ਫੋਟੋਸਟੇਟ ਮਸ਼ੀਨ ਖਰਾਬ ਨਿਕਲਣ ਬਾਰੇ ਪੱਤਰ
ਮੈਸਰਜ਼ ਗਰਗ ਫੋਟੋਸਟੇਟ ਹਾਊਸ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਮੈਸਰਜ਼ ਮਾਡਰਨ ਇੰਜੀਨੀਅਰਜ਼ ਤਕਨਾਲੋਜੀ, ਲੁਧਿਆਣਾ ਨੂੰ ਇੱਕ ਫੋਟੋਸਟੇਟ ਮਸ਼ੀਨ ਦਾ ਆਰਡਰ ਦਿੱਤਾ ਸੀ। ਮਸ਼ੀਨ ਮਿਲਣ ‘ਤੇ ਪਤਾ ਲੱਗਾ ਕਿ ਮਸ਼ੀਨ ਠੀਕ ਨਹੀਂ, ਫੋਟੋਸਟੇਟ ਕਾਪੀ ਸਾਫ਼ ਨਹੀਂ ਕੱਢਦੀ। ਇਸ ਮਸ਼ੀਨ ਨੂੰ ਠੀਕ ਕਰਵਾਉਣ ਬਾਰੇ ਪੱਤਰ ਲਿਖੋ।
ਮੈਸਰਜ਼ ਗਰਗ ਫੋਟੋਸਟੇਟ ਹਾਊਸ,
ਮਾਲ ਰੋਡ,
ਸ੍ਰੀ ਅੰਮ੍ਰਿਤਸਰ ਸਾਹਿਬ।
ਹਵਾਲਾ ਨੰਬਰ : ਸੀ 14,
ਮਿਤੀ: ……………
ਮੈਸਰਜ਼ ਮਾਡਰਨ ਇੰਜੀਨੀਅਰਜ਼ ਤਕਨਾਲੋਜੀ,
ਨੇੜੇ ਬੱਸ ਸਟੈਂਡ,
ਲੁਧਿਆਣਾ।
ਸ੍ਰੀਮਾਨ ਜੀ,
ਵਿਸ਼ਾ : ਫੋਟੋਸਟੇਟ ਮਸ਼ੀਨ ਦੇ ਨੁਕਸ ਬਾਰੇ।
ਅਸੀਂ ਤੁਹਾਡੇ ਬਿੱਲ ਨੰਬਰ 7231, ਮਿਤੀ 20 ਫ਼ਰਵਰੀ, 20…. ਅਨੁਸਾਰ ਤੁਹਾਡੇ ਪ੍ਰਤੀਨਿਧ ਰਾਹੀਂ ਇੱਕ ਫੋਟੋਸਟੇਟ ਮਸ਼ੀਨ ਖ਼ਰੀਦੀ ਸੀ। ਪੰਜਾਹ ਹਜ਼ਾਰ ਰੁਪਏ ਦੇ ਬਿੱਲ ਦਾ ਭੁਗਤਾਨ ਡਰਾਫ਼ਟ ਨੰਬਰ 00129123, ਮਿਤੀ 25 ਫ਼ਰਵਰੀ, 20…… (ਪੰਜਾਬ ਨੋਬਨਲ ਬੈਂਕ) ਰਾਹੀਂ ਕੀਤਾ ਗਿਆ ਸੀ। ਇਸ ਮਸ਼ੀਨ ਦੀ ਦੋ ਸਾਲ ਦੀ ਵਰੰਟੀ ਹੈ।
ਮਸ਼ੀਨ ਚਲਾਉਣ ‘ਤੇ ਪਤਾ ਲੱਗਾ ਹੈ ਕਿ ਇਹ ਠੀਕ ਕੰਮ ਨਹੀਂ ਕਰਦੀ। ਇਸ ਵਿੱਚ ਹੇਠ ਦਿੱਤੇ ਨੁਕਸ ਹਨ।
(ੳ) ਇਸ ਮਸ਼ੀਨ ਦੀ ਫੋਟੋ-ਕਾਪੀ ਸਾਫ਼ ਨਹੀਂ। ਇਹ ਖੱਬੇ ਪਾਸੇ ਤੋਂ ਗੂੜੀ ਅਤੇ ਸੱਜੇ ਪਾਸੇ ਤੋਂ ਧੁੰਦਲੀ ਹੈ।
(ਅ ) ਹਰ ਫੋਟੋ-ਕਾਪੀ ਦੇ ਖੱਬੇ ਪਾਸੇ ਇੱਕ ਲਾਈਨ ਆਉਂਦੀ ਹੈ।
(ੲ) ਕਈ ਵਾਰ ਫੋਟੋ-ਕਾਪੀ ‘ਤੇ ਕਾਲੇ ਧੱਬੇ ਵੀ ਆਉਂਦੇ ਹਨ।
(ਸ) ਫੋਟੋ-ਕਾਪੀ ਕਰਦੇ ਸਮੇਂ ਵਾਰ-ਵਾਰ ਕਾਗ਼ਜ਼ ਮਸ਼ੀਨ ਅੰਦਰ ਹੀ ਫਸ ਜਾਂਦਾ ਹੈ।
ਮਸ਼ੀਨ ਦੀ ਖ਼ਰਾਬੀ ਕਾਰਨ ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈ। ਸਨਿਮਰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਆਪਣਾ ਇੰਜੀਨੀਅਰ ਭੇਜ ਕੇ ਇਸ ਮਸ਼ੀਨ ਨੂੰ ਠੀਕ ਕਰਵਾਇਆ ਜਾਵੇ। ਮਸ਼ੀਨ ਦੇ ਨੁਕਸ ਬਾਰੇ ਇੰਜੀਨੀਅਰ ਨੂੰ ਵੇਰਵੇ ਸਹਿਤ ਦੱਸ ਦਿੱਤਾ ਜਾਵੇ ਤਾਂ ਜੋ ਉਹ ਆਉਣ ਲੋੜੀਂਦਾ ਸਮਾਨ ਨਾਲ ਲੈ ਕੇ ਆਵੇ।
ਆਸ ਹੈ ਤੁਸੀਂ ਪਹਿਲ ਦੇ ਆਧਾਰ ‘ਤੇ ਮਸ਼ੀਨ ਨੂੰ ਠੀਕ ਕਰਵਾਓਗੇ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸਪਤਰ,
ਰਾਮ ਪ੍ਰਸ਼ਾਦ ਗਰਗ
ਵਾਸਤੇ ਗਰਗ ਫੋਟੋਸਟੇਟ ਹਾਊਸ।