ਪ੍ਰੀਤ ਕਥਾਵਾਂ ਕੀ ਹੁੰਦੀਆਂ ਹਨ?
ਜਾਣ – ਪਛਾਣ – ਪੰਜਾਬੀਆਂ ਦੇ ਪ੍ਰੇਮ – ਭਾਵ ਦੇ ਜਜ਼ਬੇ ਦਾ ਪ੍ਰੀਤ – ਕਥਾਵਾਂ ਰਾਹੀਂ ਲੋਕ ਸਾਹਿਤ ਵਿਚ ਭਰਪੂਰ ਪ੍ਰਗਟਾਵਾ ਦੇਖਿਆ ਜਾ ਸਕਦਾ ਹੈ। ਇਹ ਪ੍ਰੀਤ – ਕਥਾਵਾਂ ਮਗਰੋਂ ਪੰਜਾਬੀ ਕਿੱਸਾ – ਸਾਹਿਤ ਦਾ ਆਧਾਰ ਵੀ ਬਣੀਆਂ। ਇਨ੍ਹਾਂ ਵਿਚਲੇ ਵੇਰਵੇ ਸਮੇਂ – ਸਮੇਂ ਬਦਲਦੇ ਰਹੇ ਤੇ ਹਰ ਕਥਾ ਦੇ ਚੌਖਟੇ ਵਿਚ ਉਸ ਸਮੇਂ ਦੇ ਸਮਾਜਿਕ ਤੇ ਸਭਿਆਚਾਰਕ ਰੰਗ ਉੱਘੜੇ ਹਨ।
ਇਨ੍ਹਾਂ ਪ੍ਰੀਤ – ਕਥਾਵਾਂ ਵਿਚ ਆਦਰਸ਼ਕ ਪੰਜਾਬੀ ਗੱਭਰੂ ਅਤੇ ਪੰਜਾਬੀ ਮੁਟਿਆਰ ਦਾ ਜੁੱਸਾ, ਨੁਹਾਰ, ਮਚਲਦੇ ਜਜ਼ਬੇ, ਪਿਆਰ ਵਿਚ ਰੰਗੀ ਹਰ ਸ਼ਖ਼ਸੀਅਤ ਤੇ ਕੁਰਬਾਨੀ ਦੀ ਭਾਵਨਾ ਆਦਿ ਖ਼ੂਬ ਉੱਭਰੇ ਹਨ। ਪੰਜਾਬ ਵਿੱਚ ਹੀਰ – ਰਾਂਝੇ ਦੀ ਪ੍ਰੀਤ – ਕਥਾ ਬਹੁਤ ਹਰਮਨ ਪਿਆਰੀ ਹੈ, ਜਿਸ ਨੂੰ ਦਮੋਦਰ ਤੋਂ ਲੈ ਕੇ ਅਨੇਕਾਂ ਕਵੀਆਂ ਤੇ ਕਿੱਸਾਕਾਰਾਂ ਨੇ ਆਪਣੇ ਢੰਗ ਨਾਲ ਬਿਆਨ ਕੀਤਾ ਹੈ।
ਪੰਜਾਬੀ ਦਾ ਪ੍ਰਸਿੱਧ ਕਿੱਸਾਕਾਰ ਵਾਰਿਸ ਸ਼ਾਹ ਤਾਂ ਕੇਵਲ ਹੀਰ – ਰਾਂਝੇ ਦੀ ਇਕੋ ਪ੍ਰੀਤ – ਕਹਾਣੀ ਬਿਆਨ ਕਰਨ ਨਾਲ ਹਰਮਨ ਪਿਆਰਾ ਬਣ ਗਿਆ।