25-30 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਮੇਲਿਆਂ ਦਾ ਕੀ ਮਹੱਤਵ ਹੈ?
ਉੱਤਰ : ਕਿਸੇ ਜਾਤੀ ਦੀ ਸੰਸਕ੍ਰਿਤਿਕ ਨੁਹਾਰ ਮੇਲਿਆਂ ਤੇ ਤਿਉਹਾਰਾਂ ਵਿੱਚੋਂ ਪ੍ਰਤਿਬਿੰਬਤ ਹੁੰਦੀ ਹੈ। ਮੇਲਿਆਂ ਵਿੱਚ ਕੋਈ ਜਾਤੀ ਖੁੱਲ੍ਹ ਕੇ ਸਾਹ ਲੈਂਦੀ, ਲੋਕ-ਪ੍ਰਤਿਭਾ ਨਿਖਰਦੀ ਅਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਮੇਲੇ ਮਨ-ਪਰਚਾਵੇ ਅਤੇ ਮੇਲ-ਜੋਲ ਦੇ ਸਮੂਹਿਕ ਵਸੀਲੇ ਹਨ। ਮੇਲੇ ਸਾਡੇ ਧਾਰਮਿਕ ਤੇ ਕਲਾਤਮਿਕ ਭਾਵਾਂ ਦੀ ਤ੍ਰਿਪਤੀ ਕਰਦੇ ਹਨ।
ਪ੍ਰਸ਼ਨ 2. ਪੰਜਾਬੀ ਜੀਵਨ ਵਿੱਚ ਮੇਲੇ ਦਾ ਕੀ ਮਹੱਤਵ ਹੈ?
ਉੱਤਰ : ਮੇਲਾ ਪੰਜਾਬੀ ਚਰਿੱਤਰ ਵਿੱਚ ਹੀ ਬੀਜ-ਰੂਪ ਵਿੱਚ ਸਮਾਇਆ ਹੋਇਆ ਹੈ। ਪੰਜਾਬੀਆਂ ਲਈ ਹਰ ਪਲ, ਹਰ ਦਿਨ ਅਤੇ ਹਰ ਪੁਰਬ ਮੇਲੇ ਸਮਾਨ ਹੈ। ਦੂਸਰੇ ਪ੍ਰਾਂਤਾਂ ਦੇ ਲੋਕ ਕਹਿੰਦੇ ਹਨ ਕਿ ਪੰਜਾਬੀ ਦੁਨੀਆਂ ਵਿੱਚ ਆਏ ਹੀ ਮੇਲਾ ਮਨਾਉਣ ਲਈ ਹਨ। ਜਿੱਥੇ ਚਾਰ-ਛੇ ਪੰਜਾਬੀ ਜੁੜ ਜਾਣ ਉਹ ਤੁਰਦਾ ਫਿਰਦਾ ਮੇਲਾ ਹੀ ਬਣ ਜਾਂਦਾ ਹੈ। ਪਰ ਜਦ ਸੱਚ-ਮੁੱਚ ਹੀ ਕੋਈ ਮੇਲਾ ਜਾਂ ਤਿਉਹਾਰ ਹੋਵੇ ਫਿਰ ਤਾਂ ਪੰਜਾਬੀਆਂ ਦਾ ਨੂਰ ਅਤੇ ਭਖਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ। ਹਰ ਪੰਜਾਬੀ ਮੇਲੇ ਵਿੱਚ ਲਾੜਾ ਬਣਿਆ ਹੁੰਦਾ ਹੈ।
ਪ੍ਰਸ਼ਨ 3. ਮੇਲੇ ਵਿੱਚ ਸਜਦੇ ਬਜ਼ਾਰ ਬਾਰੇ ਜਾਣਕਾਰੀ ਦਿਓ।
ਉੱਤਰ : ਪੰਜਾਬੀ ਹਰ ਮੇਲੇ ‘ਤੇ ਕੋਈ ਨਵੀਂ ਚੀਜ਼ ਜ਼ਰੂਰ ਖ਼ਰੀਦਦੇ ਹਨ। ਇਸ ਲਈ ਹਰ ਮੇਲੇ ਵਿੱਚ ਇੱਕ ਬਜ਼ਾਰ ਸਜਿਆ ਹੁੰਦਾ ਹੈ ਜਿੱਥੇ ਖਾਣ-ਪੀਣ ਦੀਆਂ ਵੱਖ-ਵੱਖ ਚੀਜ਼ਾਂ ਤੋਂ ਬਿਨਾਂ ਨਿੱਤ ਵਰਤੋਂ ਦੀਆਂ ਚੀਜ਼ਾਂ, ਵੰਗਾਂ-ਚੂੜੀਆਂ, ਹਾਰ-ਸ਼ਿੰਗਾਰ ਤੇ ਖਿਡੌਣਿਆਂ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ। ਇਲਾਕੇ ਦੇ ਕਲਾਕਾਰ ਅਤੇ ਸ਼ਿਲਪੀ ਆਪਣੀ ਕਲਾ ਦੀਆਂ ਸੁੰਦਰ ਕ੍ਰਿਤਾਂ ਮੇਲੇ ਵਿੱਚ ਲੈ ਕੇ ਆਉਂਦੇ ਹਨ।
ਪ੍ਰਸ਼ਨ 4. ਪੰਜਾਬ ਦੇ ਬਹੁਤੇ ਮੇਲਿਆਂ ਦਾ ਸੰਬੰਧ ਕਿਸ ਨਾਲ ਹੈ?
ਉੱਤਰ : ਪੰਜਾਬ ਦੇ ਬਹੁਤੇ ਮੇਲਿਆਂ ਦਾ ਸੰਬੰਧ ਮੌਸਮਾਂ, ਰੁੱਤਾਂ ਅਤੇ ਤਿਉਹਾਰਾਂ ਨਾਲ ਹੈ। ਮੌਸਮੀ ਮੇਲੇ ਰੁੱਤਾਂ ਦੇ ਬਦਲਦੇ ਗੇੜ ਵਿੱਚੋਂ ਪੈਦਾ ਹੋਏ।
ਇਹ ਮੇਲੇ ਮਨੁੱਖੀ ਮਨ ਦੀ ਕੁਦਰਤ ਨਾਲ ਇਕਸੁਰਤਾ ਦੇ ਪ੍ਰਤੀਕ ਹਨ। ਹਰ ਨਵੀਂ ਰੁੱਤ ਆਪਣੇ ਨਾਲ ਨਵਾਂ ਪ੍ਰਕਿਰਤਿਕ ਵਾਤਾਵਰਨ ਲੈ ਕੇ ਆਉਂਦੀ ਹੈ ਅਤੇ ਜੀਵਨ ਵਿੱਚ ਨਵਾਂ ਸਾਹਸ ਪੈਦਾ ਕਰਦੀ ਹੈ।
ਪ੍ਰਸ਼ਨ 5. ਬਸੰਤ ਦੀ ਰੁੱਤ ਨਾਲ ਸੰਬੰਧਿਤ ਤਿਉਹਾਰ ਬਾਰੇ ਜਾਣਕਾਰੀ ਦਿਓ।
ਉੱਤਰ : ਬਸੰਤ ਦੀ ਰੁੱਤ ਸਭ ਰੁੱਤਾਂ ਵਿੱਚੋਂ ਸੋਹਣੀ ਹੈ। ਇਸੇ ਰੁੱਤ ਵਿੱਚ ਮਾਘ ਸੁਦੀ ਪੰਜ ਨੂੰ ਬਸੰਤ ਪੰਚਮੀ ਦਾ ਤਿਉਹਾਰ ਪੰਜਾਬ ਭਰ ਵਿੱਚ ਬਹੁਤ ਖ਼ੁਸ਼ੀ/ਉਤਸ਼ਾਹ ਅਤੇ ਚਾਅ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਬਹੁਤ ਥਾਂਵਾਂ ‘ਤੇ ਮੇਲੇ ਲੱਗਦੇ ਹਨ। ਪਟਿਆਲੇ ਅਤੇ ਛੇਹਰਟੇ ਦੀ ਬਸੰਤ ਪੰਚਮੀ ਖ਼ਾਸ ਤੌਰ ‘ਤੇ ਪ੍ਰਸਿੱਧ ਹੈ। ਦੇਸ ਦੀ ਵੰਡ ਤੋਂ ਪਹਿਲਾਂ ਲਾਹੌਰ ਵਿਖੇ ਹਕੀਕਤ ਰਾਏ ਦੀ ਸਮਾਧ ‘ਤੇ ਬਸੰਤ ਦਾ ਇੱਕ ਵੱਡਾ ਮੇਲਾ ਲੱਗਦਾ ਸੀ।
ਪ੍ਰਸ਼ਨ 6. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਦੇ ਤਿਉਹਾਰ ਨੂੰ ਕਿਹੜੀ ਨਵੀਂ ਦਿਸ਼ਾ ਦਿੱਤੀ?
ਉੱਤਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਦੇ ਤਿਉਹਾਰ ਨੂੰ ਪੰਜਾਬੀਆਂ ਦੀਆਂ ਬੀਰ-ਭਾਵਨਾਵਾਂ ਨੂੰ ਪ੍ਰਜਵੱਲਿਤ ਕਰਨ ਲਈ ਨਵੀਂ ਦਿਸ਼ਾ ਦਿੱਤੀ। ਗੁਰੂ ਜੀ ਹੋਲੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਇੱਕ ਦਰਬਾਰ ਸਜਾਉਂਦੇ ਸਨ ਜਿਸ ਵਿੱਚ ਸੂਰਮੇ ਸ਼ਸਤਰਾਂ ਦੇ ਕਰਤਬ ਦਿਖਾਉਂਦੇ ਸਨ। ਗੁਰੂ ਜੀ ਸਿਰਕੱਢ ਸੂਰਮਿਆਂ ਨੂੰ ਇਨਾਮ ਤੇ ਸਨਮਾਨ ਦਿੰਦੇ ਸਨ। ਅਨੰਦਪੁਰ ਸਾਹਿਬ ਵਿਖੇ ਹੁਣ ਵੀ ਹੋਲੇ-ਮਹੱਲੇ ‘ਤੇ ਭਾਰੀ ਮੇਲਾ ਜੁੜਦਾ ਹੈ।
ਪ੍ਰਸ਼ਨ 7. ਤੀਆਂ ਦੇ ਮੌਸਮੀ ਮੇਲਿਆਂ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ : ਸਾਵਣ ਦੀ ਤੀਜੀ ਤਿਥ ਨੂੰ ਤੀਆਂ ਮਨਾਈਆਂ ਜਾਂਦੀਆਂ ਹਨ। ਤੀਆਂ ਦੇ ਮੌਸਮੀ ਮੇਲੇ ਸਾਵਣ ਦੀ ਸੁਹਾਵਣੀ ਰੁੱਤ ਵਿੱਚ ਲੱਗਦੇ ਹਨ। ਨਵੀਆਂ ਵਿਆਹੀਆਂ ਕੁੜੀਆਂ ਬੜੀ ਉਤਸੁਕਤਾ ਨਾਲ ਇਸ ਦਿਨ ਦੀ ਉਡੀਕ ਕਰਦੀਆਂ ਹਨ। ਤੀਆਂ ਦਾ ਮੇਲਾ ਹਰ ਪਿੰਡ ਵਿੱਚ ਲੱਗਦਾ ਹੈ। ਜੇ ਹੋਰ ਕੁਝ ਨਹੀਂ ਤਾਂ ਪਿੰਡ ਦੀਆਂ ਕੁੜੀਆਂ ਪਿੱਪਲਾਂ ਹੇਠ ਪੀਂਘਾਂ ਪਾ ਕੇ ਝੂਟਦੀਆਂ ਤੇ ਤੀਆਂ ਦੇ ਗੀਤ ਗਾਉਂਦੀਆਂ ਮੇਲਾ ਰਚਾ ਲੈਂਦੀਆਂ ਹਨ।
ਪ੍ਰਸ਼ਨ 8. ਨਾਗ-ਮਾਹਾ ਕਿਸ ਨੂੰ ਕਹਿੰਦੇ ਹਨ?
ਉੱਤਰ : ਪਹਿਲੇ ਸਮਿਆਂ ਵਿੱਚ ਕਿਸਾਨ ਆਪਣੀ ਪੈਲੀ ਨੂੰ ਵਾਹੁਣ, ਬੀਜਣ ਅਤੇ ਵੱਢਣ ਤੋਂ ਪਹਿਲਾਂ ਨਾਗ-ਪੂਜਾ ਕਰਦਾ ਸੀ। ਇਹਨਾਂ ਦਿਨਾਂ ਵਿੱਚ ਖੇਤਾਂ ਦੇ ਨੇੜੇ ਮੇਲੇ ਲੱਗਦੇ ਸਨ। ਇਹਨਾਂ ਮੇਲਿਆਂ ਵਿੱਚ ਨਾਗ-ਦੇਵਤਾ ਦੀ ਉਚੇਚੀ ਪੂਜਾ ਹੁੰਦੀ ਸੀ। ਇਹਨਾਂ ਮੇਲਿਆਂ ਨੂੰ ਨਾਗ-ਮਾਹਾ ਮੇਲੇ ਕਹਿੰਦੇ ਸਨ।
ਪ੍ਰਸ਼ਨ 9. ਛਪਾਰ ਪਿੰਡ ਵਿੱਚ ਲੱਗਦੇ ਮੇਲੇ ਬਾਰੇ ਜਾਣਕਾਰੀ ਦਿਓ।
ਉੱਤਰ : ਲੁਧਿਆਣੇ ਦੇ ਪਿੰਡ ਛਪਾਰ ਵਿੱਚ ਗੁੱਗੇ ਦੀ ਯਾਦ ਵਿੱਚ ਭਾਦਰੋਂ ਸੁਦੀ ਚੌਦਾਂ ਨੂੰ ਮੇਲਾ ਲੱਗਦਾ ਹੈ। ਇਸ ਪਿੰਡ ਦੀ ਦੱਖਣੀ ਗੁੱਠ ਵਿੱਚ ਗੁੱਗੇ ਪੀਰ ਦੀ ਇੱਕ ਮਾੜੀ ਹੈ। ਇਹ ਮਾੜੀ ਗੁੱਗੇ ਦੇ ਭਗਤਾਂ ਵੱਲੋਂ ਰਾਜਸਥਾਨ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ 1880 ਬਿਕਰਮੀ ਵਿੱਚ ਸਥਾਪਿਤ ਕੀਤੀ ਗਈ। ਉਸ ਸਮੇਂ ਤੋਂ ਹੀ ਇਹ ਮੇਲਾ ਲੱਗਦਾ ਆ ਰਿਹਾ ਹੈ।
ਪ੍ਰਸ਼ਨ 10. ਜਰਗ ਦੇ ਮੇਲੇ ਤੋਂ ਜਾਣੂ ਕਰਵਾਓ।
ਉੱਤਰ : ਜਰਗ ਪਿੰਡ ਵਿੱਚ ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਸੀਤਲਾ ਦੇਵੀ ਨੂੰ ਖ਼ੁਸ਼ ਕਰਨ ਲਈ ਮੇਲਾ ਲੱਗਦਾ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਬੱਚਿਆਂ ਨੂੰ ਚੇਚਕ ਦੇ ਦਾਣੇ ਸੀਤਲਾ ਦੇਵੀ ਦੇ ਪ੍ਰਵੇਸ਼ ਨਾਲ ਨਿਕਲਦੇ ਹਨ। ਜਿਨ੍ਹਾਂ ਮਾਂਵਾਂ ਦੇ ਬੱਚੇ ਅਰੋਗ ਹੋ ਜਾਂਦੇ ਹਨ ਉਹ ਉਚੇਚੇ ਤੌਰ ‘ਤੇ ਜਰਗ ਦੇ ਮੇਲੇ ‘ਤੇ ਸੁੱਖਣਾ ਦੇਣ ਲਈ ਆਉਂਦੀਆਂ ਹਨ। ਮੇਲੇ ਦੀ ਪੂਰਵ ਸੰਧਿਆ ‘ਤੇ ਸੀਤਲਾ ਮਾਤਾ ਨੂੰ ਭੇਟ ਕਰਨ ਲਈ ਪਕਾਏ ਗੁਲਗੁਲੇ ਪਹਿਲਾਂ ਸੀਤਲਾ ਮਾਤਾ ਦੇ ਵਾਹਨ ਖੋਤੇ ਨੂੰ ਖੁਆਏ ਜਾਂਦੇ ਹਨ। ਜਰਗ ਦਾ ਮੇਲਾ ਇੱਕ ਟੋਭੇ ਦੁਆਲੇ ਲੱਗਦਾ ਹੈ। ਭਗਤ ਟੋਭੇ ਵਿੱਚੋਂ ਮਿੱਟੀ ਕੱਢ ਕੇ ਇੱਕ ਮਟੀਲਾ ਜਿਹਾ ਖੜ੍ਹਾ ਕਰ ਲੈਂਦੇ ਹਨ ਜਿਸ ਨੂੰ ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ।
ਪ੍ਰਸ਼ਨ 11. ਜਗਰਾਵਾਂ ਦੇ ਰੋਸ਼ਨੀ ਦੇ ਮੇਲੇ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ : ਜਗਰਾਵਾਂ ਵਿੱਚ ਹਰ ਸਾਲ 14 ਤੋਂ 16 ਫੱਗਣ ਤੱਕ ਪ੍ਰਸਿੱਧ ਸੂਫ਼ੀ ਫ਼ਕੀਰ ਅਬਦੁੱਲ ਕਾਦਰ ਜਿਲਾਨੀ ਦੀ ਕਬਰ ‘ਤੇ ਰੋਸ਼ਨੀ ਦਾ ਮੇਲਾ ਲੱਗਦਾ ਹੈ। ਦੇਸ ਦੀ ਵੰਡ ਤੋਂ ਪਿੱਛੋਂ ਭਾਵੇਂ ਮੁਸਲਮਾਨ ਪੰਜਾਬ ਵਿੱਚੋਂ ਹਿਜਰਤ ਕਰ ਗਏ ਪਰ ਇਸ ਤੋਂ ਬਾਅਦ ਵੀ ਇਹ ਮੇਲਾ ਉਸੇ ਜੋਸ਼ ਤੇ ਉਤਸ਼ਾਹ ਨਾਲ ਲਗਾਤਾਰ ਲੱਗ ਰਿਹਾ ਹੈ। ਮੇਲੇ ਦੇ ਦਿਨਾਂ ਵਿੱਚ ਪੀਰ ਦੀ ਕਬਰ ‘ਤੇ ਅਨੇਕਾਂ ਚਿਰਾਗ ਬਾਲੇ ਜਾਣ ਕਾਰਨ ਇਸ ਮੇਲੇ ਦਾ ਨਾਂ ਰੋਸ਼ਨੀ ਪੈ ਗਿਆ।
ਪ੍ਰਸ਼ਨ 12. ਗੁਰੂ ਸਾਹਿਬਾਨ ਦੀ ਯਾਦ ਵਿੱਚ ਲੱਗਦੇ ਮੇਲਿਆਂ ਬਾਰੇ ਜਾਣਕਾਰੀ ਦਿਓ।
ਉੱਤਰ : ਹਰ ਪੂਰਨਮਾਸ਼ੀ ਨੂੰ ਪੱਛਮੀ ਪੰਜਾਬ ਦੇ ਪੰਜਾ ਸਾਹਿਬ ਵਿੱਚ ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਵਿੱਚ ਭਾਰੀ ਮੇਲਾ ਲੱਗਦਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ‘ਤੇ ਲਾਹੌਰ ਵਿੱਚ ਡੇਹਰਾ ਸਾਹਿਬ ਵਿਖੇ ਜੋੜ-ਮੇਲਾ ਲੱਗਦਾ ਸੀ। ਭਾਰਤੀ ਪੰਜਾਬ ਵਿੱਚ ਸ੍ਰੀ ਮੁਕਤਸਰ ਸਾਹਿਬ, ਤਰਨਤਾਰਨ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਆਦਿ ਸਥਾਨਾਂ ‘ਤੇ ਗੁਰੂ ਸਾਹਿਬਾਨ ਦੀ ਯਾਦ ਵਿੱਚ ਮੇਲੇ ਲੱਗਦੇ ਹਨ।
ਪ੍ਰਸ਼ਨ 13. ਸ੍ਰੀ ਮੁਕਤਸਰ ਸਾਹਿਬ ਦੇ ਮੇਲੇ ਨਾਲ ਸੰਬੰਧਿਤ ਇਤਿਹਾਸਿਕ ਘਟਨਾ ਦਾ ਬਿਆਨ ਕਰੋ।
ਉੱਤਰ : ਮਾਘੀ ਵਾਲੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਲੱਗਦਾ ਹੈ। 1705 ਈ. ਵਿੱਚ ਖਿਦਰਾਣੇ ਦੇ ਤਾਲ ਕੰਢੇ ਸਿੰਘਾਂ ਨੇ ਮੁਗ਼ਲ ਫ਼ੌਜਾਂ ਦਾ ਮੁਕਾਬਲਾ ਕੀਤਾ। ਇਸ ਯੁੱਧ ਵਿੱਚ ਉਹ ਚਾਲੀ ਸਿੰਘ ਵੀ ਸ਼ਹੀਦ ਹੋਏ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਆਏ ਸਨ। ਜਥੇਦਾਰ ਮਹਾਂ ਸਿੰਘ ਦੀ ਬੇਨਤੀ ‘ਤੇ ਗੁਰੂ ਜੀ ਨੇ ਬੇਦਾਵਾ ਪਾੜ ਦਿੱਤਾ ਅਤੇ ਉਹਨਾਂ ਸਿੰਘਾਂ ਨਾਲ ਟੁੱਟੀ ਮੁੜ ਗੰਢੀ। ਗੁਰੂ ਜੀ ਨੇ ਇਹਨਾਂ ਸ਼ਹੀਦ ਸਿੰਘਾਂ ਨੂੰ ਮੁਕਤੇ ਕਹਿ ਕੇ ਸਨਮਾਨਿਆ। ਉਹਨਾਂ ਇਸ ਸਥਾਨ ਦਾ ਨਾਂ ਮੁਕਤਸਰ ਰੱਖਿਆ।
ਪ੍ਰਸ਼ਨ 14. ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ-ਮਹੱਲੇ ਬਾਰੇ ਜਾਣਕਾਰੀ ਦਿਓ।
ਉੱਤਰ : ਹੋਲੀ ਤੋਂ ਅਗਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਦੇ ਸਥਾਨ ‘ਤੇ ਇੱਕ ਮੇਲਾ ਲੱਗਦਾ ਹੈ ਜਿਸ ਨੂੰ ‘ਹੋਲਾ-ਮਹੱਲਾ’ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖ਼ਾਲਸੇ ਨੂੰ ਸ਼ਸਤਰ-ਵਿੱਦਿਆ ਦੇਣ ਅਤੇ ਯੁੱਧ-ਕਲਾ ਵਿੱਚ ਨਿਪੁੰਨ ਬਣਾਉਣ ਲਈ ਦੋ ਦਲ ਬਣਾ ਕੇ ਉਹਨਾਂ ਵਿੱਚ ਮਸਨੂਈ (ਫਰਜ਼ੀ/ਨਕਲੀ) ਲੜਾਈ ਕਰਵਾਉਂਦੇ ਸਨ ਅਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਦਿੰਦੇ ਸਨ। ਉਸ ਸਮੇਂ ਤੋਂ ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲੀ ਤੋਂ ਅਗਲੇ ਦਿਨ ਹੋਲਾ-ਮਹੱਲਾ ਮਨਾਇਆ ਜਾਣਾ ਸ਼ੁਰੂ ਹੋਇਆ।
ਪ੍ਰਸ਼ਨ 15. ਚੇਤਰ ਵਿੱਚ ਕਿਹੜੇ ਤਿਉਹਾਰ ਮਨਾਏ ਜਾਂਦੇ ਹਨ?
ਉੱਤਰ : ਚੇਤਰ ਦੀ ਏਕਮ ਨੂੰ ਨਵਾਂ ਸੰਮਤ ਮਨਾਇਆ ਜਾਂਦਾ ਹੈ। ਚੇਤਰ ਸੁਦੀ ਅੱਠਵੀਂ ਨੂੰ ਦੇਵੀ ਦੇ ਉਪਾਸਕ ਕੰਜਕਾਂ ਬਿਠਾਉਂਦੇ ਹਨ। ਇਹਨਾਂ ਨੂੰ ਦੇਵੀ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ। ਉਹਨਾਂ ਨੂੰ ਕੜਾਹ, ਪੂੜੀਆਂ ਅਤੇ ਕੁਝ ਪੈਸੇ ਦੱਖਣਾ ਵਜੋਂ ਦਿੱਤੇ ਜਾਂਦੇ ਹਨ। ਚੇਤਰ ਸੁਦੀ ਨੌਂ ਨੂੰ ਰਾਮ ਚੰਦਰ ਜੀ ਦੇ ਜਨਮ ਦੇ ਸੰਬੰਧ ਵਿੱਚ ਰਾਮ-ਨੌਵੀਂ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਪ੍ਰਸ਼ਨ 16. ਰੱਖੜੀ ਦੇ ਤਿਉਹਾਰ ਤੋਂ ਜਾਣੂ ਕਰਵਾਓ।
ਉੱਤਰ : ਸਾਵਣ ਦੀ ਪੂਰਨਮਾਸ਼ੀ ਨੂੰ ਰੱਖੜੀ ਦਾ ਤਿਉਹਾਰ ਆਉਂਦਾ ਹੈ। ਇਹ ਤਿਉਹਾਰ ਭੈਣ-ਭਰਾ ਦੇ ਪਵਿੱਤਰ ਪਿਆਰ ਅਤੇ ਇੱਕ-ਦੂਜੇ ਪ੍ਰਤਿ ਮਿੱਠੀਆਂ ਨਿਰਛਲ ਭਾਵਨਾਵਾਂ ਨੂੰ ਪ੍ਰਗਟਾਉਂਦਾ ਹੈ। ਭੈਣਾਂ ਬੜੇ ਚਾਅ ਨਾਲ ਭਰਾਵਾਂ ਦੀ ਵੀਣੀ ‘ਤੇ ਰੱਖੜੀ ਦਾ ਸੂਤਰ ਬੰਨ੍ਹਦੀਆਂ ਹਨ। ਭਰਾ ਆਪਣੀ ਸਮਰੱਥਾ ਅਨੁਸਾਰ ਭੈਣਾਂ ਨੂੰ ਪੈਸੇ ਜਾਂ ਉਪਹਾਰ ਦਿੰਦੇ ਹਨ।
ਪ੍ਰਸ਼ਨ 17. ਗੁੱਗਾ ਨੌਮੀ ਦੇ ਤਿਉਹਾਰ ਬਾਰੇ ਜਾਣਕਾਰੀ ਦਿਓ।
ਉੱਤਰ : ਭਾਦਰੋਂ ਦੇ ਮਹੀਨੇ ‘ਗੁੱਗਾ-ਨੌਮੀ’ ਦਾ ਤਿਉਹਾਰ ਮਨਾਇਆ ਜਾਂਦਾ ਹੈ। ਗੁੱਗੇ ਨੂੰ ਪ੍ਰਸੰਨ ਕਰਨ ਲਈ ਉਸ ਦੇ ਭਗਤ ਸੱਪਾਂ ਦੀਆਂ ਖੁੱਡਾਂ ਵਿੱਚ ਕੱਚੀ ਲੱਸੀ ਪਾਉਂਦੇ ਹਨ। ਇਸ ਦਿਨ ਘਰਾਂ ਵਿੱਚ ਮਿੱਠੀਆਂ ਸੇਵੀਆਂ ਰਿੰਨ੍ਹਦੇ ਹਨ।
ਪ੍ਰਸ਼ਨ 18. ਸਰਾਧ ਕਦੋਂ ਅਤੇ ਕਿਉਂ ਕੀਤੇ ਜਾਂਦੇ ਹਨ?
ਉੱਤਰ : ਅੱਸੂ ਮਹੀਨੇ ਦੇ ਹਨੇਰੇ ਪੱਖ ਦੀਆਂ ਪੰਦਰਾਂ ਤਿਥਾਂ ਨੂੰ ਸਾਧ ਕੀਤੇ ਜਾਂਦੇ ਹਨ। ਸ਼ਰਾਧ ਕਰਕੇ ਆਪਣੇ ਪਿੱਤਰਾਂ ਪ੍ਰਤਿ ਸ਼ਰਧਾ ਪ੍ਰਗਟਾਈ ਜਾਂਦੀ ਹੈ। ਇਹ ਇੱਕ ਧਾਰਮਿਕ ਰੀਤ ਹੈ। ਇਸ ਦਾ ਉਦੇਸ਼ ਪਿੱਤਰਾਂ ਨੂੰ ਅਗਲੇ ਜਨਮ ਵਿੱਚ ਭੋਜਨ ਪਹੁੰਚਾਉਣਾ ਹੈ।
ਪ੍ਰਸ਼ਨ 19. ਅੱਸੂ ਦੇ ਨਰਾਤਿਆਂ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ : ਅੱਸੂ ਮਹੀਨੇ ਦੇ ਚਾਨਣ ਪੱਖ ਦੀ ਏਕਮ ਤੋਂ ਨੌਂਵੀਂ ਤਿਥ ਤੱਕ ਨਰਾਤੇ ਹੁੰਦੇ ਹਨ। ਇਹਨਾਂ ਦਿਨਾਂ ਵਿੱਚ ਮਾਤਾ ਗੌਰਜਾਂ ਤੇ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ। ਇਹਨਾਂ ਤਿਥਾਂ ਨੂੰ ਮੰਗਲ ਕਾਰਜਾਂ ਲਈ ਸ਼ੁੱਭ ਮੰਨਿਆ ਜਾਂਦਾ ਹੈ। ਪਹਿਲੇ ਨਰਾਤੇ ਨੂੰ ਕੁੜੀਆਂ ਘਰ ਦੀ ਕਿਸੇ ਨੁੱਕਰੇ ਕੋਰੇ ਕੁੱਜੇ ਵਿੱਚ ਜੌਂ ਬੀਜਦੀਆਂ ਹਨ। ਨਰਾਤਿਆਂ ਵਿੱਚ ਰਾਮ-ਲੀਲ੍ਹਾ ਖੇਡੀ ਜਾਂਦੀ ਹੈ। ਦਸਵੀਂ ਵਾਲੇ ਦਿਨ ਦਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਪ੍ਰਸ਼ਨ 20. ‘ਕਰਵਾ-ਚੌਥ’ ਬਾਰੇ ਜਾਣਕਾਰੀ ਦਿਓ।
ਉੱਤਰ : ਕੱਤਕ ਦੇ ਹਨੇਰੇ ਪੱਖ ਦੀ ਚੌਥੀ ਤਿਥ ਨੂੰ ‘ਕਰਵਾ-ਚੌਥ’ ਦਾ ਪੁਰਬ ਆਉਂਦਾ ਹੈ। ਇਸ ਦਿਨ ਸੁਹਾਗਣਾਂ ਨਿਰਜਲ ਵਰਤ ਰੱਖ ਕੇ ਆਪਣੇ-ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ।
ਪ੍ਰਸ਼ਨ 21. ਅੰਮ੍ਰਿਤਸਰ ਦੀ ਦਿਵਾਲੀ ਤੋਂ ਜਾਣੂ ਕਰਵਾਓ।
ਉੱਤਰ : ਅੰਮ੍ਰਿਤਸਰ ਵਿੱਚ ਦੀਵਾਲੀ ਦਾ ਮੁੱਢ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਬੱਝਾ। ਜਦ ਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ ਕੈਦ ਤੋਂ ਛੁਡਵਾ ਕੇ ਅੰਮ੍ਰਿਤਸਰ ਪਹੁੰਚੇ ਤਾਂ ਉਸ ਦਿਨ ਦਿਵਾਲੀ ਸੀ। ਗੁਰੂ ਜੀ ਦੇ ਸੁਆਗਤ ਵਿੱਚ ਸਾਰਾ ਅੰਮ੍ਰਿਤਸਰ ਸ਼ਹਿਰ ਅਤੇ ਸ੍ਰੀ ਹਰਿਮੰਦਰ ਸਾਹਿਬ ਜਗਮਗਾ ਉੱਠਿਆ। ਉਸ ਸਮੇਂ ਤੋਂ ਹੀ ਦਿਵਾਲੀ ਦੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਚੇਚੀ ਰੋਸ਼ਨੀ ਕੀਤੀ ਜਾਂਦੀ ਹੈ।
ਪ੍ਰਸ਼ਨ 22. ਲੋਹੜੀ ਤੇ ਮਾਘੀ ਦੇ ਤਿਉਹਾਰ ਬਾਰੇ ਜਾਣਕਾਰੀ ਦਿਓ।
ਉੱਤਰ : ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੇ ਆਖ਼ਰੀ ਦਿਨ ਆਉਂਦਾ ਹੈ। ਲੋਹੜੀ ਵਾਲੀ ਰਾਤ ਨੂੰ ਉਂਝ ਤਾਂ ਹਰ ਗਲੀ-ਮੁਹੱਲੇ ਵਿੱਚ ਲੋਹੜੀ ਬਾਲੀ ਜਾਂਦੀ ਹੈ ਪਰ ਜਿਸ ਘਰ ਪੁੱਤਰ ਜੰਮਿਆ ਹੋਵੇ ਜਾਂ ਨਵਾਂ-ਨਵਾਂ ਵਿਆਹ ਹੋਇਆ ਹੋਵੇ, ਉਹ ਲੋਹੜੀ ਦਾ ਤਿਉਹਾਰ ਉਚੇਚੇ ਸ਼ਗਨਾਂ ਨਾਲ ਮਨਾਉਂਦੇ ਹਨ। ਹੁਣ ਤਾਂ ਨਵਜੰਮੀਆਂ ਕੁੜੀਆਂ ਦੀ ਵੀ ਲੋਹੜੀ ਮਨਾਈ ਜਾਂਦੀ ਹੈ। ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਮੁਕਤਸਰ ਦਾ ਪ੍ਰਸਿੱਧ ਮੇਲਾ ਮਾਘੀ ਵਾਲੇ ਦਿਨ ਹੀ ਲੱਗਦਾ ਹੈ।