ਬੀਰ ਰਸ ਕੀ ਹੁੰਦਾ ਹੈ?
ਬੀਰ ਰਸ
ਇਸ ਦਾ ਸਥਾਈ ਭਾਵ ਉਤਸ਼ਾਹ ਜਾਂ ਜੋਸ਼ ਹੁੰਦਾ ਹੈ। ਜਿਹੜੇ ਸਾਹਿਤ ਜਾਂ ਨਾਟਕ ਵਿੱਚ ਜੰਗਾਂ-ਯੁੱਧਾਂ ਵਿੱਚ ਬੀਰਤਾ, ਸੂਰਮਗਤੀ ਤੇ ਬਹਾਦਰੀ ਦਾ ਬੋਲਬਾਲਾ ਵਧੇਰੇ ਹੁੰਦਾ ਹੈ, ਉੱਥੇ ‘ਬੀਰ ਰਸ’ ਦੇ ਭਾਵ ਉਜਾਗਰ ਹੁੰਦੇ ਹਨ। ਬੀਰਤਾ ਬਾਰੇ ਅਚਾਰੀਆ ਮੰਮਟ ਲਿਖਦੇ ਹਨ ਕਿ ਜਿਹੜੀ ਕਿਸੇ ਖ਼ਾਸ ਕਿਸਮ ਦੀ ਹੌਸਲਾ ਭਰਪੂਰ ਕਿਰਿਆ ਕਿਸੇ ਖ਼ਾਸ ਕੰਮ ਨੂੰ ਤੋੜ ਤੱਕ ਨਿਭਾਉਣ ਦੀ ਹੁੰਦੀ ਹੈ, ਉਹੋ ਹੀ ਉਤਸ਼ਾਹ ਹੈ। ਇਹ ਉਤਸ਼ਾਹ ਜੰਗ ਦੇ ਮੈਦਾਨ ਵਿੱਚ ਹੀ ਨਹੀਂ ਬਲਕਿ ਉਸ ਤੋਂ ਬਾਹਰ ਧਰਮ ਦੀ ਰੱਖਿਆ ਲਈ ਤੇ ਗ਼ਰੀਬ ਤੇ ਦੀਨ-ਦੁਖੀਆਂ ਦੀ ਸਹਾਇਤਾ ਲਈ ਵੀ ਹੋ ਸਕਦਾ ਹੈ। ਪੰਜਾਬੀ ਦੇ ਵਾਰ ਸਾਹਿਤ ਵਿੱਚ ਬੀਰ ਰਸ ਦੀਆਂ ਅਨੇਕਾਂ ਵੰਨਗੀਆਂ ਹਨ। ਪੁਰਾਤਨ ਵਾਰਾਂ, ਮੱਧਕਾਲ ਦੀਆਂ ਵਾਰਾਂ, ਗੁਰੂ ਗੋਬਿੰਦ ਸਿੰਘ ਰਚਿਤ ‘ਚੰਡੀ ਦੀ ਵਾਰ’, ਨਜਾਬਤ ਦੀ ਵਾਰ, ਚੱਠਿਆਂ ਦੀ ਵਾਰ, ਸ਼ਾਹ ਮੁਹੰਮਦ ਦਾ ਜੰਗਨਾਮਾ ਆਦਿ ਬੀਰ ਰਸ ਨਾਲ ਭਰਪੂਰ ਰਚਨਾਵਾਂ ਹਨ। ਹੇਠਲੇ ਕਾਵਿ ਟੋਟੇ ਬੀਰ ਰਸ ਦੇ ਨਮੂਨੇ ਹਨ :-
(ੳ) “ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ।”
(ਸ਼ਾਹ ਮੁਹੰਮਦ)
(ਅ) ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ, ਚੜ੍ਹੇ, ਸੂਰਮੇ ਸਿੰਘ ਦਲੇਰ ਮੀਆਂ।
ਚੜੇ, ਪੁੱਤ ਸਰਦਾਰਾਂ ਦੇ ਛੈਲ ਬਾਂਕੇ, ਜਿਵੇਂ ਬੇਲਿਓਂ ਨਿਕਲਦੇ ਸ਼ੇਰ ਮੀਆਂ।
(ਸ਼ਾਹ ਮੁਹੰਮਦ)
(ੲ) ਰਾਹ ਛੁਪਾਇਆ ਗਰਦ ਨੇ, ਨਾ ਦਿੱਸਣ ਵਾਟਾਂ।
ਲਸ਼ਕਰ ਪਾਰ ਚੜਾਂਦੀਆਂ, ਨਾ ਵਾਰੀ ਘਾਟਾਂ,
ਨੇਜੇ ਸੂਰਜ ਸਾਹਮਣੇ, ਵਿਚ ਮਾਰਨ ਲਾਟਾਂ।
ਹੋਇਆ ਜੰਗ ਮੁਕਾਬਲਾ, ਵਿਚ ਸਿੰਘਾਂ ਰਾਠਾਂ।
(ਚੱਠਿਆਂ ਦੀ ਵਾਰ)
(ਸ) ਉਮਲ ਲੱਥੇ ਜੋਧੇ ਮਾਰੂ ਬੱਜਿਆ
ਬੱਦਲ ਜਿਉਂ ਮਹਿਖਾਸੁਰ ਰਣ ਵਿਚ ਗੱਜਿਆ
ਇੰਦਰ ਜੇਹਾ ਜੋਧਾ ਮੈਥੋਂ ਭੱਜਿਆ
ਕੌਣ ਵਿਚਾਰੀ ਦੁਰਗਾ ਜਿਣ ਰਣ ਸੱਜਿਆ।
(ਚੰਡੀ ਦੀ ਵਾਰ)