CBSEEducationKavita/ਕਵਿਤਾ/ कविताNCERT class 10thPunjab School Education Board(PSEB)

ਫਰੀਦਾ ਮੈ ਜਾਨਿਆ……..ਘਰਿ ਏਹਾ ਅਗਿ ॥


ਸੂਫ਼ੀ ਕਾਵਿ: ਸ਼ੇਖ਼ ਫ਼ਰੀਦ ਜੀ (ਸਲੋਕ)

ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ॥

ਉਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥

ਪ੍ਰਸੰਗ : ਇਹ ਕਾਵਿ-ਟੋਟਾ ਸ਼ੇਖ਼ ਫ਼ਰੀਦ ਜੀ ਦਾ ਰਚਿਆ ਹੋਇਆ ਇਕ ‘ਸਲੋਕ’ ਹੈ, ਜੋ ਕਿ ਸਾਹਿਤ-ਮਾਲਾ’ ਪੁਸਤਕ ਵਿਚ ਦਰਜ ਹੈ। ਇਸ ਸਲੋਕ ਵਿੱਚ ਫ਼ਰੀਦ ਜੀ ਇਹ ਭਾਵ ਪ੍ਰਗਟ ਕਰਦੇ ਹਨ ਕਿ ਸਾਰਾ ਸੰਸਾਰ ਹੀ ਦੁੱਖਾਂ ਨਾਲ ਭਰਪੂਰ ਹੈ।

ਵਿਆਖਿਆ : ਫ਼ਰੀਦ ਜੀ ਫਰਮਾਉਂਦੇ ਹਨ ਕਿ ਮੈਂ ਇਹ ਸਮਝਿਆ ਸੀ ਕਿ ਕੇਵਲ ਮੈਨੂੰ ਹੀ ਦੁੱਖ ਲੱਗੇ ਹਨ ਪਰ ਅਸਲ ਵਿੱਚ ਦੁੱਖ ਤਾਂ ਸਾਰੇ ਸੰਸਾਰ ਵਿੱਚ ਹੀ ਹੈ। ਜਦੋਂ ਮੈਂ ਆਪਣੇ ਦੁੱਖ ਤੋਂ ਜ਼ਰਾ ਉਚੇਰਾ ਹੋ ਕੇ ਧਿਆਨ ਮਾਰਿਆ ਤਾਂ ਹਰੇਕ ਘਰ ਵਿੱਚ ਇਹੋ ਦੁੱਖ ਦੀ ਅੱਗ ਬਲਦੀ ਦਿਖਾਈ ਦਿੱਤੀ। ਅਰਥਾਤ ਇਸ ਸੰਸਾਰ ਵਿੱਚ ਹਰੇਕ ਜੀਵ ਦੁਖੀ ਹੈ। ਇੱਥੇ ਕੋਈ ਵੀ ਦੁੱਖਾ ਤੋਂ ਬਚਿਆ ਹੋਇਆ ਨਹੀਂ।


‘ਫਰੀਦਾ ਮੈਂ ਜਾਨਿਆ ਦੁਖੁ ……..’ ਵਾਲੇ ਸਲੋਕ ਦਾ ਕੇਂਦਰੀ ਭਾਵ

ਪ੍ਰਸ਼ਨ. ‘ਫਰੀਦਾ ਮੈਂ ਜਾਨਿਆ ਦੁਖੁ ……..’ ਵਾਲੇ ਸਲੋਕ ਦਾ ਕੇਂਦਰੀ (ਅੰਤ੍ਰੀਵ) ਭਾਵ ਲਿਖੋ।

ਉੱਤਰ : ਇਸ ਸੰਸਾਰ ਵਿੱਚ ਹਰੇਕ ਜੀਵ ਦੁਖੀ ਹੈ। ਸਾਨੂੰ ਇਹ ਕਦੀ ਨਹੀਂ ਸਮਝਣਾ ਚਾਹੀਦਾ ਕਿ ਦੁੱਖ ਕੇਵਲ ਮੈਨੂੰ ਹੀ ਹੈ।


ਫਰੀਦਾ ਹਉ ਬਲਿਹਾਰੀ………..ਰਬ ਨ ਛੋਡਨਿ ਪਾਸੁ॥

ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਫਰੀਦਾ ਹਉ ਬਲਿਹਾਰੀ ਤਿਨ ਪੰਖੀਆ ਜੰਗਲਿ ਜਿਨਾ ਵਾਸੁ॥

ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥

ਪ੍ਰਸੰਗ : ਇਹ ਕਾਵਿ-ਟੋਟਾ ਸੇਖ ਫ਼ਰੀਦ ਜੀ ਦਾ ਰਚਿਆ ਹੋਇਆ ਇਕ ‘ਸਲੋਕ’ ਹੈ, ਜੋ ਕਿ ਸਾਹਿਤ ਮਾਲਾ’ ਪੁਸਤਕ ਵਿੱਚ ਦਰਜ ਹੈ। ਇਸ ਸਲੋਕ ਵਿੱਚ ਫ਼ਰੀਦ ਜੀ ਨੇ ਉਨ੍ਹਾਂ ਪੰਛੀਆਂ ਦੀ ਮਹਿਮਾ ਕੀਤੀ ਹੈ, ਜਿਹੜੇ ਜੰਗਲ ਵਿੱਚ ਰਹਿ ਕੇ ਸਾਦਾ ਜੀਵਨ ਗੁਜਾਰਦੇ ਹਨ, ਪਰੰਤੂ ਰੱਬ ਦਾ ਲੜ ਨਹੀਂ ਛੱਡਦੇ।

ਵਿਆਖਿਆ : ਫ਼ਰੀਦ ਜੀ ਫਰਮਾਉਂਦੇ ਹਨ ਕਿ ਮੈਂ ਉਨ੍ਹਾਂ ਪੰਛੀਆਂ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਦਾ ਵਾਸਾ ਜੰਗਲ ਵਿੱਚ ਹੈ। ਉੱਥੇ ਉਹ ਰੋੜ ਚੁਗਦੇ ਹਨ ਅਤੇ ਧਰਤੀ ‘ਤੇ ਵਸਦੇ ਹਨ ਪਰੰਤੂ ਰੱਬ ਦਾ ਆਸਰਾ ਨਹੀਂ ਛੱਡਦੇ। ਭਾਵ ਮਹਿਲਾਂ ਵਿੱਚ ਰਹਿਣ ਵਾਲੇ ਅਤੇ ਪਲੇ ਹੋਏ ਸਰੀਰਾਂ ਵਾਲੇ, ਪਰੰਤੂ ਰੱਬ ਨੂੰ ਭੁਲਾ ਦੇਣ ਵਾਲੇ ਉਨ੍ਹਾਂ ਬੰਦਿਆਂ ਨਾਲੋਂ ਤਾਂ ਪੰਛੀ ਹੀ ਚੰਗੇ ਹਨ, ਜੋ ਰੁੱਖਾਂ ਉੱਤੇ ਆਲ੍ਹਣੇ ਬਣਾ ਕੇ ਰਹਿੰਦੇ ਹੋਏ, ਰੋੜ ਚੁਗ ਕੇ ਗੁਜ਼ਾਰਾ ਕਰਦੇ ਹਨ, ਪਰੰਤੂ ਰੱਬ ਨੂੰ ਯਾਦ ਰੱਖਦੇ ਹਨ।


‘ਫਰੀਦਾ ਹਉ ਬਲਿਹਾਰੀ……’ ਵਾਲੇ ਸਲੋਕ ਦਾ ਕੇਂਦਰੀ ਭਾਵ

ਪ੍ਰਸਨ. ‘ਫਰੀਦਾ ਹਉ ਬਲਿਹਾਰੀ…… ਵਾਲੇ ਸਲੋਕ ਦਾ ਕੇਂਦਰੀ (ਅੰਤ੍ਰੀਵ) ਭਾਵ ਲਿਖੋ।

ਉੱਤਰ : ਰੱਬ ਨੂੰ ਭੁਲਾ ਦੇਣ ਵਾਲੇ ਉਨ੍ਹਾਂ ਬੰਦਿਆਂ ਨਾਲੋਂ ਤਾਂ ਪੰਛੀ ਚੰਗੇ ਹਨ, ਜੋ ਰੁੱਖਾਂ ਉੱਤੇ ਆਲ੍ਹਣੇ ਬਣਾ ਕੇ ਰਹਿੰਦੇ ਹੋਏ ਰੋੜ-ਚੁਗ ਕੇ ਗੁਜ਼ਾਰਾ ਕਰਦੇ ਹਨ, ਪਰੰਤੂ ਰੱਬ ਨੂੰ ਯਾਦ ਰੱਖਦੇ ਹਨ।


ਇਕੁ ਫਿਕਾ ਨਾ ਗਾਲਾਇ…………ਮਾਣਕ ਸਭ ਅਮੋਲਵੇ ॥

ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਇਕੁ ਫਿਕਾ ਨਾ ਗਾਲਾਇ ਸਭਨਾ ਮੈ ਸਚਾ ਧਣੀ ॥

ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥

ਪ੍ਰਸੰਗ : ਇਹ ਕਾਵਿ-ਟੋਟਾ ਸ਼ੇਖ ਫਰੀਦ ਜੀ ਦਾ ਰਚਿਆ ਹੋਇਆ ਇਕ ਸਲੋਕ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹੈ। ਇਸ ਸਲੋਕ ਵਿੱਚ ਫਰੀਦ ਜੀ ਉਪਦੇਸ਼ ਦਿੰਦੇ ਹਨ ਕਿ ਸਾਨੂੰ ਕਿਸੇ ਨਾਲ ਫਿੱਕਾ ਨਹੀਂ ਬੋਲਣਾ ਚਾਹੀਦਾ ਹੈ, ਕਿਉਂਕਿ ਹਰ ਇਕ ਦੇ ਹਿਰਦੇ ਵਿੱਚ ਸੱਚਾ ਪ੍ਰਭੂ ਆਪ ਵਸਦਾ ਹੈ।

ਵਿਆਖਿਆ : ਫ਼ਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ ! ਤੂੰ ਕਿਸੇ ਨਾਲ ਇਕ ਵੀ ਫਿੱਕਾ ਬੋਲ, ਨਾ ਬੋਲ, ਕਿਉਂਕਿ ਸਾਰਿਆ ਦੇ ਹਿਰਦਿਆਂ ਵਿੱਚ ਸੱਚਾ ਰੱਬ ਵਸਦਾ ਹੈ। ਫਿੱਕਾ ਬੋਲ ਕੇ ਕਿਸੇ ਦਾ ਹਿਰਦਾ ਤੋੜਨਾ ਠੀਕ ਨਹੀਂ ਕਿ “ਕਿ ਸਾਰਿਆ ਦੇ ਮਨ ਬਹੁਮੁੱਲੇ ਮਾਣਕ (ਮੋਤੀ) ਹਨ। ਭਾਵ ਸਾਨੂੰ ਫਿੱਕਾ ਬੋਲ ਕੇ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੀਦਾ, ਕਿਉਂਕਿ ਸਾਰਿਆਂ ਵਿੱਚ ਰੱਬ ਆਪ ਵਸਦਾ ਹੈ।


‘ਇਕੁ ਫਿਕਾ ਨਾ ਗਾਲਾਇ…’ ਵਾਲੇ ਸਲੋਕ ਦਾ ਕੇਂਦਰੀ ਭਾਵ

ਪ੍ਰਸ਼ਨ. ‘ਇਕੁ ਫਿਕਾ ਨਾ ਗਾਲਾਇ…’ ਵਾਲੇ ਸਲੋਕ ਦਾ ਕੇਂਦਰੀ (ਅੰਤ੍ਰੀਵ) ਭਾਵ ਲਿਖੋ ।

ਉੱਤਰ : ਸਾਨੂੰ ਕਿਸੇ ਨਾਲ ਫਿੱਕਾ ਨਹੀਂ ਬੋਲਣਾ ਚਾਹੀਦਾ, ਕਿਉਂਕਿ ਹਰ ਇਕ ਦੇ ਹਿਰਦੇ ਵਿੱਚ ਪ੍ਰਭੂ ਆਪ ਵਸਦਾ ਹੈ।