ਪ੍ਰੀਤ – ਕਥਾਵਾਂ : ਹੀਰ ਰਾਂਝਾ
ਹੀਰ-ਰਾਂਝਾ
ਕਹਿੰਦੇ ਹਨ ਦਰਿਆ ਝਨਾਂ ਦੇ ਕੰਢੇ ਝੰਗ ਸਿਆਲ ਦੇ ਇੱਕ ਸਰਦਾਰ ਮਲਕ ਚੂਚਕ ਦੇ ਘਰ ਇੱਕ ਲੜਕੀ ਪੈਦਾ ਹੋਈ, ਜਿਸ ਦਾ ਨਾਂ ਹੀਰ ਰੱਖਿਆ ਗਿਆ। ਖੁੱਲ੍ਹੇ-ਡੁੱਲ੍ਹੇ ਮਾਹੌਲ ਅਤੇ ਮਾਪਿਆਂ ਦੇ ਲਾਡ-ਪਿਆਰ ਵਿੱਚ ਪਲੀ ਹੀਰ ਇੰਨੀ ਸੋਹਣੀ ਸੀ ਕਿ ਉਸ ਦੀ ਸੁੰਦਰਤਾ ਦੀਆਂ ਕੰਨਸੋਆਂ ਨੇੜੇ-ਤੇੜੇ ਦੇ ਇਲਾਕੇ ਤੱਕ ਪਹੁੰਚ ਗਈਆਂ।
ਇਸੇ ਇਲਾਕੇ ਵਿੱਚ ਤਖ਼ਤ ਹਜ਼ਾਰਾ ਨਾਂ ਦੇ ਪਿੰਡ ਵਿੱਚ ਇੱਕ ਚੌਧਰੀ ਮੌਜੂ ਰਹਿੰਦਾ ਸੀ। ਜਿਸ ਦੇ ਅੱਠ ਪੁੱਤਰ ਸਨ। ਇਹਨਾਂ ਵਿੱਚੋਂ ਸਭ ਤੋਂ ਛੋਟਾ ਰਾਂਝਾ ਸੀ। ਉਹ ਅਜੇ ਅਣਵਿਆਹਿਆ ਸੀ। ਪਿਤਾ ਦੀ ਮੌਤ ਤੋਂ ਪਿੱਛੋਂ ਭਰਾਵਾਂ ਵਿੱਚ ਜ਼ਮੀਨ ਦੀ ਵੰਡ-ਵੰਡਾਈ ਉੱਤੇ ਝਗੜਾ ਹੋ ਗਿਆ। ਰਾਂਝੇ ਨੂੰ ਸਭ ਤੋਂ ਮਾੜੀ ਜ਼ਮੀਨ ਦਿੱਤੀ ਗਈ। ਰਾਂਝਾ ਆਪਣੇ ਭਰਾਵਾਂ ਦੇ ਇਸ ਵਿਹਾਰ ਤੋਂ ਦੁਖੀ ਸੀ। ਬਲਦੀ ਉੱਤੇ ਭਾਬੀਆਂ ਦੇ ਇਸ ਤਾਹਨੇ ਨੇ ਤੇਲ ਦਾ ਕੰਮ ਕੀਤਾ, “ਜਾਹ ਦੇਖਾਂਗੇ ਜਦੋਂ ਤੂੰ ਸਿਆਲਾਂ ਦੀ ਹੀਰ ਵਿਆਹ ਲਿਆਵੇਂਗਾ”। ਉਹ ਇਸ ਤੋਂ ਅਤਿਅੰਤ ਨਿਰਾਸ ਹੋ ਕੇ ਆਪਣਾ ਪਿੰਡ ਛੱਡ ਕੇ ਤੁਰ ਪਿਆ। ਅੱਗੇ ਉਸ ਦੇ ਰਾਹ ਵਿੱਚ ਝਨਾਂ ਦਰਿਆ ਪੈਂਦਾ ਸੀ। ਬਿਨਾਂ ਬੇੜੀਆਂ ਤੋਂ ਇਸ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਸੀ। ਸਬੱਬ ਨੂੰ ਉੱਥੇ ਹੀਰ ਦੀ ਬੇੜੀ ਖੜ੍ਹੀ ਸੀ। ਰਾਂਝਾ ਉਸ ਬੇੜੀ ਵਿੱਚ ਚੜ੍ਹ ਗਿਆ। ਇਸ ਬੇੜੀ ਵਿੱਚ ਹੀਰ ਦਾ ਸੁੰਦਰ ਤੇ ਅਰਾਮਦਾਇਕ ਪਲੰਘ ਵੀ ਸੀ। ਰਾਂਝੇ ਦਾ ਇਸ ਪਲੰਘ ਉੱਤੇ ਲੇਟ ਕੇ ਵੇਖਣ ਨੂੰ ਜੀਅ ਕੀਤਾ। ਉਹ ਸਫ਼ਰ ਕਰ ਕੇ ਇੰਨਾ ਥੱਕਿਆ ਹੋਇਆ ਸੀ ਕਿ ਪਲੰਘ ਉੱਤੇ ਲੇਟਦਿਆਂ ਹੀ ਉਸ ਨੂੰ ਗੂੜ੍ਹੀ ਨੀਂਦ ਆ ਗਈ। ਉੱਧਰ ਕਿਸੇ ਨੇ ਹੀਰ ਨੂੰ ਜਾ ਦੱਸਿਆ ਕਿ ਉਸ ਦੇ ਪਲੰਘ ‘ਤੇ ਕੋਈ ਅਜਨਬੀ ਸੁੱਤਾ ਹੋਇਆ ਹੈ। ਕਹਿੰਦੇ ਹਨ ਹੀਰ ਭਰੀ ਪੀਤੀ ਆਪਣੀ ਬੇੜੀ ਕੋਲ ਪਹੁੰਚੀ ਤੇ ਕੜਕਦੀ ਹੋਈ ਰਾਂਝੇ ਨੂੰ ਛਮਕਾਂ ਨਾਲ ਮਾਰਨ ਲੱਗੀ। ਜਿਉਂ ਹੀ ਰਾਂਝੇ ਦੀ ਜਾਗ ਖੁੱਲ੍ਹੀ ਉਸ ਨੇ ਹੀਰ ਵੱਲ ਉੱਠ ਕੇ ਤੱਕਿਆ।
ਇਸ ਪਹਿਲੀ ਤੱਕਣੀ ਵਿੱਚ ਹੀ ਦੋਵੇਂ ਪ੍ਰੇਮ-ਸੰਬੰਧ ਵਿੱਚ ਬੱਝ ਗਏ। ਹੀਰ ਨੇ ਰਾਂਝੇ ਨੂੰ ਆਪਣੇ ਨੇੜੇ ਰੱਖਣ ਲਈ ਆਪਣੇ ਪਿਓ ਕੋਲ੍ਹ ਮੱਝਾਂ ਦੇ ਚਾਰੂ ਵਜੋਂ ਨੌਕਰੀ ਦਿਵਾ ਦਿੱਤੀ। ਹੁਣ ਉਹ ਚੋਰੀ-ਚੋਰੀ ਇੱਕ ਦੂਜੇ ਨੂੰ ਮਿਲਦੇ। ਰਾਂਝਾ ਬਾਰਾਂ ਸਾਲ ਹੀਰ ਦੇ ਪਿਓ ਦੀਆਂ ਮੱਝਾਂ ਚਾਰਦਾ ਰਿਹਾ। ਹੌਲੀ-ਹੌਲੀ ਉਹਨਾਂ ਦੇ ਆਪਸੀ ਪ੍ਰੇਮ ਦੀ ਚਰਚਾ ਸਾਰੇ ਪਿੰਡ ਵਿੱਚ ਫੈਲ ਗਈ। ਹੀਰ ਦੇ ਪਿਓ ਨੇ ਹੁਸ਼ਿਆਰੀ ਵਰਤ ਕੇ ਹੀਰ ਦਾ ਵਿਆਹ ਰੰਗ ਪੁਰ ਖੇੜਿਆਂ ਦੇ ਸੈਦੇ ਨਾਲ ਕਰ ਦਿੱਤਾ। ਰਾਂਝਾ ਬੜਾ ਨਿਰਾਸ ਹੋਇਆ। ਰਾਂਝੇ ਨੇ ਹੀਰ ਨੂੰ ਉਹਦੇ ਸਹੁਰੇ ਪਿੰਡ ਜਾ ਕੇ ਮਿਲਨ ਦੀ ਤਰਕੀਬ ਸੋਚੀ। ਕਿਹਾ ਜਾਂਦਾ ਹੈ ਕਿ ਉਸ ਨੇ ਬਾਲ ਨਾਥ ਨਾਂ ਦੇ ਜੋਗੀ ਤੋਂ ਜੋਗ-ਧਾਰਨ ਕਰ ਲਿਆ ਅਤੇ ਜੋਗੀ ਬਣ ਕੇ ਰੋਗ ਪੁਰ ਨੂੰ ਤੁਰ ਪਿਆ।
ਹੀਰ ਨੂੰ ਆਪਣਾ ਪਤੀ ਸੈਦਾ ਬਿਲਕੁਲ ਹੀ ਪ੍ਰਵਾਨ ਨਹੀਂ ਸੀ। ਉਸ ਦਾ ਇਹ ਵਿਆਹ ਉਸ ਦੀ ਇੱਛਾ ਦੇ ਖ਼ਿਲਾਫ਼ ਹੋਇਆ ਸੀ। ਸਹੁਰੇ ਘਰ ਵਿੱਚ ਉਸ ਦੀ ਇੱਕ ਨਨਾਣ ਸਹਿਤੀ ਸੀ। ਉਹ ਮੁਰਾਦ ਨਾਂ ਦੇ ਕਿਸੇ ਬਲੋਚ ਨੂੰ ਪਿਆਰ ਕਰਦੀ ਸੀ। ਛੇਤੀ ਹੀ ਹੀਰ ਅਤੇ ਸਹਿਤੀ ਇੱਕ ਦੂਜੇ ਨਾਲ ਆਪਣੇ ਮਨ ਦਾ ਭੇਤ ਸਾਂਝਾ ਕਰਨ ਲੱਗੀਆਂ। ਇਸ ਉਪਰੰਤ ਹੀਰ ਜੋਗੀ ਬਣੇ ਰਾਂਝੇ ਨੂੰ ਸਹਿਤੀ ਰਾਹੀਂ ਮਿਲਨ ਲੱਗੀ। ਕੁਝ ਸਮੇਂ ਪਿੱਛੋਂ ਸਹਿਤੀ ਦੀ ਸਹਾਇਤਾ ਨਾਲ ਹੀਰ ਅਤੇ ਰਾਂਝਾ ਰੰਗ ਪੁਰ ਤੋਂ ਭੱਜ ਗਏ। ਪਤਾ ਲੱਗਣ ਉੱਤੇ ਰੰਗਪੁਰ ਖੇੜਿਆਂ ਦੇ ਬੰਦੇ ਉਹਨਾਂ ਨੂੰ ਫੜਨ ਲਈ ਦੌੜੇ। ਅਖ਼ੀਰ ਨੂੰ ਉਹਨਾਂ ਨੇ ਪਿੱਛਾ ਕਰਦਿਆਂ ਇਸ ਪ੍ਰੇਮੀ ਜੋੜੀ ਨੂੰ ਫੜ ਲਿਆ। ਤਦ ਇਹ ਮਾਮਲਾ ਕੋਟ ਕਬੂਲੇ ਦੇ ਕਾਜ਼ੀ ਕੋਲ ਗਿਆ। ਉਸ ਨੇ ਦੋਹਾਂ ਧਿਰਾਂ ਨੂੰ ਸੁਣਨ ਪਿੱਛੋਂ ਫ਼ੈਸਲਾ ਹੀਰ ਰਾਂਝੇ ਦੇ ਹੱਕ ਵਿੱਚ ਕਰ ਦਿੱਤਾ।
ਇੱਕ ਰਵਾਇਤ ਅਨੁਸਾਰ ਇਸ ਪਿੱਛੋਂ ਹੀਰ ਤੇ ਰਾਂਝਾ ਚੂਚਕ ਕੋਲ ਆ ਗਏ। ਫਿਰ ਹੀਰ ਦੇ ਮਾਪਿਆਂ ਦੀ ਸਹਿਮਤੀ ਪਿੱਛੋਂ ਸੁਖੀ-ਸੁਖੀ ਵਸਣ ਲੱਗੇ।
ਦੂਜੀ ਰਵਾਇਤ ਅਨੁਸਾਰ ਜਦੋਂ ਇਹ ਜੋੜੀ ਹੀਰ ਦੇ ਮਾਪਿਆਂ ਕੋਲ ਪਹੁੰਚੀ ਤਾਂ ਉੱਥੇ ਉਹਨਾਂ ਦੀ ਪ੍ਰੀਤ ਗੁੱਝੀ ਚਾਲ ਦੀ ਸ਼ਿਕਾਰ ਹੋ ਗਈ। ਹੀਰ ਦੇ ਮਾਪਿਆਂ ਨੇ ਮਚਲੇ ਹੋ ਕੇ ਰਾਂਝੇ ਨੂੰ ਕਿਹਾ ਕਿ ਉਹ ਬਾਕਾਇਦਾ ਜੰਞ ਲੈ ਕੇ ਹੀਰ ਨੂੰ ਵਿਆਹ ਕੇ ਲੈ ਜਾਵੇ। ਰਾਂਝਾ ਉਹਨਾਂ ਦੀ ਗੱਲ ਮੰਨ ਕੇ ਆਪਣੇ ਪਿੰਡ ਵਿਆਹ ਦਾ ਪ੍ਰਬੰਧ ਕਰਨ ਲਈ ਚਲਾ ਗਿਆ। ਪਿੱਛੋਂ ਹੀਰ ਦੇ ਮਾਪਿਆਂ ਨੇ ਹੀਰ ਨੂੰ ਮਨ-ਘੜਤ ਘੜੀ ਇਹ ਗੱਲ ਦੱਸੀ ਕਿ ਰਾਂਝੇ ਨੂੰ ਕਿਸੇ ਨੇ ਮਾਰ ਦਿੱਤਾ। ਇਹ ਸੁਣ ਕੇ ਹੀਰ ਬੇਹੋਸ਼ ਹੋ ਗਈ। ਤਦ ਹੀਰ ਦੇ ਚਾਚੇ ਕੈਦੋਂ ਨੇ ਉਸ ਨੂੰ ਜ਼ਹਿਰ ਪਿਆ ਦਿੱਤੀ। ਉੱਧਰ ਹੀਰ ਦੀ ਮੌਤ ਦੀ ਖ਼ਬਰ ਸੁਣ ਕੇ ਰਾਂਝੇ ਨੇ ਵੀ ਪ੍ਰਾਣ ਤਿਆਗ ਦਿੱਤੇ।