ਫਰੀਦਾ ਜੇ ਤੂ………….. ਨੀਵਾਂ ਕਰਿ ਦੇਖੁ।


ਸੂਫ਼ੀ ਕਾਵਿ : ਸ਼ੇਖ਼ ਫ਼ਰੀਦ ਜੀ (ਸਲੋਕ)


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥

ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥

ਪ੍ਰਸੰਗ : ਇਹ ਕਾਵਿ-ਟੋਟਾ ਸ਼ੇਖ਼ ਫ਼ਰੀਦ ਜੀ ਦਾ ਰਚਿਆ ਹੋਇਆ ਇਕ ਸਲੋਕ ਹੈ, ਜੋ ਕਿ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹੈ। ਇਸ ਸਲੋਕ ਵਿੱਚ ਫ਼ਰੀਦ ਜੀ ਨੇ ਮਨੁੱਖ ਨੂੰ ਦੂਜਿਆਂ ਦੀ ਨਿੰਦਿਆ ਕਰਨ ਤੋਂ ਵਰਜਿਆ ਹੈ।

ਵਿਆਖਿਆ : ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਹੇ ਮਨੁੱਖ ! ਜੇਕਰ ਤੂੰ ਬੜੀ ਸੂਖ਼ਮ ਤੇ ਬਰੀਕ ਸਮਝ ਰੱਖਦਾ ਹੈਂ, ਤਾਂ ਤੈਨੂੰ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਤੈਨੂੰ ਕਿਸੇ ਦੀ ਨਿੰਦਿਆ ਕਰਨ ਤੋਂ ਪਹਿਲਾਂ ਆਪਣੇ ਗਿਰੀਬਾਨ (ਚੋਲੇ) ਵਿੱਚ ਸਿਰ ਨੀਵਾਂ ਕਰ ਕੇ ਦੇਖਣਾ ਚਾਹੀਦਾ ਹੈ, ਤਾਂ ਤੈਨੂੰ ਆਪਣਾ ਆਪ ਵੀ ਔਗੁਣਾਂ ਨਾਲ ਭਰਿਆ ਹੋਇਆ ਦਿਸੇਗਾ। ਭਾਵ ਮਨੁੱਖ ਨੂੰ ਕਿਸੇ ਦੇ ਔਗੁਣ ਨਹੀਂ ਫੋਲਣੇ ਚਾਹੀਦੇ ਕਿਉਂਕਿ ਉਹ ਆਪ ਵੀ ਔਗੁਣਹਾਰ ਹੈ।


‘ਫਰੀਦਾ ਜੇ ਤੂ ਅਕਲਿ ਲਤੀਫ਼’ ਵਾਲੇ ਸਲੋਕ ਦਾ ਕੇਂਦਰੀ ਭਾਵ

ਪ੍ਰਸ਼ਨ. ‘ਫਰੀਦਾ ਜੇ ਤੂ ਅਕਲਿ ਲਤੀਫ਼’ ਵਾਲੇ ਸਲੋਕ ਦਾ ਕੇਂਦਰੀ (ਅੰਤ੍ਰੀਵ) ਭਾਵ ਲਿਖੋ।

ਉੱਤਰ : ਮਨੁੱਖ ਨੂੰ ਕਿਸੇ ਦੇ ਔਗੁਣ ਨਹੀਂ ਫੋਲਣੇ ਚਾਹੀਦੇ ਕਿਉਂਕਿ ਉਹ ਆਪ ਵੀ ਬੜਾ ਔਗੁਣਹਾਰ ਹੈ।


ਫਰੀਦਾ ਜੋ ਤੈ………. ਪੈਰ ਤਿਨ੍ਹਾ ਦੇ ਚੁੰਮਿ।

ਪ੍ਰਸ਼ਨ. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਫਰੀਦਾ ਜੋ ਤੈ ਮਾਰਨਿ ਮੁਕੀਆ ਤਿਨ੍ਹਾ ਨ ਮਾਰੇ ਘੁੰਮਿ॥

ਆਪਨੜੈ ਘਰਿ ਜਾਈਐ ਪੈਰ ਤਿਨ੍ਹਾ ਦੇ ਚੁੰਮਿ ॥

ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਸ਼ੇਖ਼ ਫ਼ਰੀਦ ਜੀ ਦਾ ਰਚਿਆ ਹੋਇਆ ਇਕ ਸਲੋਕ ਹੈ। ਇਸ ਵਿੱਚ ਫ਼ਰੀਦ ਜੀ ਮਨੁੱਖ ਨੂੰ ਬੁਰਾ ਸਲੂਕ ਕਰਨ ਵਾਲਿਆਂ ਨਾਲ ਵੀ ਚੰਗਾ ਸਲੂਕ ਕਰਨ ਦਾ ਉਪਦੇਸ਼ ਦਿੰਦੇ ਹਨ।

ਵਿਆਖਿਆ : ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਹੇ ਮਨੁੱਖ ! ਜਿਹੜੇ ਤੇਰੇ ਮੁੱਕੀਆਂ ਮਾਰਦੇ ਹਨ, ਤੈਨੂੰ ਬਦਲੇ ਵਿੱਚ ਉਨ੍ਹਾਂ ਦੇ ਮੁੱਕੀਆ ਹੀ ਨਹੀਂ ਮਾਰਨੀਆਂ ਚਾਹੀਦੀਆਂ ਭਾਵ ਤੈਨੂੰ ਬੁਰਾ ਸਲੂਕ ਕਰਨ ਵਾਲਿਆਂ ਨਾਲ ਬੁਰਾ ਸਲੂਕ ਨਹੀਂ ਕਰਨਾ ਚਾਹੀਦਾ, ਸਗੋਂ ਉਨ੍ਹਾਂ ਦੇ ਪੈਰ ਚੁੰਮਣੇ ਚਾਹੀਦੇ ਹਨ ਕਿਉਂਕਿ ਉਨ੍ਹਾਂ ਦੇ ਪੈਰ ਚੁੰਮਣ ਨਾਲ ਮਨੁੱਖ ਆਪਣੇ ਘਰ ਅਰਥਾਤ ਸ਼ਾਂਤ ਅਵਸਥਾ ਵਿੱਚ ਅਪੜ ਜਾਂਦਾ ਹੈ।


‘ਫਰੀਦਾ ਜੋ ਤੈ ਮਾਰਨਿ…….’ ਵਾਲੇ ਸਲੋਕ ਦਾ ਕੇਂਦਰੀ ਭਾਵ


ਪ੍ਰਸ਼ਨ. ‘ਫਰੀਦਾ ਜੋ ਤੈ ਮਾਰਨਿ…….’ ਵਾਲੇ ਸਲੋਕ ਦਾ ਕੇਂਦਰੀ (ਅੰਤ੍ਰੀਵ) ਭਾਵ ਲਗਪਗ 40 ਸ਼ਬਦਾਂ ਵਿੱਚ ਲਿਖੋ ।

ਉੱਤਰ : ਮਨੁੱਖ ਨੂੰ ਬੁਰਾ ਸਲੂਕ ਕਰਨ ਵਾਲੇ ਨਾਲ ਬੁਰਾ ਨਹੀਂ, ਸਗੋਂ ਚੰਗਾ ਸਲੂਕ ਕਰਨਾ ਚਾਹੀਦਾ ਹੈ। ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ।