EducationKidsNCERT class 10th

ਬੇਬੇ ਰਾਮ ਭਜਨੀ – ਪ੍ਰੋ. ਆਈ. ਸੀ. ਨੰਦਾ

ਸਾਹਿਤਕ ਰੰਗ – 2
ਜਮਾਤ ਦਸਵੀਂ

ਪ੍ਰਸ਼ਨ 1. ਰਾਮ ਭਜਨੀ ਕੌਣ ਹੈ ?
ਉੱਤਰ – ਬੇਬੇ ਰਾਮ ਭਜਨੀ ਇੱਕ ਧਾਰਮਿਕ ਵਿਚਾਰਾਂ ਵਾਲੀ ਔਰਤ ਹੈ। ਪਰ ਉਸਦਾ ਪਤੀ ਸ਼ਰਾਬੀ ਅਤੇ ਜੂਏਬਾਜ਼ ਹੈ। ਉਹ ਪੂਜਾ – ਪਾਠ ਵਿਚ ਵਿਸ਼ਵਾਸ ਕਰਦੀ ਹੈ। ਉਹ ਆਪਣੇ ਪਤੀ ਸ਼ਾਮਦਾਸ ਦੀਆਂ ਬੁਰੀਆਂ ਆਦਤਾਂ ਤੋਂ ਦੁਖੀ ਹੈ।
ਪ੍ਰਸ਼ਨ 2 . ਪਾਂਧੇ ਨੂੰ ਰਾਮ ਭਜਨੀ ਕੋਲ ਕੌਣ ਲੈ ਕੇ ਆਉਂਦਾ ਹੈ ?
ਉੱਤਰ – ਪਾਂਧੇ ਨੂੰ ਰਾਮ ਭਜਨੀ ਕੋਲ ਗੁਆਂਢਣ ਲੈ ਕੇ ਆਉਂਦੀ ਹੈ।
ਪ੍ਰਸ਼ਨ 3. ਰਾਮ ਭਜਨੀ ਨੂੰ ‘ਦੁਸ਼ਾਲਾ’ ਦਾਨ ਕਰਨ ਲਈ ਕੌਣ ਆਖਦਾ ਹੈ ?
ਉੱਤਰ – ਰਾਮ ਭਜਨੀ ਨੂੰ ‘ਦੁਸ਼ਾਲਾ’ ਦਾਨ ਕਰਨ ਲਈ ਸਾਧੂ ਆਖਦਾ ਹੈ ।
ਪ੍ਰਸ਼ਨ 4 . ਵਕੀਲ ਨੇ ਪਾਂਧੇ ਨੂੰ ਕਿਉਂ ਬੁਲਾਇਆ ਸੀ ?
ਉੱਤਰ – ਵਕੀਲ ਦੇ ਘਰ ਮੁੰਡਾ ਹੋਇਆ ਸੀ ਤੇ ਉਨ੍ਹਾਂ ਨੇ ਪਾਂਧੇ ਨੂੰ ਟੇਵਾ ਲਵਾਉਣ ਲਈ ਸੱਦਿਆ ਸੀ।
ਪ੍ਰਸ਼ਨ 5 . ਰਾਮ ਭਜਨੀ ਨੇ ਰੇਸ਼ਮੀ ਕੁੜਤੇ ਕਿਸ ਲਈ ਰੱਖੇ ਸਨ ?
ਉੱਤਰ – ਰਾਮ ਭਜਨੀ ਨੇ ਰੇਸ਼ਮੀ ਕੁੜਤੇ ਆਪਣੀ ਧੀ ਲਈ ਰੱਖੇ ਹੋਏ ਸਨ।
ਪ੍ਰਸ਼ਨ 6 . ਅੰਮ੍ਰਿਤਸਰ ਤੋਂ ਕੌਣ ਆਇਆ ਸੀ ?
ਉੱਤਰ – ਅੰਮ੍ਰਿਤਸਰ ਤੋਂ ਦੋ ਜੁਆਰੀਏ ਆਏ ਸਨ ਅਤੇ ਦੋਵੇਂ ਬੜੇ ਉਸਤਾਦ ਸਨ।
ਪ੍ਰਸ਼ਨ 7 ਸ਼ਾਮ ਦਾਸ, ਰਾਮ ਭਜਨੀ ਤੋਂ ਕਿਸ ਚੀਜ਼ ਦੀ ਮੰਗ ਕਰਦਾ ਹੈ ?
ਉੱਤਰ – ਸ਼ਾਮ ਦਾਸ, ਰਾਮ ਭਜਨੀ ਤੋਂ ਚੂੜੀਆਂ ਦੀ ਮੰਗ ਕਰਦਾ ਹੈ।
ਪ੍ਰਸ਼ਨ 8 . ‘ਮੈਂ ਹਰ ਪਾਸਿਉਂ ਲੁੱਟਿਆ ਗਿਆ। ਓਇ, ਮੈਂ ਕੀ ਕਰਾਂ’ , ਇਹ ਕੌਣ ਤੇ ਕਿਉਂ ਬੋਲਦਾ ਹੈ ? ਉੱਤਰ 100 ਸ਼ਬਦਾਂ ਵਿਚ ਲਿਖੋ।
ਉੱਤਰ – ਇਹ ਸ਼ਬਦ ਰਾਮ ਭਜਨੀ ਦਾ ਪਤੀ ਸ਼ਾਮ ਦਾਸ ਬੋਲਦਾ ਹੈ ਕਿਉਂਕਿ ਇਕਾਂਗੀ ਦੇ ਅੰਤ ਵਿੱਚ ਜਦੋਂ ਉਸਨੂੰ ਪਤਾ ਲਗਦਾ ਹੈ ਕਿ ਉਸ ਦੀ ਪਤਨੀ ਨੇ ਉਸਦੇ ਪੁੱਛੇ ਬਗੈਰ ਹੀ ਘਰ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਸਾਧੂ ਤੇ ਪਾਂਧੇ ਨੂੰ ਦਾਨ ਵਜੋਂ ਦੇ ਦਿੱਤੀਆਂ ਹਨ ਤਾਂ ਉਸ ਨੂੰ ਬਹੁਤ ਦੁੱਖ ਲਗਦਾ ਹੈ ਤੇ ਫਿਰ ਜਦੋਂ ਉਸਦੀ ਪਤਨੀ ਵੀ ਘਰ ਛੱਡ ਕੇ ਚਲੀ ਜਾਂਦੀ ਹੈ ਤਾਂ ਉਹ ਘਬਰਾਇਆ ਹੋਇਆ ਇਹ ਸ਼ਬਦ ਬੁੜਬੁੜਾਉਂਦਾ ਹੈ।
ਪ੍ਰਸ਼ਨ 9 . ‘ਬੇਬੇ ਰਾਮ ਭਜਨੀ’ ਇਕਾਂਗੀ ਦੇ ਵਿਸ਼ੇ – ਵਸਤੂ ਬਾਰੇ ਜਾਣਕਾਰੀ ਦਿਓ ।
ਉੱਤਰ – ‘ਬੇਬੇ ਰਾਮ ਭਜਨੀ’ ਇਕਾਂਗੀ ਦਾ ਵਿਸ਼ਾ ਸਧਾਰਨ ਲੋਕਾਂ ਦੀ ਧਾਰਮਿਕ ਮਾਨਸਿਕਤਾ ਦੇ ਨਾਲ- ਨਾਲ ਸਮਾਜਕ ਬੁਰਾਈਆਂ ‘ਤੇ ਆਧਾਰਿਤ ਹੈ।
ਆਈ. ਸੀ. ਨੰਦਾ ਇਕਾਂਗੀ ਦੀ ਮੁੱਖ ਪਾਤਰ ਬੇਬੇ ਰਾਮ ਭਜਨੀ ਰਾਂਹੀ ਦੱਸਦਾ ਹੈ ਕਿ ਧਾਰਮਿਕ ਖਿਆਲਾਂ ਵਾਲੇ ਕੁਝ ਲੋਕ ਦਾਨ- ਪੁੰਨ ਰਾਹੀਂ ਆਪਣੀ ਤੇ ਆਪਣੇ ਪਰਿਵਾਰ ਦੀ ਭਲਾਈ ਬਾਰੇ ਸੋਚਦੇ ਹਨ ਜਦਕਿ ਪਾਂਧੇ ਅਤੇ ਸਾਧੂ ਵਰਗੇ ਧਾਰਮਿਕ ਸੰਕਲਪ ਦੇ ਨਾਂ ‘ਤੇ ਭੋਲੇ – ਭਾਲੇ ਲੋਕਾਂ ਦੀ ਲੁੱਟ ਕਰਦੇ ਹਨ। ਇਸੇ ਤਰ੍ਹਾਂ ਰਾਮ ਭਜਨੀ ਦੇ ਪਤੀ ਰਾਹੀਂ ਸ਼ਰਾਬੀ ਤੇ ਜੁਆਰੀਆਂ ਦੇ ਹੁੰਦੇ ਹਸ਼ਰ ਨੂੰ ਵੀ ਦਰਸਾਇਆ ਹੈ।
ਪ੍ਰਸ਼ਨ 10 . ਬੇਬੇ ਰਾਮ ਭਜਨੀ ਦਾ ਚਰਿੱਤਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ – ਬੇਬੇ ਰਾਮ ਭਜਨੀ ਇਕਾਂਗੀ ਦੀ ਮੁੱਖ ਪਾਤਰ ਹੈ, ਜੋ ਅੱਧਖੜ ਉਮਰ ਦੀ, ਧਾਰਮਿਕ ਖ਼ਿਆਲਾਂ ਵਾਲੀ , ਪੂਜਾ – ਪਾਠ ਤੇ ਦਾਨ- ਪੁੰਨ ‘ਚ ਵਿਸ਼ਵਾਸ ਰੱਖਣ ਵਾਲੀ ਔਰਤ ਹੈ। ਉਹ ਆਪਣੇ ਸ਼ਰਾਬੀ ਤੇ ਜੁਆਰੀਏ ਪਤੀ ਹੱਥੋਂ ਸਤਾਈ ਹੋਈ ਹੈ। ਉਸਦਾ ਇੱਕ ਪੁੱਤਰ ਸੀ, ਜੋ ਕਿ ਬਚਪਨ ਵਿੱਚ ਹੀ ਮਰ ਗਿਆ ਸੀ। ਇਸਲਈ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਹੈ। ਗੁੱਸੇ ‘ਚ ਆ ਕੇ ਉਹ ਆਪਣੇ ਪਤੀ ਤੇ ਉਸਦੇ ਜੁਆਰੀ ਦੋਸਤਾਂ ਨੂੰ ਵੀ ਖਰੀਆਂ – ਖਰੀਆਂ ਸੁਣਾਉਂਦੀ ਹੈ।
ਪ੍ਰਸ਼ਨ 11 . ਬੇਬੇ ਰਾਮ ਭਜਨੀ ਆਪਣੇ ਪਤੀ ਤੋਂ ਕਿਉਂ ਦੁਖੀ ਹੈ ?
ਉੱਤਰ – ਬੇਬੇ ਰਾਮ ਭਜਨੀ ਆਪਣੇ ਪਤੀ ਤੋਂ ਇਸਲਈ ਦੁਖੀ ਹੈ, ਕਿਉਂਕਿ ਉਹ ਸ਼ਰਾਬੀ ਵੀ ਹੈ ਤੇ ਜੁਆਰੀਆ ਵੀ। ਉਹ ਕੋਈ ਕੰਮ – ਕਾਰ ਨਹੀਂ ਕਰਦਾ ਤੇ ਜੁਆਰੀਆਂ ਨਾਲ ਮਿਲਕੇ ਜੂਆ ਖੇਡਦਾ ਹੈ। ਉਹ ਘਰ ਦੀਆਂ ਚੀਜ਼ਾਂ ਵੇਚ ਦਿੰਦਾ ਹੈ। ਉਸਨੂੰ ਹਰ ਵੇਲੇ ਇਹੋ ਚਿੰਤਾ ਸਤਾਉਂਦੀ ਰਹਿੰਦੀ ਹੈ ਕਿ ਇੱਕ ਨਾ ਇੱਕ ਦਿਨ ਉਸਨੇ ਘਰ ਦੀਆਂ ਸਾਰੀਆਂ ਚੀਜ਼ਾਂ ਜੂਏ ਵਿੱਚ ਹਰਾ ਦੇਣੀਆਂ ਹਨ ਤੇ ਉਸ ਨੇ ਆਪ ਵੀ ਨਹੀਂ ਸੁਧਰਨਾ ਤੇ ਨਾ ਹੀ ਉਸਨੇ ਉਸਦੀ ਕੋਈ ਪਰਵਾਹ ਹੀ ਕਰਨੀ ਹੈ।
ਪ੍ਰਸ਼ਨ 12 . ਇਕਾਂਗੀ ਵਿੱਚ ਆਏ ਸਾਧੂ ਦੇ ਸੁਭਾਅ ਬਾਰੇ ਜਾਣਕਾਰੀ ਦਿਓ।
ਉੱਤਰ – ਇਕਾਂਗੀ ਵਿੱਚ ਆਏ ਸਾਧੂ ਦੇ ਸੁਭਾਅ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਅਤਿ ਦਾ ਲਾਲਚੀ ਹੈ ਤੇ ਭੋਲੇ – ਭਾਲੇ ਲੋਕਾਂ ਦੀ ਮਾਨਸਿਕਤਾ ਦਾ ਫਾਇਦਾ ਉਠਾ ਕੇ ਉਨ੍ਹਾਂ ਦੀ ਲੁੱਟ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਉਹ ਰਾਮ ਭਜਨੀ ਤੋਂ ਦੁਸ਼ਾਲੇ ਦੀ ਮੰਗ ਕਰਦਾ ਹੈ। ਫਿਰ ਉਸ ਤੋਂ ਬਰਤਨ ਦੀ ਮੰਗ ਕਰਦਾ ਹੈ ਤੇ ਉਹ ਗੜਵਾ ਦਿੰਦੀ ਹੈ। ਫਿਰ ਉਹ ਸੰਖ ਵਿਚਲੀ ਮੋਰੀ ਭਰਾਉਣ ਲਈ ਸੋਨੇ ਦੀ ਮੰਗ ਕਰਦਾ ਹੈ ਤੇ ਉਹ ਆਪਣੀਆਂ ਸੋਨੇ ਦੀਆਂ ਵਾਲੀਆਂ ਦੇ ਦਿੰਦੀ ਹੈ।
ਪ੍ਰਸ਼ਨ 13 . ਦਾਨ ਪੁੰਨ ਦੇ ਨਾਂ ਤੇ ਪਾਂਧਾ ਬੇਬੇ ਰਾਮ ਭਜਨੀ ਨਾਲ ਕੀ ਵਾਰਤਾਲਾਪ ਕਰਦਾ ਹੈ ?
ਉੱਤਰ – ਪਾਂਧਾ ਰਾਮ ਭਜਨੀ ਦੀ ਤਾਰੀਫ਼ ਕਰਦਾ ਹੋਇਆ ਕਹਿੰਦਾ ਹੈ ਕਿ ਇੱਕ ਭਗਰ ਨਾਲ ਸੈਂਕੜੇ ਪਾਪੀ ਵੀ ਤਰ ਜਾਂਦੇ ਹਨ। ਫਿਰ ਰਾਮ ਭਜਨੀ ਇਹ ਕਹਿੰਦੀ ਹੈ ਕਿ ਉਸਦਾ ਜੀਅ ਕਰਦਾ ਹੈ ਕਿ ਭਰਿਆ – ਭਰਾਇਆ ਸਾਰਾ ਘਰ ਹੀ ਦਾਨ ਕਰ ਦੇਵੇ। ਪਰ ਉਸਨੂੰ ਆਪਣੇ ਪਤੀ ਕੋਲੋਂ ਵੀ ਡਰ ਲਗਦਾ ਹੈ ਤਾਂ ਪਾਂਧਾ ਅੱਗੋਂ ਕਹਿੰਦਾ ਹੈ ਕਿ ਦਾਨ ਕਰਨ ਲੱਗਿਆਂ ਸੋਚਾਂ ਵਿੱਚ ਨਹੀਂ ਪਈਦਾ। ਮਨ ਜ਼ਰਾ ਵੀ ਡੋਲ ਜਾਵੇ ਤਾਂ ਕੀਤਾ ਕਰਾਇਆ ਖੂਹ ਵਿੱਚ ਪੈ ਜਾਂਦਾ ਹੈ।
ਪ੍ਰਸ਼ਨ 14 . ਰਾਮ ਭਜਨੀ ਨੇ ਪਾਂਧੇ ਨੂੰ ਦਾਨ ਵਿੱਚ ਕੀ ਕੁੱਝ ਦਿੱਤਾ ਤੇ ਪਾਂਧੇ ਨੇ ਕੀ ਕਿਹਾ ?
ਉੱਤਰ – ਰਾਮ ਭਜਨੀ ਨੇ ਪਾਂਧੇ ਨੂੰ ਦਾਨ ਵਿੱਚ ਸਭ ਤੋਂ ਪਹਿਲਾਂ ਦੋ ਗਾਗਰਾਂ ਦਿੱਤੀਆਂ। ਜਿਸ ‘ਤੇ ਪਾਂਧੇ ਨੇ ਮੰਤਰ ਪੜ੍ਹੇ ਤੇ ਫਿਰ ਪੁੱਛਦਾ ਹੈ ਹੋਰ ਕੀ ਏ ਦਾਨ ਕਰਨ ਵਾਲਾ ਤਾਂ ਉਹ ਚਾਦਰਾਂ ਦਾ ਜੋੜਾ ਤੇ ਦੋ ਰੇਸ਼ਮੀ ਕੁੜਤੇ ਫੜਾਉਂਦੀ ਹੈ। ਉਹ ਵੀ ਮੰਤਰ ਪੜ੍ਹ ਕੇ ਸਵੀਕਾਰ ਕਰ ਲੈਂਦਾ ਹੈ। ਫਿਰ ਉਹ ਉਸਨੂੰ ਗਹਿਣਿਆਂ ਵਾਲਾ ਡੱਬਾ ਦਿੰਦੀ ਹੈ, ਜਿਸ ਵਿੱਚ ਬੁਘਤੀਆਂ, ਚੌਕ, ਫੁੱਲ , ਪੌਚੀਆਂ ਵਾਲੀਆਂ ਤੇ ਨੱਥ ਸੀ। ਪਾਂਧਾ ‘ਧਨ ਜਿਗਰਾ’ ਕਹਿ ਕੇ ਉਸਦੀ ਤਾਰੀਫ਼ ਕਰਦਾ ਹੈ।
ਪ੍ਰਸ਼ਨ 15 . ਸਾਧੂ ਦੇ ਚਲੇ ਜਾਣ ਤੋਂ ਬਾਅਦ ਰਾਮ ਭਜਨੀ ਦੇ ਮਨ ਦੀ ਹਾਲਤ ਕਿਹੋ ਜਿਹੀ ਹੋ ਜਾਂਦੀ ਹੈ ?
ਉੱਤਰ – ਸਾਧੂ ਦੇ ਚਲੇ ਜਾਣ ਤੋਂ ਬਾਅਦ ਰਾਮ ਭਜਨੀ ਦੇ ਮਨ ਦੀ ਹਾਲਤ ਦੁਚਿੱਤੀ ਵਾਲੀ ਹੋ ਜਾਂਦੀ ਹੈ। ਉਹ ਦਾਨ ਵਿੱਚ ਦਿੱਤੀਆਂ ਵਸਤਾਂ ਬਾਰੇ ਸੋਚ ਕੇ ਇਕਦਮ ਘਬਰਾ ਜਾਂਦੀ ਹੈ ਤੇ ‘ਹਾਏ ਵਾਲੀਆਂ’ , ਹਾਏ ਦੁਸ਼ਾਲਾ ! ਕਹਿੰਦੀ ਹੋਈ ਫਿਰ ਸੋਚਦੀ ਹੈ ਕਿ ਸਭ ਕੁਝ ਤਾਂ ਰਾਮ ਦਾ ਹੀ ਸੀ। ਮੇਰਾ ਕੀ ਸੀ। ਮੇਰਾ ਤਾਂ ਹੁਣ ਦੁਨਿਆਵੀ ਵਸਤਾਂ ਨਾਲ ਕੋਈ ਮੋਹ ਹੀ ਨਹੀਂ ਰਹਿ ਗਿਆ। ਮੈਨੂੰ ਕਾਹਦਾ ਪਛਤਾਵਾ ਲੱਗ ਗਿਆ। ਲੋਕੀ ਤਾਂ ਹਜ਼ਾਰਾਂ ਰੁਪਏ ਦਾਨ ਦਿੰਦੇ ਹਨ, ਮਨਾਂ ਤੈਨੂੰ ਕੀ ਹਿਰਖ ਲੱਗ ਗਿਆ।
ਪ੍ਰਸ਼ਨ 16 . ਬੇਬੇ ਰਾਮ ਭਜਨੀ ਗੁਆਂਢਣ ਨੂੰ ਇਹ ਕਿਉਂ ਕਹਿੰਦੀ ਹੈ ਕਿ ਉਹ ਕਿਸੇ ਸਾਧੂ ਜਾਂ ਪਾਂਧੇ ਨੂੰ ਘਰ ਬੁਲਾ ਕੇ ਲਿਆਵੇ ?
ਉੱਤਰ – ਰਾਮ ਭਜਨੀ ਗੁਆਂਢਣ ਨੂੰ ਇਸ ਲਈ ਕਹਿੰਦੀ ਹੈ ਕਿ ਉਹ ਕਿਸੇ ਸਾਧੂ ਜਾਂ ਪਾਂਧੇ ਨੂੰ ਬੁਲਾ ਕੇ ਲਿਆਵੇ ਕਿਉਂਕਿ ਉਹ ਆਪਣੇ ਪਤੀ ਦੀਆਂ ਬੁਰੀਆਂ ਆਦਤਾਂ ਤੋਂ ਬਹੁਤ ਦੁਖੀ ਹੁੰਦੀ ਹੈ। ਉਸਨੂੰ ਡਰ ਹੈ ਕਿ ਉਹ ਘਰ ਦੀਆਂ ਸਾਰੀਆਂ ਚੀਜ਼ਾਂ ਜੂਏ ਵਿੱਚ ਹਾਰ ਜਾਏਗਾ। ਨਿਰਾਸ਼ਾ ਵਿੱਚ ਘਿਰੀ ਹੋਈ ਰਾਮ ਭਜਨੀ ਆਪਣੀ ਗੁਆਂਢਣ ਨਾਲ ਸਾਰੀ ਗੱਲ ਸਾਂਝੀ ਕਰਦੀ ਹੈ। ਸੋਚਦੀ ਹੈ ਕਿ ਇਸ ਨਾਲੋਂ ਚੰਗਾ ਹੈ ਕਿ ਸਾਰੀਆਂ ਚੀਜ਼ਾਂ ਦਾਨ- ਪੁੰਨ ਕਰ ਦਿੱਤੀਆਂ ਜਾਣ ਤੇ ਆਪ ਵੈਰਾਗਣ ਬਣ ਜਾਵੇ।
ਪ੍ਰਸ਼ਨ 17 . ਬੇਬੇ ਰਾਮ ਭਜਨੀ ਕਿਹੜੇ ਭਗਵਾਨ ਦਾ ਨਾਂ ਜਪਦੀ ਰਹਿੰਦੀ ਹੈ ?
ਉੱਤਰ – ਬੇਬੇ ਰਾਮ ਭਜਨੀ ਸ਼੍ਰੀ ਰਾਮ ਭਗਵਾਨ ਦਾ ਨਾਂ ਜਪਦੀ ਰਹਿੰਦੀ ਹੈ ।
ਪ੍ਰਸ਼ਨ 18 . ਸ਼ਾਮਦਾਸ ਜੁਆ ਖੇਡਣ ਵੇਲੇ ਕਿਹੜੇ ਭਗਵਾਨ ਦਾ ਨਾਂ ਜਪਦਾ ਹੈ ?
ਉੱਤਰ – ਸ਼ਾਮਦਾਸ ਜੁਆ ਖੇਡਣ ਵੇਲੇ ਹਨੂੰਮਾਨ ਭਗਵਾਨ ਦਾ ਨਾਂ ਜਪਦਾ ਹੈ ।
ਪ੍ਰਸ਼ਨ 19 . ਬੇਬੇ ਸਾਧੂ ਨੂੰ ਕਿਹੜਾ ਬਰਤਨ ਦਾਨ ਕਰਦੀ ਹੈ ?
ਉੱਤਰ – ਬੇਬੇ ਸਾਧੂ ਨੂੰ ਗੜਵਾ ਦਾਨ ਕਰਦੀ ਹੈ ।
ਪ੍ਰਸ਼ਨ 20 . ਅੰਮ੍ਰਿਤਸਰੋਂ ਆਏ ਜੁਆਰੀਏ ਨੇ ਕਿਸ ਨੂੰ ਬਰਬਾਦ ਕਰ ਦਿੱਤਾ ਸੀ ?
ਉੱਤਰ – ਅੰਮ੍ਰਿਤਸਰੋਂ ਆਏ ਜੁਆਰੀਏ ਨੇ ਹਰੀ ਰਾਮ ਨੂੰ ਬਰਬਾਦ ਕਰ ਦਿੱਤਾ ਸੀ ।
ਪ੍ਰਸ਼ਨ 21 . ਸ਼ਾਮਦਾਸ ਨਾਲ ਆਏ ਜੁਆਰੀਆਂ ਵਿੱਚ ਇੱਕ ਕਿਸਦਾ ਪੁੱਤਰ ਸੀ ?
ਉੱਤਰ – ਸ਼ਾਮਦਾਸ ਨਾਲ ਆਏ ਜੁਆਰੀਆਂ ਵਿੱਚ ਇੱਕ ਪਾਂਧੇ ਦਾ ਪੁੱਤਰ ਸੀ ।
ਪ੍ਰਸ਼ਨ 22 . ਅੰਬਰਸਰੀਏ ਜੁਆਰੀਏ ਕਿਸ ਤਿਉਹਾਰ ‘ਤੇ ਹਰੀ ਰਾਮ ਨੂੰ ਕੰਗਾਲ ਕਰ ਦਿੰਦੇ ਹਨ ?
ਉੱਤਰ – ਅੰਬਰਸਰੀਏ ਜੁਆਰੀਏ ਦੀਵਾਲੀ ‘ਤੇ ਹਰੀ ਰਾਮ ਨੂੰ ਕੰਗਾਲ ਕਰ ਦਿੰਦੇ ਹਨ ।
ਪ੍ਰਸ਼ਨ 23 . ਬੇਬੇ ਰਾਮ ਭਜਨੀ ਘਰ ਤਿਆਗ ਕੇ ਕਿੱਥੇ ਜਾਣਾ ਚਾਹੁੰਦੀ ਸੀ ?
ਉੱਤਰ – ਬੇਬੇ ਰਾਮ ਭਜਨੀ ਘਰ ਤਿਆਗ ਕੇ ਤੀਰਥ ਸਥਾਨਾਂ ਤੇ ਜਾਣਾ ਚਾਹੁੰਦੀ ਸੀ ।
ਪ੍ਰਸ਼ਨ 24 . ਸਾਧੂ ਬੇਬੇ ਕੋਲੋਂ ਕਿਹੜਾ ਗਹਿਣਾ ਠੱਗ ਕੇ ਲੈ ਜਾਂਦਾ ਹੈ ?
ਉੱਤਰ – ਸਾਧੂ ਬੇਬੇ ਕੋਲੋਂ ਵਾਲੀਆਂ ਠੱਗ ਕੇ ਲੈ ਜਾਂਦਾ ਹੈ ।
ਪ੍ਰਸ਼ਨ 25 . ਸ਼ਾਮਦਾਸ ਜੂਏ ਵਿੱਚ ਕਿੰਨੀਆਂ ਚੂੜੀਆਂ ਦਾਅ ਤੇ ਲਗਾਉਂਦਾ ਹੈ ?
ਉੱਤਰ – ਸ਼ਾਮਦਾਸ ਜੂਏ ਵਿੱਚ ਤਿੰਨ ਚੂੜੀਆਂ ਦਾਅ ਤੇ ਲਗਾਉਂਦਾ ਹੈ ।
ਪ੍ਰਸ਼ਨ 26 . ਬੇਬੇ ਪਾਂਧੇ ਨੂੰ ਕਿੰਨੀਆਂ ਗਾਗਰਾਂ ਦਾਨ ਕਰਦੀ ਹੈ ?
ਉੱਤਰ – ਬੇਬੇ ਪਾਂਧੇ ਨੂੰ ਦੋ ਗਾਗਰਾਂ ਦਾਨ ਕਰਦੀ ਹੈ ।
ਪ੍ਰਸ਼ਨ 27 . ਬੇਬੇ ਪਾਂਧੇ ਨੂੰ ਦਾਨ ਵਿੱਚ ਕੀ – ਕੀ ਦਿੰਦੀ ਹੈ ?
ਉੱਤਰ – ਬੇਬੇ ਪਾਂਧੇ ਨੂੰ ਦਾਨ ਵਿੱਚ ਗਹਿਣੇ, ਕੱਪੜੇ ਤੇ ਭਾਂਡੇ ਦਾਨ ਵਿੱਚ ਦਿੰਦੀ ਹੈ ।
ਪ੍ਰਸ਼ਨ 28 . ਪਾਂਧੇ ਦੇ ਘਰ ਗਾਗਰਾਂ ਛੱਡਣ ਕੌਣ ਜਾਂਦਾ ਹੈ ?
ਉੱਤਰ – ਪਾਂਧੇ ਦੇ ਘਰ ਗਾਗਰਾਂ ਛੱਡਣ ਗੁਆਂਢਣ ਜਾਂਦੀ ਹੈ।
ਪ੍ਰਸ਼ਨ 29 . ਗੁਆਂਢਣ ਦੀ ਨੂੰਹ ਰਾਮ ਭਜਨੀ ਦੇ ਘਰ ਕਿਉਂ ਆਉਂਦੀ ਹੈ ?
ਉੱਤਰ – ਗੁਆਂਢਣ ਦੀ ਨੂੰਹ ਰਾਮ ਭਜਨੀ ਦੇ ਘਰ ਆਪਣੀ ਸੱਸ ਨੂੰ ਸੱਦਣ ਲਈ ਆਉਂਦੀ ਹੈ ।
ਪ੍ਰਸ਼ਨ 30 . ਸ਼ਾਮਦਾਸ ਨਾਲ ਕਿੰਨੇ ਜੁਆਰੀਏ ਆਉਂਦੇ ਹਨ ?
ਉੱਤਰ – ਸ਼ਾਮਦਾਸ ਨਾਲ ਦੋ ਜੁਆਰੀਏ ਆਉਂਦੇ ਹਨ ।

ਵਿਦਿਆਰਥੀਆਂ ਨੂੰ ਇਹ ਤਸਦੀਕ ਦਿੱਤੀ ਜਾਂਦੀ ਹੈ ਕਿ ਉਹ ਪੂਰਾ ਪਾਠ ਧਿਆਨ ਨਾਲ ਪੜ੍ਹ ਕੇ ਪ੍ਰੀਖਿਆ ਦੇਣ ਜਾਣ, ਕਿਉਂਕਿ ਕਈ ਵਾਰ ਪੇਪਰ ਪਾਠ ਦੇ ਵਿੱਚੋਂ ਆ ਜਾਂਦਾ ਹੈ।