ਫ ਤੇ ਬ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
ਮੁਹਾਵਰਿਆ ਦੀ ਵਾਕਾਂ ਵਿਚ ਵਰਤੋਂ
ਫੁੱਲ-ਫੁੱਲ ਬਹਿਣਾ (ਬਹੁਤ ਖ਼ੁਸ਼ ਹੋਣਾ) – ਜਦੋਂ ਨਿੰਦੀ ਦੇ ਮਾਮਾ ਜੀ ਉਸ ਨੂੰ ਮਿਲਣ ਲਈ ਆਏ, ਤਾਂ ਉਹ ਫੁੱਲ-ਫੁੱਲ ਬਹਿ ਰਹੀ ਸੀ ।
ਫਸਤਾ ਵੱਢਣਾ (ਮੁਕਾ ਦੇਣਾ) —ਤੁਸੀਂ ਸ਼ਾਹ ਦਾ ਜਿਹੜਾ ਕਰਜ਼ਾ ਦੇਣਾ ਹੈ, ਦੇ ਕੇ ਉਸ ਦਾ ਫਸਤਾ ਵੱਢੋ । ਐਵੇਂ ਰੋਜ਼
ਤੁਹਾਡੇ ਘਰ ਚੱਕਰ ਮਾਰਦਾ ਰਹਿੰਦਾ ਹੈ ।
ਫੁੱਲਾਂ ਨਾਲ ਤੋਲ ਕੇ ਰੱਖਣਾ (ਆਦਰ, ਲਾਡ ਜਾਂ ਪਿਆਰ ਕਰਨਾ) – ਪੰਜਾਬੀ ਲੋਕ ਘਰ ਆਏ ਮਹਿਮਾਨ ਨੂੰ ਫੁੱਲਾਂ ਨਾਲ ਤੋਲ ਕੇ ਰੱਖਦੇ ਹਨ ।
ਫੁੱਲੇ ਨਾ ਸਮਾਉਣਾ (ਬਹੁਤ ਖ਼ੁਸ਼ ਹੋਣਾ) – ਜਦੋਂ ਸੰਦੀਪ ਨੂੰ ਪਤਾ ਲੱਗਾ ਕਿ ਉਸ ਦੇ ਮਾਮਾ ਜੀ ਅੱਜ ਅਮਰੀਕਾ ਤੋਂ ਆ ਰਹੇ ਹਨ, ਤਾਂ ਉਹ ਖ਼ੁਸ਼ੀ ਨਾਲ ਫੁੱਲੀ ਨਾ ਸਮਾਈ।
ਬਲਦੀ ਉੱਤੇ ਤੇਲ ਪਾਉਣਾ (ਲੜਾਈ ਨੂੰ ਤੇਜ਼ ਕਰਨਾ) —ਤੈਨੂੰ ਬਲਦੀ ਉੱਤੇ ਤੇਲ ਪਾਉਣ ਦੀ ਥਾਂ ਲੜਾਈ ਖ਼ਤਮ ਕਰਨ ਵਿੱਚ ਮੱਦਦ ਕਰਨੀ ਚਾਹੀਦੀ ਹੈ।
ਬਾਨ੍ਹਣੂ ਬੰਨ੍ਹਣੇ (ਪ੍ਰੋਗਰਾਮ ਬਣਾਉਣਾ) —ਹਰਜੀਤ ਦੀਆਂ ਕਰਤੂਤਾਂ ਤੋਂ ਤੰਗ ਆ ਕੇ ਉਸ ਦੇ ਪਿਤਾ ਨੇ ਉਸ ਦਾ ਵਿਆਹ ਕਰਨ ਲਈ ਬਾਨ੍ਹਣੂ ਬੰਨ੍ਹਣੇ ਸ਼ੁਰੂ ਕਰ ਦਿੱਤੇ।
ਬੇੜੀਆਂ ਵਿੱਚ ਵੱਟੇ ਪਾਉਣਾ (ਨੁਕਸਾਨ ਪੁਚਾਉਣਾ) —ਉਸ ਦੇ ਨਿਕੰਮੇ ਪੁੱਤਰ ਨੇ ਬੇੜੀਆਂ ਵਿੱਚ ਵੱਟੇ ਪਾ ਕੇ ਉਸ ਦੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ।
ਬਾਂਹ ਭੱਜਣੀ (ਭਰਾ ਦਾ ਮਰ ਜਾਣਾ) — ਲੜਾਈ ਵਿੱਚ ਭਰਾ ਦੇ ਮਰਨ ਨਾਲ ਉਸ ਦੀ ਬਾਂਹ ਭੱਜ ਗਈ ।
ਬਲ-ਬਲ ਜਾਣਾ (ਕੁਰਬਾਨ ਜਾਣਾ) – ਮਾਂ ਫ਼ੌਜ ਵਿਚੋਂ ਛੁੱਟੀ ਆਏ ਪੁੱਤਰ ਤੋਂ ਬਲ-ਬਲ ਜਾ ਰਹੀ ਸੀ ।
ਬਜ਼ਾਰ ਗਰਮ ਹੋਣਾ (ਚਰਚਾ ਹੋਣਾ) – ਅੱਜ-ਕਲ੍ਹ ਸਾਡੇ ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਬਜ਼ਾਰ ਗਰਮ ਹੈ ।
ਬਾਜ਼ੀ ਲੈ (ਮਾਰ) ਜਾਣਾ (ਜਿੱਤ ਪ੍ਰਾਪਤ ਕਰਨਾ) – ਅੱਜ ਦੇ ਮੈਚ ਵਿੱਚ ਖ਼ਾਲਸਾ ਸਕੂਲ ਬਾਜ਼ੀ ਲੈ (ਮਾਰ) ਗਿਆ।
ਬਾਤ ਦਾ ਬਤੰਗੜ ਬਣਾਉਣਾ (ਨਿੱਕੀ ਜਿਹੀ ਗੱਲ ਨੂੰ ਵਧਾਉਣਾ) — ਜੇਕਰ ਤੁਸੀਂ ਇਸ ਝਗੜੇ ਨੂੰ ਮਿਟਾਉਣਾ ਚਾਹੁੰਦੇ ਹੋ, ਤਾਂ ਬਾਤ ਦਾ ਬਤੰਗੜ ਨਾ ਬਣਾਓ।
ਬਿਸਤਰਾ ਗੋਲ ਕਰਨਾ (ਚਲੇ ਜਾਣਾ, ਰਵਾਨਾ ਹੋਣਾ) — ਦੇਸ਼-ਭਗਤਾਂ ਨੇ ਲੰਮੇ ਸੰਘਰਸ਼ ਨਾਲ ਭਾਰਤ ਵਿੱਚੋਂ ਅੰਗਰੇਜ਼ਾਂ ਦਾ ਬਿਸਤਰਾ ਗੋਲ ਕਰ ਦਿੱਤਾ।
ਬਿਗ਼ਾਨੀ ਛਾਹ ਪਿੱਛੇ ਮੁੱਛਾਂ ਮੁਨਾਉਣਾ (ਬਿਗ਼ਾਨੀ ਆਸ ‘ਤੇ ਕੋਈ ਫ਼ੈਸਲਾ ਲੈ ਲੈਣਾ) – ਤੂੰ ਆਪਣੇ ਭਰਾ ਤੋਂ ਪੈਸੇ ਮਿਲਣ ਦੀ ਉਮੀਦ ਵਿੱਚ ਮਕਾਨ ਦਾ ਸੌਦਾ ਕਿਉਂ ਕੀਤਾ? ਹੁਣ ਤੈਨੂੰ ਉਸ ਤੋਂ ਪੈਸੇ ਨਹੀਂ ਮਿਲੇ, ਤਾਂ ਤੈਨੂੰ ਔਖਾ ਹੋਣਾ ਪਿਆ ਹੈ। ਬਿਗਾਨੀ ਛਾਹ ਪਿੱਛੇ ਮੁੱਛਾਂ ਮੁਨਾਉਣਾ ਠੀਕ ਨਹੀਂ ਹੁੰਦਾ।
ਬਿੱਲੀ ਲਈ ਛਿੱਕਾ ਟੁੱਟ ਪੈਣਾ (ਬਿਨਾਂ ਯਤਨ ਕੀਤੇ ਇੱਛਾ ਪੂਰੀ ਹੋਣਾ) – ਭਾਰਤ-ਪਾਕ ਲੜਾਈ ਲੱਗੀ, ਤਾਂ ਅਮਰੀਕਾ ਲਈ ਆਪਣੇ ਹਥਿਆਰ ਵੇਚਣ ਲਈ ਮੰਡੀ ਖੁੱਲ੍ਹ ਗਈ। ਇਹ ਤਾਂ ਉਹ ਗੱਲ ਹੋਈ, ਅਖੇ ‘ਬਿੱਲੀ ਲਈ ਛਿੱਕਾ ਟੁੱਟ ਪਿਆ।’
ਬੁੱਕਲ ਵਿੱਚ ਰੋੜੀ ਭੰਨਣਾ (ਗੁਪਤ ਯਤਨ ਕਰਨਾ) – ਜਦੋਂ ਸਾਡੀ ਗੁਆਂਢਣ ਸ਼ੀਲਾ ਸਾਡੇ ਘਰ ਆਪਣੇ ਮੁੰਡੇ ਦੇ ਵਿਆਹ ਦਾ ਸੱਦਾ-ਪੱਤਰ ਦੇਣ ਆਈ, ਤਾਂ ਮੈਂ ਕਿਹਾ, ”ਤੂੰ ਬੁੱਕਲ ਵਿੱਚ ਰੋੜੀ ਭੰਨਦੀ ਰਹੀ ਹੈਂ। ਪਹਿਲਾਂ ਕਦੇ ਮੁੰਡੇ ਦਾ ਵਿਆਹ ਕਰਨ ਦੀ ਗੱਲ ਹੀ ਨਹੀਂ ਕੀਤੀ।
ਬੁੱਲੇ ਲੁੱਟਣਾ (ਮੌਜ ਕਰਨੀ) — ਉਸ ਦੇ ਪਿਓ ਦੀ ਜਾਇਦਾਦ ਬਹੁਤ ਹੈ, ਇਸ ਲਈ ਉਹ ਬੁੱਲੇ ਲੁੱਟਦਾ ਹੈ।
ਬੇੜਾ ਗਰਕ ਹੋਣਾ (ਤਬਾਹੀ ਹੋਣਾ) — ਖ਼ੁਦਗਰਜ਼ ਲੀਡਰ ਦੇਸ਼ ਦਾ ਬੇੜਾ ਗਰਕ ਕਰ ਦਿੰਦੇ ਹਨ ।
ਬੋਲਾਂ ਵਿੱਚ ਸ਼ਹਿਦ ਦੇ ਘੁੱਟ ਹੋਣਾ (ਮਿੱਠਾ ਬੋਲਣਾ) – ਮਧੂ ਦੇ ਬੋਲਾਂ ਵਿੱਚ ਸ਼ਹਿਦ ਦੇ ਘੁੱਟ ਹਨ । ਉਸ ਨਾਲ ਗੱਲ ਕਰ ਕੇ ਆਨੰਦ ਆ ਜਾਂਦਾ ਹੈ।
ਬੰਨ੍ਹ ਕੇ ਖੀਰ ਖਵਾਉਣਾ (ਜ਼ਬਰਦਸਤੀ ਭਲਾ ਕਰਨਾ) — ਉਹ ਘਰ ਆਏ ਕਿਸੇ ਸਵਾਲੀ ਨੂੰ ਨਿਰਾਸ਼ ਨਹੀਂ ਜਾਣ ਦਿੰਦਾ। ਉਹ ਤਾਂ ਬੰਨ੍ਹ ਕੇ ਖੀਰ ਖਵਾਉਣ ਵਾਲਾ ਹੈ।
ਬੇੜਾ ਪਾਰ ਕਰਨਾ (ਸਫਲ ਕਰਨਾ) — ਗੁਰੂ ਨਾਨਕ ਦੇਵ ਜੀ ਦੀ ਬਾਣੀ ਪਾਪੀ ਮਨੁੱਖ ਦਾ ਬੇੜਾ ਪਾਰ ਕਰ ਦਿੰਦੀ ਹੈ।