ਮੇਰੀ ਛਿਪੀ……. ਆਯਾ ਜਗਤ ਤੇ।
ਬਿਨਫਸ਼ਾਂ ਦਾ ਫੁੱਲ : ਪ੍ਰਸੰਗ ਸਹਿਤ ਵਿਆਖਿਆ
ਬਿਨਫਸ਼ਾਂ ਦਾ ਫੁੱਲ : ਭਾਈ ਵੀਰ ਸਿੰਘ ਜੀ
ਪ੍ਰਸ਼ਨ. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਮੇਰੀ ਛਿਪੀ ਰਹੇ ਗੁਲਜ਼ਾਰ ਮੈਂ ਨੀਵਾਂ ਉੱਗਿਆ।
ਕੋਈ ਲਗੇ ਨਾ ਨਜ਼ਰ ਟਪਾਰ ਮੈਂ ਪਰਬਤ ਲੁਕਿਆ।
ਮੈਂ ਲਿਆ ਅਕਾਸ਼ੋਂ ਰੰਗ ਜੁ ਸ਼ੋਖ ਨ ਵੰਨ ਦਾ,
ਹਾਂ ਧੁਰੋਂ ਗ਼ਰੀਬੀ ਮੰਗ ਮੈਂ ਆਯਾ ਜਗਤ ਤੇ ।
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿਚ ਦਰਜ ਭਾਈ ਵੀਰ ਸਿੰਘ ਦੀ ਲਿਖੀ ਹੋਈ ਕਵਿਤਾ ‘ਬਿਨਫਸ਼ਾਂ ਦਾ ਫੁੱਲ’ ਵਿਚੋਂ ਲਿਆ ਗਿਆ ਹੈ। ਇਸ ਕਵਿਤਾ ਵਿਚ ਭਾਈ ਸਾਹਿਬ ਨੇ ਪ੍ਰਭੂ ਪ੍ਰੇਮ ਵਿਚ ਰੰਗੇ ਇਕ ਸਾਧਕ ਦੀ ਅਵਸਥਾ ਨੂੰ ਬਿਆਨ ਕਰਦੇ ਹੋਏ ਦੱਸਿਆ ਹੈ ਕਿ ਉਹ ਦੁਨੀਆ ਵਿਚ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ। ਇਹ ਕਵਿਤਾ ਭਾਈ ਸਾਹਿਬ ਦੀ ਆਪਣੀ ਸ਼ਖ਼ਸੀਅਤ ਦੀ ਲਖਾਇਕ ਹੈ। ਇਸ ਵਿਚ ਭਾਈ ਸਾਹਿਬ ਨੇ ਪ੍ਰੀਤਮ ਦੇ ਪਿਆਰ ਵਿਚ ਮਸਤ ਇਕ ਸਾਧਕ ਨੂੰ (ਜਾਂ ਆਪਣੇ ਆਪ ਨੂੰ) ਬਨਫਸ਼ੇ ਦੇ ਇਕ ਫੁੱਲ ਦੇ ਚਿੰਨ੍ਹ ਦੇ ਰੂਪ ਵਿਚ ਪੇਸ਼ ਕੀਤਾ ਹੈ।
ਵਿਆਖਿਆ : ਭਾਈ ਸਾਹਿਬ ਬਨਫਸ਼ੇ ਦੇ ਫੁੱਲ ਦਾ ਮਾਨਵੀਕਰਨ ਕਰਦੇ ਹੋਏ ਉਸ ਦੇ ਮੂੰਹੋਂ ਅਖਵਾਉਂਦੇ ਹਨ, “ਮੇਰੀ ਇੱਕ ਇਹੋ ਹੈ ਕਿ ਮੇਰੀ ਗੁਲਜ਼ਾਰ ਛਿਪੀ ਹੀ ਰਹੇ। ਇਸੇ ਕਾਰਨ ਹੀ ਮੈਂ ਪਰਬਤ ਵਿਚ ਨੀਵੀਂ ਜਗ੍ਹਾ ਤੇ ਲੁਕ ਕੇ ਉੱਗਿਆ ਹਾਂ। ਮੈਂ ਇਹ ਨਹੀਂ ਚਾਹੁੰਦਾ ਕਿ ਮੇਰੀ ਖ਼ੂਬਸੂਰਤੀ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਜਾਵੇ। ਮੈਂ ਅਕਾਸ਼ ਪਾਸੋਂ ਰੰਗ ਲਿਆ ਹੈ, ਜੋ ਕਿ ਬਹੁਤ ਭੜਕੀਲਾ ਨਹੀਂ। ਮੈਂ ਤਾਂ ਸੰਸਾਰ ਵਿਚ ਧੁਰੋਂ ਹੀ ਗ਼ਰੀਬੀ ਲੈ ਕੇ ਆਇਆ ਹਾਂ ਅਰਥਾਤ ਨਿਮਾਣਾ ਬਣ ਕੇ ਆਇਆ ਹਾਂ, ਤਾਂ ਜੋ ਮੈਂ ਕਿਸੇ ਦੇ ਧਿਆਨ ਦਾ ਕੇਂਦਰ ਨਾ ਬਣਾ।”