CBSEEducationKavita/ਕਵਿਤਾ/ कविताNCERT class 10thPunjab School Education Board(PSEB)

ਫਰੀਦਾ ਜੰਗਲੁ ਜੰਗਲੁ……….ਜੰਗਲੁ ਕਿਆ ਢੂਢੇਹਿ॥


ਸੂਫ਼ੀ ਕਾਵਿ : ਸ਼ੇਖ਼ ਫ਼ਰੀਦ ਜੀ (ਸਲੋਕ)


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥

ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥

ਪ੍ਰਸੰਗ : ਇਹ ਕਾਵਿ-ਟੋਟਾ ਸ਼ੇਖ਼ ਫ਼ਰੀਦ ਜੀ ਦਾ ਰਚਿਆ ਹੋਇਆ ਇਕ ਸਲੋਕ ਹੈ, ਜੋ ਕਿ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹੈ। ਇਸ ਸਲੋਕ ਵਿੱਚ ਫ਼ਰੀਦ ਜੀ ਦੱਸਦੇ ਹਨ ਕਿ ਪਰਮਾਤਮਾ ਮਨੁੱਖ ਦੇ ਹਿਰਦੇ ਵਿੱਚ ਹੀ ਵਸਦਾ ਹੈ।

ਵਿਆਖਿਆ : ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਹੇ ਮਨੁੱਖ ! ਤੂੰ ਰੱਬ ਦੀ ਭਾਲ ਵਿੱਚ ਜੰਗਲਾਂ ਵਿੱਚ ਕਿਉਂ ਘੁੰਮਦਾ ਹੈਂ? ਇਸ ਤਰ੍ਹਾਂ ਭਟਕਦਾ ਹੋਇਆ ਤੂੰ ਕਿਉਂ ਜੰਗਲਾਂ ਦੇ ਕੰਡੇ ਲਿਤਾੜ ਰਿਹਾ ਹੈਂ? ਰੱਬ ਤਾਂ ਤੇਰੇ ਹਿਰਦੇ ਵਿੱਚ ਹੀ ਵਸਦਾ ਹੈ। ਤੂੰ ਜੰਗਲਾਂ ਵਿੱਚ ਕੀ ਲੱਭਦਾ ਹੈ? ਭਾਵ ਮਨੁੱਖ ਨੂੰ ਰੱਬ ਦੀ ਭਾਲ ਵਿੱਚ ਇਧਰ-ਉਧਰ ਜੰਗਲਾਂ ਆਦਿ ਵਿੱਚ ਨਹੀਂ ਭਟਕਣਾ ਚਾਹੀਦਾ, ਸਗੋਂ ਉਸ ਨੂੰ ਉਸ ਦੀ ਭਾਲ ਆਪਣੇ ਹਿਰਦੇ ਵਿੱਚੋਂ ਹੀ ਕਰਨੀ ਚਾਹੀਦੀ ਹੈ।


ਫਰੀਦਾ ਜੰਗਲੁ ਜੰਗਲੁ……. ‘ ਵਾਲੇ ਸਲੋਕ ਦਾ ਕੇਂਦਰੀ ਭਾਵ


ਪ੍ਰਸ਼ਨ. ‘ਫਰੀਦਾ ਜੰਗਲੁ ਜੰਗਲੁ.. ‘ ਵਾਲੇ ਸਲੋਕ ਦਾ ਕੇਂਦਰੀ (ਅੰਤ੍ਰੀਵ) ਭਾਵ ਲਗਪਗ 40 ਸ਼ਬਦਾਂ ਵਿੱਚ ਲਿਖੋ।

ਉੱਤਰ : ਮਨੁੱਖ ਨੂੰ ਰੱਬ ਦੀ ਭਾਲ ਲਈ ਜੰਗਲਾਂ ਵਿੱਚ ਨਹੀਂ ਭਟਕਣਾ ਚਾਹੀਦਾ, ਸਗੋਂ ਉਸ ਨੂੰ ਉਸ ਦੀ ਭਾਲ ਆਪਣੇ ਹਿਰਦੇ ਵਿੱਚੋਂ ਹੀ ਕਰਨੀ ਚਾਹੀਦੀ ਹੈ।


ਫਰੀਦਾ ਸਕਰ ਖੰਡ……….ਰਬ ਨ ਪੁਜਨਿ ਤੁਧੁ ॥

ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਫਰੀਦਾ ਸਕਰ ਖੰਡ ਨਿਵਾਤ ਗੁੜੁ ਮਾਖਿਉ ਮਾਝਾ ਦੁਧੁ ॥

ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥

ਪ੍ਰਸੰਗ : ਇਹ ਕਾਵਿ-ਟੋਟਾ ਸ਼ੇਖ਼ ਫ਼ਰੀਦ ਜੀ ਦਾ ਰਚਿਆ ਹੋਇਆ ਇਕ ਸਲੋਕ ਹੈ, ਜੋ ਕਿ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹੈ l। ਇਸ ਸਲੋਕ ਵਿੱਚ ਫ਼ਰੀਦ ਜੀ ਨੇ ਦੱਸਿਆ ਹੈ ਕਿ ਪ੍ਰਭੂ ਦੇ ਨਾਮ ਦੀ ਮਿਠਾਸ ਲਾਸਾਨੀ ਹੈ।

ਵਿਆਖਿਆ : ਫ਼ਰੀਦ ਜੀ ਫਰਮਾਉਂਦੇ ਹਨ ਕਿ ਸ਼ੱਕਰ, ਖੰਡ, ਮਿਸ਼ਰੀ, ਗੁੜ, ਸ਼ਹਿਦ ਅਤੇ ਮਾਝਾ ਦੁੱਧ, ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ। ਪਰ ਹੇ ਰੱਬ ! ਇਹ ਚੀਜਾਂ ਮਿਠਾਸ ਵਿੱਚ ਤੇਰੇ ਨਾਮ ਦੀ ਮਿਠਾਸ ਤਕ ਨਹੀਂ ਅੱਪੜ ਸਕਦੀਆਂ ਅਰਥਾਤ ਤੇਰੇ ਨਾਮ ਦੀ ਮਿਠਾਸ ਲਾਸਾਨੀ ਹੈ।


‘ਫਰੀਦਾ ਸਕਰ ਖੰਡੂ ‘ ਵਾਲੇ ਸਲੋਕ ਦਾ ਕੇਂਦਰੀ ਭਾਵ

ਪ੍ਰਸ਼ਨ. ‘ਫਰੀਦਾ ਸਕਰ ਖੰਡੂ ‘ ਵਾਲੇ ਸਲੋਕ ਦਾ ਕੇਂਦਰੀ (ਅੰਤ੍ਰੀਵ) ਭਾਵ 40 ਕੁ ਸ਼ਬਦਾਂ ਵਿੱਚ ਲਿਖੋ।

ਉੱਤਰ : ਪ੍ਰਭੂ ਦੇ ਨਾਮ ਦੀ ਮਿਠਾਸ ਲਾਸਾਨੀ ਹੈ। ਇਸ ਕਰਕੇ ਸਾਨੂੰ ਉਸ ਦਾ ਨਾਮ ਲੈ ਕੇ ਉਸ ਦੀ ਮਿਠਾਸ ਦਾ ਅਦਭੁਤ ਰਸ ਮਾਣਨਾ ਚਾਹੀਦਾ ਹੈ।


ਫਰੀਦਾ ਰੋਟੀ ਮੇਰੀ………. ਘਣੇ ਸਹਿਨਗੇ ਦੁਖ।

ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥

ਜਿਨਾ ਖਾਧੀ ਚੋਪੜੀ ਘਣੇ ਸਹਿਨਗੇ ਦੁਖ ॥

ਪ੍ਰਸੰਗ : ਇਹ ਕਾਵਿ-ਟੋਟਾ ਸ਼ੇਖ਼ ਫ਼ਰੀਦ ਜੀ ਦਾ ਰਚਿਆ ਹੋਇਆ ਇਕ ‘ਸਲੋਕ’ ਹੈ, ਜੋ ਕਿ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹੈ। ਇਸ ਵਿੱਚ ਫ਼ਰੀਦ ਜੀ ਇਹ ਵਿਚਾਰ ਪੇਸ਼ ਕਰਦੇ ਹਨ ਕਿ ਸੰਸਾਰਿਕ ਭੋਗਾਂ ਵਿੱਚ ਖੁੱਭੇ ਰਹਿਣ ਵਾਲੇ ਲੋਕਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਬਹੁਤ ਦੁੱਖ ਸਹਿਣੇ ਪੈਂਦੇ ਹਨ।

ਵਿਆਖਿਆ : ਫ਼ਰੀਦ ਜੀ ਆਪਣੀ ਕਰੜੀ ਤਪੱਸਿਆ ਦਾ ਜ਼ਿਕਰ ਕਰਦੇ ਹੋਏ ਫਰਮਾਉਂਦੇ ਹਨ ਕਿ ਮੇਰੀ ਰੋਟੀ ਜੌਂਆਂ ਦੀ ਹੈ ਅਤੇ ਮੇਰੀ ਭੁੱਖ ਉਸ ਦੇ ਨਾਲ ਸਲੂਣਾ ਹੈ। ਜਿਹੜੇ ਇਸ ਸੰਸਾਰ ਵਿੱਚ ਚੋਪੜੀਆਂ ਖਾਂਦੇ ਹਨ, ਉਨ੍ਹਾਂ ਨੂੰ ਰੱਬ ਦੀ ਦਰਗਾਹ ਵਿੱਚ ਕਬੂਲ ਨਾ ਪੈਣ ਕਰਕੇ ਬਹੁਤ ਦੁੱਖ ਸਹਿਣੇ ਪੈਂਦੇ ਹਨ। ਭਾਵ ਫ਼ਕੀਰ ਲੋਕ ਸਾਦਾ ਖਾਂਦੇ ਹਨ। ਜਿਹੜੇ ਸੰਸਾਰਿਕ ਭੋਗਾਂ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਬਹੁਤ ਦੁੱਖ ਸਹਿਣੇ ਪੈਂਦੇ ਹਨ।


‘ਫਰੀਦਾ ਰੋਟੀ ਮੇਰੀ ਕਾਠ ਕੀ…….’ ਵਾਲੇ ਸਲੋਕ ਦਾ ਕੇਂਦਰੀ ਭਾਵ

ਪ੍ਰਸ਼ਨ. ‘ਫਰੀਦਾ ਰੋਟੀ ਮੇਰੀ ਕਾਠ ਕੀ…….’ ਵਾਲੇ ਸਲੋਕ ਦਾ ਕੇਂਦਰੀ (ਅੰਤ੍ਰੀਵ) ਭਾਵ ਲਗਪਗ 40 ਸ਼ਬਦਾਂ ਵਿੱਚ ਲਿਖੋ।

ਉੱਤਰ : ਫ਼ਕੀਰ ਲੋਕ ਸਾਦਾ ਖਾਂਦੇ ਹਨ। ਜਿਹੜੇ ਸੰਸਾਰਿਕ ਲੋਕ ਇੱਥੇ ਚੰਗਾ ਖਾਂਦੇ ਹਨ, ਉਨ੍ਹਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਬਹੁਤ ਦੁੱਖ ਸਹਿਣੇ ਪੈਂਦੇ ਹਨ।


ਰੁਖੀ ਸੁਖੀ ਖਾਇ ਕੈ…………ਪਰਾਈ ਚੋਪੜੀ ਨਾ ਤਰਸਾਏ ਜੀਉ ॥

ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥

ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥

ਪ੍ਰਸੰਗ : ਇਹ ਕਾਵਿ-ਟੋਟਾ ਸ਼ੇਖ਼ ਫ਼ਰੀਦ ਜੀ ਦਾ ਰਚਿਆ ਹੋਇਆ ਇਕ ਸਲੋਕ ਹੈ, ਜੋ ਕਿ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹੈ। ਇਸ ਵਿੱਚ ਫ਼ਰੀਦ ਜੀ ਮਨੁੱਖ ਨੂੰ ਸਾਦੀ ਖ਼ੁਰਾਕ ਖਾ ਕੇ ਰੱਬ ਦਾ ਸ਼ੁਕਰ ਕਰਨ ਦੀ ਪ੍ਰੇਰਨਾ ਕਰਦੇ ਹਨ।

ਵਿਆਖਿਆ : ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਮਨੁੱਖ ਨੂੰ ਇਸ ਸੰਸਾਰ ਵਿੱਚ ਰੱਬ ਦੀ ਦਿੱਤੀ ਰੁੱਖੀ-ਸੁੱਕੀ ਖਾ ਕੇ ਠੰਢਾ ਪਾਣੀ ਪੀਣਾ ਤੇ ਸਬਰ ਕਰਨਾ ਚਾਹੀਦਾ ਹੈ। ਉਸ ਨੂੰ ਪਰਾਈਆਂ ਚੋਪੜੀਆਂ ਦੇਖ ਕੇ ਆਪਣੇ ਮਨ ਨੂੰ ਤਰਸਾਉਣਾ ਨਹੀਂ ਚਾਹੀਦਾ। ਭਾਵ ਮਨੁੱਖ ਨੂੰ ਸੰਸਾਰ ਵਿੱਚ ਸਾਦੀ ਖ਼ੁਰਾਕ ਖਾ ਕੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ ਤੇ ਸਬਰ-ਸੰਤੋਖ ਭਰਿਆ ਜੀਵਨ ਗੁਜ਼ਾਰਨਾ ਚਾਹੀਦਾ ਹੈ।


‘ਰੁਖੀ ਸੁਖੀ ਖਾਇ ਕੈ……..’ ਵਾਲੇ ਸਲੋਕ ਦਾ ਕੇਂਦਰੀ ਭਾਵ

ਪ੍ਰਸ਼ਨ. ‘ਰੁਖੀ ਸੁਖੀ ਖਾਇ ਕੈ…….’ ਵਾਲੇ ਸਲੋਕ ਦਾ ਕੇਂਦਰੀ (ਅੰਤ੍ਰੀਵ) ਭਾਵ ਲਗਪਗ 40 ਸ਼ਬਦਾਂ ਵਿੱਚ ਲਿਖੋ l

ਉੱਤਰ : ਮਨੁੱਖ ਨੂੰ ਸੰਸਾਰ ਵਿੱਚ ਸਾਦੀ ਖ਼ੁਰਾਕ ਖਾ ਕੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ ਤੇ ਸਬਰ-ਸੰਤੋਖ ਭਰਿਆ ਜੀਵਨ ਗੁਜ਼ਾਰਨਾ ਚਾਹੀਦਾ ਹੈ।