ ਸਕਦੀ ਹੈ, ਜੋ ਔਖੇ ਸਮੇਂ ਉਨ੍ਹਾਂ ਦੇ ਕੰਮ ਆ ਸਕਦੀ ਹੈ। ਜੇਕਰ ਉਨ੍ਹਾਂ ਨੇ ਅਜਿਹੀ ਬੱਚਤ ਨਹੀਂ ਕੀਤੀ ਹੋਵੇਗੀ ਤਾਂ ਕਿਸੇ ਮੁਸੀਬਤ ਕਾਰਨ ਸਿਰ ਪਿਆ ਖ਼ਰਚਾ ਉਨ੍ਹਾਂ ਨੂੰ ਪਰੇਸ਼ਾਨ ਕਰ ਕੇ ਰੱਖ ਦੇਵੇਗਾ। ਗ਼ਰੀਬ ਆਦਮੀ ਚਾਹ ਦਾ ਕੱਪ ਪੀ ਕੇ ਜਾਂ ਬਿਲਕੁਲ ਨਾ ਪੀ ਕੇ ਹਫ਼ਤੇ ਵਿਚ ਇਕ ਡੰਗ ਦੀ ਰੋਟੀ ਦਾ ਵਰਤ ਰੱਖ ਕੇ ਬੱਚਤ ਕਰ ਸਕਦਾ ਹੈ। ਉਂਞ ਬੱਚਤ ਕਰਨ ਦੀ ਆਦਤ ਹਰ ਆਦਮੀ ਨੂੰ ਪਾਉਣੀ ਚਾਹੀਦੀ ਹੈ। ਇਹ ਠੀਕ ਹੈ ਕਿ ਅੱਜ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਕੱਲ੍ਹ ਦਾ ਕੁੱਝ ਪਤਾ ਨਹੀਂ। ਇਸ ਕਰਕੇ ਕੱਲ੍ਹ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਟਾਕਰਾ ਕਰਨ ਲਈ ਅੱਜ ਦੇ ਖਰਚਿਆਂ ਵਿੱਚੋਂ ਕੁੱਝ ਨਾ ਕੁੱਝ ਧਨ ਜ਼ਰੂਰ ਬਚਾਉਣਾ ਚਾਹੀਦਾ ਹੈ। ਅਸੀਂ ਆਪਣੇ ਘਰ ਦੇ ਖਰਚਿਆਂ ਦਾ ਬਜਟ ਬਣਾ ਕੇ ਬਿਜਲੀ ਤੇ ਪਾਣੀ ਦੀ ਵਰਤੋਂ ਵਿਚ ਸਾਵਧਾਨੀ ਵਰਤ ਕੇ ਵਿਆਹ ਤੇ ਹੋਰਨਾਂ ਸਮਾਜਿਕ ਰਸਮਾਂ, ਉੱਪਰ ਫਜ਼ੂਲ ਖਰਚਿਆਂ ਨੂੰ ਘਟਾ ਕੇ, ਲੋੜੀਂਦੀਆਂ ਚੀਜ਼ਾਂ ਤੋਂ ਵੱਧ ਚੀਜ਼ਾਂ ਨਾ ਖਰੀਦ ਕੇ, ਬੱਚਿਆਂ ਨੂੰ ਜੇਬ – ਖ਼ਰਚ ਵਿੱਚੋਂ ਬੱਚਤ ਕਰਨ ਦੀ ਆਦਤ ਪਾ ਕੇ ਕਾਫ਼ੀ ਬੱਚਤ ਕਰ ਸਕਦੇ ਹਾਂ। ਬੱਚਤਾਂ ਨਾਲ ਜਦੋਂ ਸਾਡੇ ਕੋਲ ਕੁੱਝ ਰਕਮ ਇਕੱਠੀ ਹੋ ਜਾਂਦੀ ਹੈ ਤਾਂ ਅਸੀਂ ਭਵਿੱਖ ਵਿਚ ਪੈਸੇ – ਧੇਲੇ ਦੀ ਚਿੰਤਾ ਤੋਂ ਮੁਕਤ ਹੋ ਸਕਦੇ ਹਾਂ। ਸਾਡੇ ਵਿਚ ਆਤਮ – ਵਿਸ਼ਵਾਸ ਪੈਦਾ ਹੁੰਦਾ ਹੈ, ਜੋ ਕਿ ਸਾਡੀ ਆਤਮਾ ਵਿਚ ਖੇੜਾ ਲਿਆਉਂਦੇ ਹਾਂ।