ਬੇਬੇ ਜੀ – ਸਾਰ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਵਾਰਤਕ – ਭਾਗ (ਜਮਾਤ ਨੌਵੀਂ)

ਬੇਬੇ ਜੀ – ਡਾ. ਹਰਪਾਲ ਸਿੰਘ ਪੰਨੂ


ਪ੍ਰਸ਼ਨ – ਵਾਰਤਕ ਲੇਖ ‘ਬੇਬੇ ਜੀ’ ਦਾ ਸੰਖੇਪ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ –  ‘ਬੇਬੇ ਜੀ’ ਵਾਰਤਕ ਲੇਖ ਡਾ. ਹਰਪਾਲ ਸਿੰਘ ਪੰਨੂ ਦੁਆਰਾ ਲਿਖਿਆ ਹੋਇਆ ਹੈ। ਲੇਖਕ ਨੇ ਇਸ ਲੇਖ ਵਿੱਚ ਇੱਕ ਸਿਆਣੀ ਅਤੇ ਸੂਝਵਾਨ ਇਸਤਰੀ ਦੇ ਚਰਿੱਤਰ ਅਤੇ ਉਸ ਦੇ ਗੁਣਾਂ ਨੂੰ ਬਾਖੂਬੀ ਬਿਆਨ ਕੀਤਾ ਹੈ। ਇਸ ਲੇਖ ਦਾ ਸੰਖੇਪ ਸਾਰ ਹੇਠ ਲਿਖੇ ਅਨੁਸਾਰ ਹੈ।

ਲੇਖਕ ਨੂੰ ਆਪਣੇ ਬਚਪਨ ਦੇ ਦਿਨ ਯਾਦ ਹਨ ਜਦੋਂ ਉਹ ਪਾਣੀ ਭਰਨ ਜਾਂਦੀ ਆਪਣੀ ਬੇਬੇ ਦੀ ਕਮੀਜ਼ ਫੜ ਕੇ ਨਾਲ਼ – ਨਾਲ਼ ਤੁਰਦਾ ਸੀ। ਬੇਬੇ ਦੇ ਘਰ ਵਿੱਚ ਹੋਣ ਨਾਲ਼ ਉਸ ਨੂੰ ਕਿਸੇ ਵੀ ਕਿਸਮ ਦਾ ਕੋਈ ਫ਼ਿਕਰ ਨਹੀਂ ਹੁੰਦਾ।

ਜਦੋਂ ਕਦੀ ਬੇਬੇ ਕਿਸੇ ਰਿਸ਼ਤੇਦਾਰੀ ਵਿੱਚ ਗਈ ਹੋਈ ਦੋ – ਚਾਰ ਦਿਨ ਨਾ ਮੁੜਦੀ ਤਾਂ ਲੇਖਕ ਨੂੰ ਕਿਸੇ ਨਾਲ਼ ਵੀ ਗੱਲ ਕਰਨੀ ਚੰਗੀ ਨਾ ਲੱਗਦੀ।

ਲੇਖਕ ਦੇ ਬਾਪੂ ਦਾ ਸੁਭਾਅ ਸਖ਼ਤ ਸੀ। ਪਰ ਜਦੋਂ ਬੇਬੇ ਘਰ ਨਾ ਹੁੰਦੀ ਤਾਂ ਉਹ ਝਿੜਕਦਾ ਨਾ, ਸਗੋਂ ਵਧੇਰੇ ਖ਼ਿਆਲ ਰੱਖਦਾ। ਜਦੋਂ ਕਦੀ ਬੇਬੇ ਨੂੰ ਬੱਚਿਆਂ ਲਈ ਕਾਪੀਆਂ ਕਿਤਾਬਾਂ ਜਾਂ ਨਵੇਂ ਕੱਪੜਿਆਂ ਆਦਿ ਦੀ ਲੋੜ ਹੁੰਦੀ ਤਾਂ ਉਹ ਲੇਖਕ ਦੇ ਨਾਨਕਿਆਂ ਦੇ ਚਲੀ ਜਾਂਦੀ ਕਿਉਂਕਿ ਉਸ ਦੇ ਮਾਮੇ ਚੰਗੇ ਰੱਜੇ – ਪੁੱਜੇ ਸਨ ਅਤੇ ਉਹ ਹਰ ਮੰਗ ਪੂਰੀ ਕਰਦੇ।

ਦੁੱਧ ਤੋਂ ਹਟੀ ਮੱਝ ਜਾਂ ਗਾਂ ਲੈ ਜਾਂਦੇ ਅਤੇ ਤਾਜ਼ੀ ਸੂਈ ਹੋਈ ਮੱਝ ਜਾਂ ਗਾਂ ਛੱਡ ਜਾਂਦੇ। ਇੱਕ ਵਾਰੀ ਘਰੇਲੂ ਤੰਗੀ ਹੋਣ ਕਰਕੇ ਬੇਬੇ ਨੇ ਲੇਖਕ ਨੂੰ ਆਪਣੇ ਪੇਕੇ ਘਰ ਭੇਜ ਦਿੱਤਾ ਅਤੇ ਮਾਮਾ ਮਾਮੀ ਨਾਲ਼ ਪਿਆਰ ਨਾਲ਼ ਕਹਿਣਾ ਮੰਨਣ ਲਈ ਕਿਹਾ।

ਲੇਖਕ ਜਦੋਂ ਕਦੀ ਆਪਣੇ ਪਿੰਡ ਤੋਂ ਪਟਿਆਲੇ ਪੜ੍ਹਨ ਲਈ ਜਾਂਦਾ ਤਾਂ ਉਸ ਦੀ ਬੇਬੇ ਦੀਆਂ ਅੱਖਾਂ ਵਿੱਚ ਅੱਥਰੂ ਛਲਕਣ ਲੱਗਦੇ। ਲੇਖਕ ਆਪਣੀ ਬੇਬੇ ਨੂੰ ਬਥੇਰਾ ਹੌਂਸਲਾ ਦਿੰਦਾ ਪਰ ਮਾਂ ਦੀ ਮਮਤਾ ਸਾਹਮਣੇ ਉਹ ਵੀ ਬੇਵੱਸ ਜਿਹਾ ਹੋ ਜਾਂਦਾ। ਉਸ ਦੀ ਮਾਂ ਉਸ ਨੂੰ ਅਸੀਸਾਂ ਦੇ ਕੇ ਤੋਰਦੀ।

ਬੇਬੇ ਆਪਣੀ ਛੋਟੀ ਭਰਜਾਈ ਗੁਰਦਿਆਲ ਕੌਰ ਦੀ ਬਹੁਤ ਸਿਫ਼ਤ ਕਰਦੀ ਸੀ। ਉਹ ਲੇਖਕ ਨੂੰ ਦੱਸਦੀ ਸੀ ਕਿ ਉਸ ਦੀ ਮਾਮੀ ਦਾ ਰੰਗ ਬਹੁਤ ਲਾਲ ਸੀ, ਹੀਰ ਵਰਗੀ ਸੋਹਣੀ ਸੀ। ਗੁਰਦਿਆਲ ਕੌਰ ਬੇਬੇ ਦੀ ਸਹੇਲੀ ਸੀ ਅਤੇ ਬੇਬੇ ਦੀ ਬਹੁਤ ਇੱਜਤ ਕਰਦੀ ਸੀ।

ਲੇਖਕ ਆਪਣੇ ਘਰ ਵਾਲਿਆਂ ਦੀ ਮੱਦਦ ਕਰਾਉਂਦਾ ਹੁੰਦਾ ਸੀ। ਦੁਸਹਿਰੇ ਤੋਂ ਪਹਿਲਾਂ ਘਰਾਂ ਦੀ ਲਿੱਪਾ ਪੋਚੀ ਦੇ ਕੰਮ ਵਿੱਚ ਉਹ ਹਰ ਕੰਮ ਅੱਗੇ ਹੋ ਕੇ ਕਰਦਾ। ਕੱਚੇ ਘਰ ਹੋਣ ਕਰਕੇ ਗੋਹਾ, ਤੂੜੀ, ਗਾਰੇ ਦੇ ਲੇਪ ਵਿੱਚ ਸਾਰੇ ਜੁੱਟ ਜਾਂਦੇ।

ਬੇਬੇ ਦੀ ਠੋਸ ਅਤੇ ਟਕਸਾਲੀ ਭਾਸ਼ਾ ਤੋਂ ਲੇਖਕ ਬਹੁਤ ਪ੍ਰਭਾਵਿਤ ਹੁੰਦਾ ਸੀ। ਲੇਖਕ ਨੂੰ ਆਪਣੀ ਬੇਬੇ ਨਾਲ਼ ਬੱਸ ਵਿੱਚ ਬੈਠ ਕੇ ਵਾਪਰਨ ਵਾਲੀ ਘਟਨਾ ਵੀ ਯਾਦ ਆਉਂਦੀ ਹੈ।

ਬੇਬੇ ਬਹੁਤ ਹੀ ਹੌਂਸਲੇ ਵਾਲੀ ਔਰਤ ਸੀ। ਜਦੋਂ ਲੇਖਕ ਹੋਰਾਂ ਨੇ ਕੋਈ ਜੋਖ਼ਮ ਭਰਿਆ ਕੰਮ ਸ਼ੁਰੂ ਕਰਨ ਲੱਗਿਆ ਘਬਰਾਉਣਾ ਤਾਂ ਬੇਬੇ ਨੇ ਕਈ ਉਦਾਹਰਨਾਂ ਦੇ ਕੇ ਸਮਝਾਉਣਾ। ਉਸ ਨੇ ਕਹਿਣਾ ਕਿ ਖੂਹ ਪੁੱਟੋ ਅਤੇ ਪਾਣੀ ਪੀਓ।

ਜੇਕਰ ਰੱਬ ਸਾਥ ਦੇਵੇ ਤਾਂ ਕੋਈ ਵੀ ਚੀਜ਼ ਔਖੀ ਨਹੀਂ ਹੁੰਦੀ। ਗੁਰੂ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਉਹ ਆਪ ਅੰਗ – ਸੰਗ ਸਹਾਈ ਹੋ ਕੇ ਮੱਦਦ ਕਰਦਾ ਹੈ।

ਜੇਕਰ ਕੋਈ ਗੁਆਂਢੀ ਆਪਣੀ ਘਰਵਾਲੀ ਉੱਪਰ ਹੱਥ ਚੁੱਕਦਾ ਤਾਂ ਬੇਬੇ ਉਸ ਨੂੰ ਦਬਕਾ ਮਾਰ ਕੇ ਸਮਝਾਉਂਦੀ ਕਿ ਧਰਤੀ ਨੂੰ ਕੁੱਟ ਲਿਆ ਜਾਂ ਜਨਾਨੀ ਨੂੰ ਕੁੱਟ ਲਿਆ ਇੱਕ ਬਰਾਬਰ ਹੈ। ਇਸ ਗੱਲ ਦੇ ਵਿੱਚ ਕੋਈ ਸੂਰਮਗਤੀ ਨਹੀਂ। ਬੇਬੇ ਦੀਆਂ ਗੱਲਾਂ ਸੁਣ ਕੇ ਸਾਰੇ ਹੀ ਸੁੰਨ ਹੋ ਜਾਂਦੇ। ਕਿਸੇ ਦੀ ਮਜ਼ਾਲ ਨਹੀਂ ਸੀ ਕਿ ਬੇਬੇ ਦੇ ਮੂਹਰੇ ਬੋਲ ਜਾਏ।

ਲੇਖਕ ਨੂੰ ਜਦੋਂ ਵੀ ਬੇਬੇ ਦਾ ਸੁਨੇਹਾ ਮਿਲਦਾ, ਉਹ ਉਸੇ ਵਕਤ ਚਲਿਆ ਜਾਂਦਾ ਸੀ। ਇੱਕ ਵਾਰੀ ਬੇਬੇ ਨੇ ਲੇਖਕ ਨੂੰ ਪੁੱਛਿਆ ਕਿ ਉਹ ਉਸ ਨੂੰ ਮਿਲਣ ਲਈ ਕਿਉਂ ਨਹੀਂ ਆਇਆ ਤਾਂ ਜਵਾਬ ਵਿੱਚ ਲੇਖਕ ਨੇ ਕਿਹਾ ਕਿ ਬੇਬੇ ਤੇਰੇ ਕੋਲ ਤਾਂ ਰੌਣਕਾਂ ਲੱਗੀਆਂ ਹੀ ਰਹਿੰਦੀਆਂ ਹਨ।

ਬੇਬੇ ਨੇ ਕਿਹਾ ਕਿ ਉਹ ਕਿਸੇ ਵੱਡੇ ਕਿਲੇ ਨੂੰ ਲੱਗੇ ਜਿੰਦਰੇ ਦੇ ਸਮਾਨ ਹੈ ਅਤੇ ਬੱਚੇ ਉਸ ਕਿਲੇ ਦੀਆਂ ਚਾਬੀਆਂ ਵਾਂਗ ਹਨ। ਉਹ ਲੇਖਕ ਨੂੰ ਕਦੇ – ਕਦੇ ਆ ਕੇ ਮਿਲ ਜਾਣ ਲਈ ਕਹਿੰਦੀ।

ਉਹ ਲੇਖਕ ਨਾਲ਼ ਪਿੰਡ ਦੇ ਲੋਕਾਂ ਦੀਆਂ ਭੈੜੀਆਂ ਆਦਤਾਂ ਬਾਰੇ ਵੀ ਜ਼ਿਕਰ ਕਰਦੀ ਜੋ ਮੋਰ, ਮੁਰਗਾਬੀਆਂ, ਕੂੰਜਾਂ ਆਦਿ ਨੂੰ ਮਾਰ ਕੇ ਖਾਣ ਲੱਗ ਪਏ ਸਨ। ਉਹ ਕਹਿੰਦੀ ਕਿ ਇਹ ਮੁਰਦਾਰ ਖਾਣ ਵਾਲੇ ਹੱਡਾ – ਰੋਡ਼ੀ ਵਿੱਚ ਜਾ ਕੇ ਕਿਉਂ ਨਹੀਂ ਬੈਠ ਜਾਂਦੇ।

ਉਮਰ ਦੇ ਲਿਹਾਜ਼ ਨਾਲ਼ ਬੇਬੇ ਨੂੰ ਘੱਟ ਸੁਣਦਾ ਅਤੇ ਘੱਟ ਦਿੱਸਣ ਲੱਗ ਪਿਆ ਸੀ। ਪਰ ਬੇਬੇ ਤੋਰ ਤੋਂ ਪਤਾ ਲਗਾ ਲੈਂਦੀ ਕਿ ਕੌਣ ਆਇਆ? ਗੱਲਾਂ ਸੁਣ ਕੇ ਹੀ ਪਤਾ ਲਗਾ ਲੈਂਦੀ ਕਿ ਕੌਣ ਦੁੱਖ ਵਿੱਚ ਹੈ ਅਤੇ ਕੌਣ ਸੁੱਖ ਵਿੱਚ।

ਲੇਖਕ ਅਨੁਸਾਰ ਬੇਬੇ ਦੀ ਉਮਰ ਨੱਬੇ ਸਾਲ ਹੋ ਚੁੱਕੀ ਹੈ ਅਤੇ ਜਦੋਂ ਉਹ ਪਿੰਡ ਵਿਆਹੀ ਆਈ ਸੀ ਤਾਂ ਉਸ ਦੀ ਉਮਰ ਸੋਲ੍ਹਾਂ ਸਾਲਾਂ ਦੀ ਸੀ।

ਬੇਬੇ ਸਾਰਿਆਂ ਨੂੰ ਬੁਲਾ ਕੇ ਆਸ਼ੀਰਵਾਦ ਦਿੰਦੀ ਹੋਈ ਕਹਿੰਦੀ ਕਿ ਉਹ ਸਾਰੇ ਉਸ ਨੂੰ ਇੱਕ ਦਿਨ ਯਾਦ ਕਰਨਗੇ ਕਿ ਇੱਥੇ ਉਨ੍ਹਾਂ ਦੀ ਮਾਂ ਰਿਹਾ ਕਰਦੀ ਸੀ। ਉਹ ਘਰ ਵੱਲ ਦੇਖ ਕੇ ਲੰਘ ਜਾਇਆ ਕਰਨਗੇ ਪਰ ਘਰ ਨਹੀਂ ਆਉਣਗੇ।

ਲੇਖਕ ਦਾ ਛੋਟਾ ਭਰਾ ਬਿਰਧ ਮਾਂ – ਬਾਪ ਦੀ ਸੇਵਾ ਕਰਦਾ ਹੈ। ਹਰ ਖੁਸ਼ੀ ਗ਼ਮੀ ‘ਤੇ ਲੇਖਕ ਸਮੇਤ ਸਾਰੇ ਜਣੇ ਉਸ ਦੀ ਕੋਠੀ ਪਹੁੰਚ ਕੇ ਰੌਣਕਾਂ ਵਧਾਉਂਦੇ ਹਨ।

ਪਰ ਜਦੋਂ ਸਾਰੇ ਆਪੋ ਆਪਣੇ ਘਰ ਵਾਪਸ ਪਰਤਣ ਲੱਗਦੇ ਹਨ ਤਾਂ ਲੇਖਕ ਦਾ ਛੋਟਾ ਭਰਾ ਉਨ੍ਹਾਂ ਨੂੰ ਹੌਲੀ ਜਿਹੇ ਪੁੱਛਦਾ ਹੈ ਕਿ ਜਦੋਂ ਬੇਬੇ – ਬਾਪੂ ਨਾ ਰਹੇ, ਕੀ ਉਹ ਉਦੋਂ ਵੀ ਹੁਣ ਵਾਂਗ ਆਇਆ ਕਰਨਗੇ ?

ਲੇਖਕ ਵੀ ਆਪਣੀ ਬੇਬੇ ਨੂੰ ਸੁਫ਼ਨਿਆਂ ਵਿੱਚ ਅਲੱਗ – ਅਲੱਗ ਘਰੇਲੂ ਕੰਮ ਕਰਦਿਆਂ ਹੀ ਤੱਕਦਾ।