CBSEEducationNCERT class 10thPunjab School Education Board(PSEB)

ਪ੍ਰਾਰਥਨਾ : ਪਾਠ ਨਾਲ ਸੰਬੰਧਤ ਪ੍ਰਸ਼ਨ


ਪ੍ਰਾਰਥਨਾ : TBQ


ਪ੍ਰਸ਼ਨ 1. ਅਰਦਾਸ ਕਦੋਂ ਅਤੇ ਕਿਉਂ ਕੀਤੀ ਜਾਂਦੀ ਹੈ?

ਉੱਤਰ : ਲੇਖਕ (ਡਾ. ਬਲਬੀਰ ਸਿੰਘ) ਅਨੁਸਾਰ ਵਿਅਕਤੀ ਲਈ ਅਰਦਾਸ ਜ਼ਰੂਰੀ ਹੈ। ਅਰਦਾਸ ਦੀ ਲੋੜ ਹਰ ਸੰਸਾਰਿਕ ਮੌਕੇ (ਜਨਮ, ਵਿਆਹ, ਮੌਤ, ਜੰਗ) ‘ਤੇ ਹੈ। ਸਿੱਖ ਲਈ ਤਾਂ ਕੋਈ ਅਜਿਹਾ ਮੌਕਾ ਨਹੀਂ ਜੋ ਬਿਨਾਂ ਅਰਦਾਸ ਦੇ ਹੋਵੇ। ਸਿੱਖ ਲਏ ਅਰਦਾਸ ਹੀ ਚੜ੍ਹਦੀ ਕਲਾ ਦਾ ਸਾਧਨ ਹੈ। ਪਰਮਾਤਮਾ ਦੀ ਸੇਵਾ ਵਿੱਚ ਅਰਦਾਸ ਕਰਨ ਨਾਲ ਮਨ ਨੂੰ ਸ਼ਾਂਤੀ/ਆਤਮਿਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੁੱਖ/ਕਸ਼ਟ ਦੁਖਦਾਈ ਪ੍ਰਤੀਤ ਨਹੀਂ ਹੁੰਦੇ। ਮਹਾਰਾਜਾ ਰਣਜੀਤ ਸਿੰਘ ਮੁਸ਼ਕਲ ਵੇਲੇ ਅਕਾਲਪੁਰਖ ਅੱਗੇ ਅਰਦਾਸ ਕਰਦੇ ਸਨ। ਅਰਦਾਸ ਨੇ ਹੀ ਧਾੜਵੀ ਕੈਦੀ ਦਾ ਜੀਵਨ ਬਦਲ ਦਿੱਤਾ ਸੀ।

ਪ੍ਰਸ਼ਨ 2. ਪ੍ਰਸਿੱਧ ਲੇਖਕ ਔਸਕਰ ਵਾਇਲਡ ਦੇ ਅਰਦਾਸ ਬਾਰੇ ਕੀ ਵਿਚਾਰ ਹਨ?

ਉੱਤਰ : ਪੜ੍ਹੇ-ਲਿਖੇ ਲੋਕ ਇਹ ਪ੍ਰਸ਼ਨ ਕਰਦੇ ਹਨ ਕਿ ਕੀ ਅਰਦਾਸ ਸੁਣੀ ਜਾਂਦੀ ਹੈ ਅਥਵਾ ਇਸ ਦਾ ਕੋਈ ਉੱਤਰ ਮਿਲਦਾ ਹੈ? ਪ੍ਰਸਿੱਧ ਲੇਖਕ ਔਸਕਰ ਵਾਇਲਡ ਨੇ ਅਰਦਾਸ ਦੇ ਉੱਤਰ ਸੰਬੰਧੀ ਲਿਖਿਆ ਸੀ ਕਿ ਅਰਦਾਸ ਦਾ ਉੱਤਰ ਮਿਲਨਾ ਹੀ ਨਹੀਂ ਚਾਹੀਦਾ। ਉਸ ਅਨੁਸਾਰ ਜੇਕਰ ਅਰਦਾਸ ਦਾ ਉੱਤਰ ਮਿਲੇ ਤਾਂ ਇਹ ਅਰਦਾਸ ਨਹੀਂ ਰਹਿੰਦੀ ਸਗੋਂ ਖ਼ਤੋ-ਕਿਤਾਬਤ (ਇੱਕ-ਦੂਜੇ ਤੇ ਵੱਖਰੇਪਣ ਨੂੰ ਲਿਖੀਆਂ ਚਿੱਠੀਆਂ) ਦਾ ਸਿਲਸਿਲਾ ਬਣ ਜਾਂਦੀ ਹੈ। ਇਸ ਸੰਬੰਧ ਵਿੱਚ ਲੇਖਕ (ਡਾ. ਬਲਬੀਰ ਸਿੰਘ) ਵੀ ਕਹਿੰਦਾ ਹੈ ਕਿ ਅਰਦਾਸ ਇੱਕ ਫ਼ਰਜ਼ ਹੈ ਜਿਸ ਦਾ ਉੱਤਰ ਗ਼ੈਰਜ਼ਰੂਰੀ ਹੈ।

ਪ੍ਰਸ਼ਨ 3. ਸਿੱਖ ਧਰਮ ਵਿੱਚ ਅਰਦਾਸ ਦੀ ਕੀ ਮਹੱਤਾ ਹੈ?

ਉੱਤਰ : ਸਿੱਖ ਧਰਮ ਵਿੱਚ ਅਰਦਾਸ ਦੀ ਵਿਸ਼ੇਸ਼ ਮਹੱਤਾ ਹੈ। ਸਾਰੇ ਰਸਮਾਂ-ਰਿਵਾਜਾਂ ਦੀ ਥਾਂ ਸਿੱਖ ਦੀ ਇੱਕ ਅਰਦਾਸ ਹੀ ਕਾਫ਼ੀ ਹੈ। ਸਾਰੇ ਪਰਮਾਰਥਿਕ (ਆਤਮ-ਗਿਆਨ ਸੰਬੰਧੀ) ਸਾਧਨਾਂ ਦੀ ਥਾਂ ਇੱਕ ਅਰਦਾਸ ਹੀ ਲੁੜੀਂਦੀ ਵਸਤ ਹੈ। ਅਰਦਾਸ ਦੀ ਲੋੜ ਹਰ ਸੰਸਾਰਿਕ ਮੌਕੇ ’ਤੇ ਹੈ। ਕੋਈ ਮੌਕਾ ਅਜਿਹਾ ਨਹੀਂ ਜੋ ਸਿੱਖ ਲਈ ਬਿਨਾਂ ਅਰਦਾਸ ਦੇ ਹੋਵੇ। ਸਿੱਖ ਦੀ ਅਰਦਾਸ ਬਿਲਕੁਲ ਨਿਰਾਲੀ ਹੈ। ਇਹ ਸਰਬੱਤ ਦੇ ਭਲੇ ਦੀ ਮੰਗ ਨਾਲ ਖ਼ਤਮ ਹੁੰਦੀ ਹੈ। ਸਿੱਖ ਲਈ ਅਰਦਾਸ ਹੀ ਚੜ੍ਹਦੀ ਕਲਾ ਦਾ ਸਾਧਨ ਹੈ। ਪਰਮੇਸ਼ਰ ‘ਤੇ ਭਰੋਸਾ ਕਰ ਕੇ ਉਸ ਦੀ ਸੇਵਾ ਵਿੱਚ ਪ੍ਰਾਰਥਨਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਇਸੇ ਲਈ ਲੇਖਕ ਸਾਨੂੰ ਮਨ ਕਰਤਾਰ ਵੱਲ
ਲਾਉਣ ਤੇ ਹਮੇਸ਼ਾਂ ਅਰਦਾਸ ਕਰਨ ਲਈ ਆਖਦਾ ਹੈ।

ਪ੍ਰਸ਼ਨ 4. ਪ੍ਰਾਰਥਨਾ ਕਰਨ ਨਾਲ ਕੈਦੀ ਦੇ ਵਿਹਾਰ ਵਿੱਚ ਕਿਹੋ-ਜਿਹੀ ਤਬਦੀਲੀ ਆਈ?

ਉੱਤਰ : ਪ੍ਰਾਰਥਨਾ ਕਰਨ ਨਾਲ ਕੈਦੀ ਦੇ ਵਿਹਾਰ ਵਿੱਚ ਬਹੁਤ ਤਬਦੀਲੀ ਆਈ। ਜਿਹੜਾ ਕੈਦੀ ਪਰਮੇਸ਼ਰ, ਮਨੁੱਖਾਂ ਅਤੇ ਮਹਾਰਾਜੇ ਨੂੰ ਗਾਲਾਂ ਦਿੰਦਾ ਸੀ ਉਹ ਆਪਣੇ ਪਾਪਾਂ ਦਾ ਪਛਤਾਵਾ ਕਰਨ ਲੱਗਾ। ਪ੍ਰਾਰਥਨਾ ਨੇ ਉਸ ਦਾ ਜੀਵਨ ਬਦਲ ਦਿੱਤਾ। ਉਸ ਦਾ ਮਨ ਸ਼ਾਂਤ ਹੋ ਗਿਆ ਅਤੇ ਉਸ ਦੇ ਵਿਹਾਰ ਨੂੰ ਦੇਖ ਕੇ ਲੋਕ ਹੈਰਾਨ ਹੋਣ ਲੱਗੇ। ਉਹ ਹਰ ਇੱਕ ਨਾਲ ਮਿੱਠਾ ਬੋਲਣ ਲੱਗਾ ਅਤੇ ਉਸ ਦਾ ਵਿਹਾਰ ਨਿਮਰਤਾ ਵਾਲਾ ਹੋ ਗਿਆ।

ਪ੍ਰਸ਼ਨ 5. ਮਹਾਰਾਜਾ ਰਣਜੀਤ ਸਿੰਘ ਨੇ ਕੈਦੀ ਦੀ ਸਜ਼ਾ ਮੁਆਫ਼ ਕਿਉਂ ਕਰ ਦਿੱਤੀ?

ਉੱਤਰ : ਰੁਹਤਾਸ ਵਿਖੇ ਇੱਕ ਰਾਤ ਬਿਮਾਰ ਪੈ ਗਏ ਮਹਾਰਾਜੇ ਦੀ ਅਰਦਾਸ ਮੰਨ ਕੇ ਪ੍ਰਭੂ ਨੇ ਉਹਨਾਂ ਨੂੰ ਨੀਂਦ ਬਖ਼ਸ਼ੀ ਸੀ। ਪਭੂ ਦੇ ਧੰਨਵਾਦ ਵਜੋਂ ਮਹਾਰਾਜੇ ਨੇ ਕਿਸੇ ਵੱਡੇ ਕੈਦੀ ਨੂੰ ਕੈਦ ਤੋਂ ਛੁਟਕਾਰਾ ਦੇਣ ਦੀ ਇੱਛਾ ਪ੍ਰਗਟਾਈ। ਵਜ਼ੀਰ ਧਿਆਨ ਸਿੰਘ ਨੇ ਮਹਾਰਾਜੇ ਨੂੰ ਦੱਸਿਆ ਕਿ ਇਸ ਵੇਲੇ ਇੱਕ ਧਾੜਵੀ ਸਰਦਾਰ ਹੀ ਉਹਨਾਂ ਦੀ ਮਿਹਰ ਦੇ ਯੋਗ ਹੈ। ਗੁਰਬਾਣੀ ਪੜ੍ਹਨ ਕਾਰਨ ਉਸ ਦੇ ਸੁਭਾਅ/ਵਿਹਾਰ ਵਿੱਚ ਬਹੁਤ ਤਬਦੀਲੀ ਆ ਗਈ ਸੀ। ਵਜ਼ੀਰ ਧਿਆਨ ਸਿੰਘ ਦੀ ਗੱਲ ਮੰਨ ਕੇ ਮਹਾਰਾਜੇ ਨੇ ਉਸ ਕੈਦੀ ਦੀ ਸਜ਼ਾ ਮੁਆਫ਼ ਕਰਨ ਦਾ ਹੁਕਮ ਦਿੱਤਾ।

ਪ੍ਰਸ਼ਨ 6. ਕੈਦੀ ਨੇ ਆਪਣੀ ਰਿਹਾਈ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਿਹਾ?

ਉੱਤਰ : ਮਹਾਰਾਜੇ ਵੱਲੋਂ ਧਾੜਵੀ ਕੈਦੀ ਦੀ ਸਜ਼ਾ ਮੁਆਫ਼ ਕਰਨ ਦਾ ਹੁਕਮ ਦੇਣ ‘ਤੇ ਉਸ ਨੂੰ ਮਹਾਰਾਜੇ ਅੱਗੇ ਪੇਸ਼ ਕੀਤਾ ਗਿਆ। ਮਹਾਰਾਜੇ ਨੇ ਹੱਸ ਕੇ ਉਸ ਨੂੰ ਪੁੱਛਿਆ ਕਿ ਉਹ ਅਜੇ ਸਿੱਧਾ ਹੋਇਆ ਹੈ ਕਿ ਨਹੀਂ? ਕੈਦੀ ਨੇ ਮਹਾਰਾਜੇ ਨੂੰ ਕਿਹਾ ਕਿ ਉਹਨਾਂ ਦੀ ਕਿਰਪਾ ਨਾਲ ਉਹ ਧਾੜਵੀ ਤੋਂ ਸਰਦਾਰ ਬਣਿਆ ਹੈ ਤੇ ਉਹਨਾਂ ਦੀ ਕੈਦ ਵਿੱਚ ਆਪਣੇ ਸੱਚੇ ਪਿਤਾ ਪਰਮੇਸ਼ਰ ਦੇ ਪਿਆਰ ਤੋਂ ਜਾਣੂ ਹੋਇਆ ਹੈ। ਉਸ ਨੂੰ ਸੱਚੀ ਖ਼ੁਸ਼ੀ ਪ੍ਰਾਪਤ ਹੋਈ ਹੈ। ਉਸ ਦਾ ਮਨ ਵਾਹਿਗੁਰੂ ਦੇ ਪਿਆਰ ਵਿੱਚ ਲੀਨ ਹੈ। ਇਸ ਕੈਦ ਤੋਂ ਵਾਹਿਗੁਰੂ ਦੀ ਬੇਅੰਤ ਮਿਹਰ ਨਾਲ ਛੁਟਕਾਰਾ ਹੋਇਆ ਹੈ ਤੇ ਅੰਤ ਨੂੰ ਵੀ ਇਸ ਮਹਾਂ ਭੌਜਲ ਤੋਂ ਉਸ ਨੇ ਛੁਟਕਾਰਾ ਬਖ਼ਸ਼ਣਾ ਹੈ।

ਪ੍ਰਸ਼ਨ 7. ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ?

ਉੱਤਰ : ਸਮਾਜ ਵਿੱਚ ਵਿਚਰਦਿਆਂ ਮਨੁੱਖ ਨੂੰ ਦੂਸਰਿਆਂ ਨਾਲ ਚੰਗਾ ਸਲੂਕ/ਵਿਹਾਰ ਕਰਨਾ ਚਾਹੀਦਾ ਹੈ। ਸਾਨੂੰ ਦੂਸਰਿਆਂ ਨਾਲ ਚੰਗੀ ਤਰ੍ਹਾਂ ਬੋਲਣਾ ਅਤੇ ਹਲੀਮੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਮਨੁੱਖ ਦਾ ਜੀਵਨ ਥੋੜ੍ਹਚਿਰਾ ਹੈ। ਇਸ ਲਈ ਇਸ ਨੂੰ ਚੰਗੇ ਕੰਮਾਂ ਵਿੱਚ ਲਾਉਣ ਦੀ ਲੋੜ ਹੈ। ਰੱਬ ਦੀ ਦਰਗਾਹ ਵਿੱਚ ਸਾਡੇ ਚੰਗੇ ਕੰਮ ਹੀ ਦੇਖੇ ਜਾਣੇ ਹਨ। ਇਸ ਲਈ ਮੰਦੇ ਕੰਮਾਂ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ। ਪ੍ਰਭੂ-ਪਿਤਾ ਤੋਂ ਆਪਣੇ ਪਾਪ ਬਖ਼ਸ਼ਾ ਕੇ ਚੰਗੇ ਕੰਮਾਂ ਅਥਵਾ ਭਜਨ-ਬੰਦਗੀ ਦੀ ਖੇਪ ਤਿਆਰ ਕਰਨੀ ਚਾਹੀਦੀ ਹੈ।

ਪ੍ਰਸ਼ਨ 8. ਸਿੱਖ ਦੀ ਅਰਦਾਸ ਚੜ੍ਹਦੀ ਕਲਾ ਦਾ ਸਾਧਨ ਕਿਵੇਂ ਹੈ?

ਉੱਤਰ : ਸਿੱਖ ਲਈ ਅਰਦਾਸ ਹੀ ਚੜ੍ਹਦੀ ਕਲਾ ਅਥਵਾ ਹੌਸਲੇ ਵਿੱਚ ਹੋਣ ਦਾ ਸਾਧਨ ਹੈ। ਇਹ ਛੋਟੇ ਤੋਂ ਵੱਡੇ ਹੋਣ ਦਾ ਸਹਿਜ-ਸੁਭਾ ਦਾ ਯਤਨ ਹੈ। ਅਰਦਾਸ ਦੁਆਰਾ ਵੱਡੇ ਹੁੰਦਿਆਂ ਹੀ ਜਾਂ ਇਸ ਤਰ੍ਹਾਂ ਕਹੋ ਕਿ ਸਰਬੱਤ (ਸਮੁੱਚੀ ਮਾਨਵਤਾ) ਦੇ ਭਾਵ ਵਿੱਚ ਲੀਨ ਹੁੰਦਿਆਂ ਹੀ ਸਾਡੇ ਉਹ ਸਾਰੇ ਦੋਸ਼ ਦੂਰ ਹੋ ਜਾਂਦੇ ਹਨ ਜੋ ਛੋਟੇ ਹੋਣ ਕਾਰਨ ਹਨ। ਸਾਡਾ ਨਿਕੰਮੇਪਣ, ਕਮੀਨੇਪਣ, ਛੁਟਦਿਲੇਪਣ ਤੇ ਵੱਖਰੇਪਣ ਤੋਂ ਪਿੱਛਾ ਛੁੱਟ ਜਾਂਦਾ ਹੈ ਅਤੇ ਮਨੁੱਖ ਇਸ ਤਰ੍ਹਾਂ ਇਹਨਾਂ ਤੋਂ ਉੱਪਰ ਹੋ ਜਾਂਦਾ ਹੈ ਜਿਵੇਂ ਉਸ ਦੇ ਵੱਡੇ ਹੁੰਦਿਆਂ ਹੀ ਪੁਰਾਣੇ ਕੱਪੜੇ ਛੋਟੇ ਹੋ ਗਏ ਸਨ।

ਪ੍ਰਸ਼ਨ 9. ‘ਪ੍ਰਾਰਥਨਾ’ (ਡਾ. ਬਲਬੀਰ ਸਿੰਘ) ਨਾਂ ਦੇ ਲੇਖ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਬਾਰੇ ਕੀ ਜਾਣਕਾਰੀ ਦਿੱਤੀ ਗਈ ਹੈ?

ਉੱਤਰ : ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਬਾਰੇ ਸਾਰੇ ਜਾਣਦੇ ਹਨ। ਫ਼ਸਾਦਾਂ ਨਾਲ ਭਰਪੂਰ ਪੰਜਾਬ ਵਰਗੇ ਦੇਸ ਵਿੱਚ ਚੱਪੇ-ਚੱਪੇ ‘ਤੇ ਅੱਡ ਰਾਜ ਸਨ ਅਤੇ ਇੱਥੇ ਹਰ ਕੋਈ ਆਪਣੇ ਆਪ ਨੂੰ ਨਾਢੂ ਖਾਂ ਸਮਝਦਾ ਸੀ। ਅਜਿਹੇ ਦੇਸ ਨੂੰ ਜਿੱਤਣਾ ਕੋਈ ਅਸਾਨ ਕੰਮ ਨਹੀਂ ਸੀ। ਇਸੇ ਲਈ ਮਹਾਰਾਜੇ ਨੂੰ ਵੱਡੀਆਂ-ਵੱਡੀਆਂ ਮੁਹਿੰਮਾਂ ਅਤੇ ਮੁਸੀਬਤਾਂ ਪੈਂਦੀਆਂ ਰਹੀਆਂ ਪਰ ਉਹ ਸ਼ੇਰ-ਦਿਲ ਕਦੇ ਵੀ ਨਾ ਘਬਰਾਇਆ। ਮੁਸੀਬਤ ਵੇਲ਼ੇ ਉਹ ਅਕਾਲ ਪੁਰਖ ਅੱਗੇ ਪ੍ਰਾਰਥਨਾ ਕਰਦਾ ਅਤੇ ਆਪਣਾ ਕਾਰਜ ਸਿੱਧ

ਪ੍ਰਸ਼ਨ 10. ਰੁਹਤਾਸ ਦੇ ਕਿਲ੍ਹੇ ਵਿੱਚ ਕੈਦ ਕੀਤੇ ਧਾੜਵੀ ਦਾ ਵਿਹਾਰ ਕਿਸ ਤਰ੍ਹਾਂ ਦਾ ਸੀ?

ਉੱਤਰ : ਇੱਕ ਵੱਡਾ ਸਰਦਾਰ, ਜੋ ਪਹਿਲਾਂ ਧਾੜਵੀ ਸੀ, ਬਾਗ਼ੀ ਹੋ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਬਹੁਤ ਮੁਸ਼ਕਲ ਨਾਲ ਜਿੱਤਿਆ ਅਤੇ ਰੁਹਤਾਸ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਇਹ ਸਰਦਾਰ ਕੈਦ ਵਿੱਚ ਹਮੇਸ਼ਾਂ ਪਰਮਾਤਮਾ ਅਤੇ ਮਨੁੱਖਾਂ ਨੂੰ ਗਾਲਾਂ ਦਿੰਦਾ ਸੀ। ਉਸ ਦੇ ਮੂੰਹ ‘ਤੇ ਜੋ ਆਉਂਦਾ ਸੀ ਉਹ ਬੋਲਦਾ ਰਹਿੰਦਾ ਸੀ। ਪਰਮਾਤਮਾ ‘ਤੇ ਉਸ ਦਾ ਵਿਸ਼ਵਾਸ ਨਹੀਂ ਸੀ। ਕੈਦੀ ਨੂੰ ਅੰਨ-ਪਾਣੀ ਦੇਣ ਲਈ ਜਦ ਕੋਈ ਸਰਕਾਰੀ ਨੌਕਰ ਆਉਂਦਾ ਤਾਂ ਉਹ ਮਹਾਰਾਜੇ ਨੂੰ ਇੱਕੋ ਸਾਹੇ ਹਜ਼ਾਰ-ਹਜ਼ਾਰ ਗਾਲ਼ ਸੁਣਾਉਂਦਾ।

ਪ੍ਰਸ਼ਨ 11. ਕੈਦੀ ਨੂੰ ਮਿਲੀ ਇੱਕ ਪੁਰਾਣੀ ਪੋਥੀ ਦੀ ਇੱਕ ਤੁਕ (ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ) ਪੜ੍ਹਨ ਦਾ ਉਸ ‘ਤੇ ਕੀ ਅਸਰ ਹੋਇਆ?

ਉੱਤਰ : ਇੱਕ ਪੁਰਾਣੀ ਪੋਥੀ ਦੀ ਤੁਕ (ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ) ਪੜ੍ਹ ਕੇ ਕੈਦੀ ਇੱਕ ਤਰ੍ਹਾਂ ਦੇ ਵਹਿਣ ਵਿੱਚ ਪੈ ਗਿਆ। ਉਹ ਸੋਚਣ ਲੱਗਾ ਕਿ ਕੀ ਪਰਮੇਸ਼ਰ, ਜਿਸ ਨੂੰ ਉਹ ਇੱਕ ਡਰਾਉਣਾ ਭੂਤ ਸਮਝਦਾ ਸੀ, ਅਸਲ ਵਿੱਚ ਏਡਾ ਕਿਰਪਾਲੂ ਹੈ! ਉਹ ਸੋਚਦਾ ਕਿ ਕੀ ਪਰਮਾਤਮਾ ਹਮੇਸ਼ਾਂ ਬਖ਼ਸ਼ਦਾ ਅਤੇ ਦਇਆ ਕਰਦਾ ਹੈ ਅਤੇ ਪਾਪੀ ਤੇ ਪੁੰਨ-ਆਤਮਾ ਸਭ ਨੂੰ ਆਸਰਾ ਦਿੰਦਾ ਹੈ। ਕੀ ਇਸ ਕਿਰਪਾ-ਸਾਗਰ ਦੀ ਮਿਹਰ ਦੀ ਛਾਂ ਹੇਠ ਉਹ ਆਪ ਨਹੀਂ ਆ ਸਕਦਾ।

ਪ੍ਰਸ਼ਨ 12. ਨੀਂਦ ਨਾ ਆਉਣ ‘ਤੇ ਕੈਦੀ ਦੀ ਸਾਰੀ ਰਾਤ ਕਿਸ ਸੋਚ ਵਿੱਚ ਬੀਤੀ?

ਉੱਤਰ : ਇੱਕ ਰਾਤ ਮੀਂਹ-ਹਨੇਰੀ ਨੇ ਉਹ ਤਰਥੱਲੀ ਮਚਾਈ ਕਿ ਕੈਦੀ ਨੂੰ ਨੀਂਦ ਨਾ ਆਈ। ਇਸ ਸੋਚ ਵਿੱਚ ਹੀ ਸਾਰੀ ਰਾਤ ਬੀਤ ਗਈ ਕਿ ਉਹ ਪਾਪੀ ਹੈ ਅਤੇ ਪਰਮਾਤਮਾ ਸਭ ਨੂੰ ਆਸਰਾ ਦਿੰਦਾ ਹੈ। ਉਹ ਸੋਚਦਾ ਹੈ ਕਿ ਪਰਮੇਸ਼ਰ ਉਸ ਨੂੰ ਵੀ ਬਖ਼ਸ਼ ਦੇਵੇਗਾ! ਕੀ ਉਹਦੇ ਪਾਪ ਵੀ ਬਖ਼ਸ਼ੇ ਜਾ ਸਕਦੇ ਹਨ! ਇਹਨਾਂ ਸੋਚਾਂ ਦਾ ਨਤੀਜਾ ਇਹ ਨਿਕਲਿਆ ਕਿ ਇਸ ਪਾਪੀ ਦੇ ਦਿਲ ਵਿੱਚ ਸੱਚਾ ਪਛਤਾਵਾ ਪੈਦਾ ਹੋ ਗਿਆ ਅਤੇ ਉਹ ਆਪਣੇ ਪਾਪ ਬਖ਼ਸ਼ਾਉਣ ਲਈ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗਾ।

ਪ੍ਰਸ਼ਨ 13. ਹੇਠ ਦਿੱਤੀਆਂ ਤੁਕਾਂ ਦੀ ਵਿਆਖਿਆ ਕਰੋ :

ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ॥

ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ॥

ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥

ਚਿਤਿ ਆਵੈ ਓਸੁ ਪਾਰਬ੍ਰਹਮ ਲਗੈ ਨਾ ਤਤੀ ਵਾਉ॥

ਉੱਤਰ : ਜੇ ਕਿਸੇ ਵਿਅਕਤੀ ਲਈ ਕੋਈ ਭਾਰੀ ਮੁਸ਼ਕਲ/ਬਿਪਤਾ ਆਣ ਪਵੇ ਅਤੇ ਇਸ ਮੁਸੀਬਤ ਵਿੱਚੋਂ ਨਿਕਲਨ ਲਈ ਉਸ ਨੂੰ ਕੋਈ ਆਸਰਾ ਵੀ ਨਾ ਦੇਵੇ। ਉਸ ਦੇ ਵੈਰੀ ਉਸ ਦੇ ਮਾਰੂ ਬਣ ਜਾਣ ਅਤੇ ਸਾਕ-ਸੰਬੰਧੀ ਵੀ ਭੱਜ ਜਾਣ। ਉਸ ਦਾ ਹਰ ਤਰ੍ਹਾਂ ਦਾ ਆਸਰਾ ਖ਼ਤਮ ਹੋ ਜਾਵੇ। ਅਜਿਹੀ ਹਾਲਤ ਵਿੱਚ ਵੀ ਜੇਕਰ ਉਸ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਆ ਜਾਵੇ ਤਾਂ ਉਸ ਨੂੰ ਤੱਤੀ ਹਵਾ ਤੱਕ ਨਹੀਂ ਲੱਗਦੀ ਭਾਵ ਕੋਈ ਉਸ ਦਾ ਕੁਝ ਨਹੀਂ ਵਿਗਾੜ ਸਕਦਾ।

ਪ੍ਰਸ਼ਨ 14. ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ‘ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ’ ਪੜ੍ਹ ਕੇ ਕੈਦੀ ‘ਤੇ ਕੀ ਅਸਰ ਹੋਇਆ?

ਉੱਤਰ : ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਪੜ੍ਹ ਕੇ ਕੈਦੀ ਨੂੰ ਵੱਡੀ ਖ਼ੁਸ਼ੀ ਪ੍ਰਾਪਤ ਹੋਈ। ਉਹ ਆਪਣੇ-ਆਪ ਨੂੰ ਹੀ ਕਹਿਣ ਲੱਗਾ ਕਿ ਪਹਿਲਾਂ ਤਾਂ ਉਹ ਆਪਣੇ-ਆਪ ਨੂੰ ਬਹੁਤ ਦੁਖੀ ਮਹਿਸੂਸ ਕਰਦਾ ਸੀ ਪਰ ਹੁਣ ਉਹ ਖ਼ੁਸ਼ ਹੈ। ਉਹ ਸਭ ਸੰਕਟਾਂ ਤੋਂ ਮੁਕਤ ਹੋ ਗਿਆ ਹੈ। ਇਸ ਦਾ ਕਾਰਨ ਰੱਬ ‘ਤੇ ਭਰੋਸਾ ਅਤੇ ਉਸ ਦੀ ਬੇਅੰਤ ਦਇਆ ਹੈ। ਇਸ ਤਰ੍ਹਾਂ ਪਰਮਾਤਮਾ ‘ਤੇ ਵਿਸ਼ਵਾਸ ਕਰ ਕੇ ਸੱਚੇ ਪਛਤਾਵੇ ਤੇ ਭਗਤੀ ਤੋਂ ਇਹ ਅਪਰਾਧੀ ਸੁਖੀ ਹੋ ਗਿਆ। ਦਿਨੋ-ਦਿਨ ਪਾਠ ਵਿੱਚ ਉਸ ਦਾ ਵੱਧ ਤੋਂ ਵੱਧ ਪਿਆਰ ਪੈਂਦਾ ਗਿਆ। ਉਸ ਦੇ ਵਿਹਾਰ ਵਿੱਚ ਵੀ ਤਬਦੀਲੀ ਆ ਗਈ। ਉਹ ਹਰ ਇੱਕ ਨਾਲ ਮਿੱਠਾ ਬੋਲਦਾ ਅਤੇ ਨਿਮਰਤਾ ਨਾਲ ਵਿਹਾਰ ਕਰਦਾ। ਲੋਕ ਹੈਰਾਨ ਸਨ ਕਿ ਉਸ ਦੇ ਸੁਭਾਅ ਵਿੱਚ ਇਹ ਤਬਦੀਲੀ ਕਿਵੇਂ ਆ ਗਈ।

ਪ੍ਰਸ਼ਨ 15. “ਅੰਤ ਪਰਮੇਸ਼ਰ ਦੀ ਦਰਗਾਹ ਵਿੱਚ ਜੀਵ ਦੇ ਚੰਗੇ-ਮੰਦੇ ਕੰਮਾਂ ਦਾ ਨਿਬੇੜਾ ਹੋਣਾ ਹੈ।” ਇਸ ਪ੍ਰਸੰਗ ਬਾਰੇ ਪਾਠ-ਪੁਸਤਕ ਵਿੱਚ ਦਰਜ ਜਾਣਕਾਰੀ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ‘ਪ੍ਰਾਰਥਨਾ’ ਨਾਂ ਦੇ ਲੇਖ ਦੇ ਅੰਤ ‘ਤੇ ਲੇਖਕ ਸਿੱਟੇ ਵਜੋਂ ਲਿਖਦਾ ਹੈ ਕਿ ਦੁਨੀਆ ਥੋੜ੍ਹਚਿਰੀ ਹੈ। ਅੰਤ ਜੀਵ ਨੇ ਪਰਮਾਤਮਾ ਦੀ ਦਰਗਾਹ ਵਿੱਚ ਜਾਣਾ ਹੈ, ਜਿੱਥੇ ਉਸ ਦੇ ਚੰਗੇ-ਮੰਦੇ ਕੰਮਾਂ ਦਾ ਨਿਬੇੜਾ ਹੋਣਾ ਹੈ। ਉਸ ਨੂੰ ਜਾਂ ਤਾਂ ਹਮੇਸ਼ਾਂ ਲਈ ਖ਼ੁਸ਼ੀ ਮਿਲਨੀ ਹੈ ਅਤੇ ਜਾਂ ਫਿਰ ਚੁਰਾਸੀ ਲੱਖ ਜੂਨਾਂ ਦੇ ਨਰਕ ਦੀ ਪ੍ਰਾਪਤੀ ਹੋਣੀ ਹੈ। ਇਸ ਲਈ ਚੰਗਾ ਇਹ ਹੈ ਕਿ ਉਸ ਪਾਪੀ/ਕੈਦੀ ਵਾਂਗ ਇਸ ਜਗਤ ਵਿੱਚ ਹੀ ਪ੍ਰਭੂ-ਪਿਤਾ ਤੋਂ ਪਾਪ ਬਖ਼ਸ਼ਾ ਕੇ ਕੁਝ ਭਜਨ-ਰੂਪੀ ਖੇਪ ਲੱਦ ਲਈ ਜਾਵੇ। ਇਸ ਦੇ ਨਾਲ ਹੀ ਲੇਖਕ ਜਗਤ ਦਾ ਵਿਹਾਰ ਸ਼ੁੱਧ ਰੱਖਣ, ਆਪਣਾ ਮਨ ਕਰਤਾਰ ਵੱਲ ਲਾਈ ਰੱਖਣ ਅਤੇ ਹਮੇਸ਼ਾ ਪ੍ਰਾਰਥਨਾ ਕਰਦੇ ਰਹਿਣ ਦੀ ਸਲਾਹ ਦਿੰਦਾ ਹੈ।

ਪ੍ਰਸ਼ਨ 16. ‘ਪ੍ਰਾਰਥਨਾ’ ਲੇਖ ਦੇ ਵਿਸ਼ੇ ਬਾਰੇ ਜਾਣਕਾਰੀ ਦਿਓ।

ਜਾਂ

ਪ੍ਰਸ਼ਨ. ‘ਪ੍ਰਾਰਥਨਾ’ ਲੇਖ ਵਿੱਚ ਲੇਖਕ ਨੇ ਕੀ ਕਹਿਣਾ ਚਾਹਿਆ ਹੈ?

ਉੱਤਰ : ‘ਪ੍ਰਾਰਥਨਾ’ ਨਾਂ ਦੇ ਲੇਖ ਦਾ ਵਿਸ਼ਾ ਅਰਦਾਸ ਦੇ ਮਹੱਤਵ ਨਾਲ ਸੰਬੰਧਿਤ ਹੈ। ਲੇਖਕ ਨੇ ਸਿੱਖ ਧਰਮ ਵਿੱਚ ਅਰਦਾਸ ਦੇ ਮਹੱਤਵ ਨੂੰ ਬੜੀ ਸਫਲਤਾ ਨਾਲ ਪ੍ਰਗਟਾਇਆ ਹੈ। ਸਿੱਖ ਲਈ ਤਾਂ ਕੋਈ ਵੀ ਅਵਸਰ ਅਜਿਹਾ ਨਹੀਂ ਜੋ ਬਿਨਾਂ ਅਰਦਾਸ ਦੇ ਹੋਵੇ। ਕਈ ਮੌਕੇ ਅਜਿਹੇ ਆਉਂਦੇ ਹਨ ਜਦ ਵੱਡੇ ਰਾਠ ਵਿਅਕਤੀ ਲਈ ਵੀ ਅਰਦਾਸ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ ਰਹਿੰਦਾ। ਸਿੱਖ ਦੀ ਅਰਦਾਸ ਤਾਂ ਬਿਲਕੁਲ ਨਿਰਾਲੀ ਹੈ। ਇਹ ਸਰਬੱਤ ਦੇ ਭਲੇ ਦੀ ਮੰਗ ‘ਤੇ ਖ਼ਤਮ ਹੁੰਦੀ ਹੈ। ਇਹ ਅਰਦਾਸ ਸਿੱਖ ਲਈ ਚੜ੍ਹਦੀ ਕਲਾ ਦਾ ਸਾਧਨ ਹੈ। ਮਹਾਰਾਜਾ ਰਣਜੀਤ ਸਿੰਘ ਹਰ ਔਕੜ ਵੇਲੇ ਅਕਾਲ ਪੁਰਖ ਅੱਗੇ ਪ੍ਰਾਰਥਨਾ ਕਰਦੇ ਸਨ।

ਪ੍ਰਸ਼ਨ 17. ‘ਪ੍ਰਾਰਥਨਾ’ (ਡਾ. ਬਲਬੀਰ ਸਿੰਘ) ਨਾਂ ਦੇ ਲੇਖ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ?

ਉੱਤਰ : ‘ਪ੍ਰਾਰਥਨਾ’ ਨਾਂ ਦੇ ਲੇਖ/ਨਿਬੰਧ ਵਿੱਚ ਲੇਖਕ ਸਾਨੂੰ ਅਰਦਾਸ ਦੇ ਪ੍ਰਸੰਗ ਵਿੱਚ ਸਿੱਖਿਆ ਦਿੰਦਾ ਹੈ। ਉਸ ਅਨੁਸਾਰ ਅਰਦਾਸ ਬਹੁਤ ਜ਼ਰੂਰੀ ਹੈ ਪਰ ਅਰਦਾਸ ਇਹ ਸੋਚ ਕੇ ਨਹੀਂ ਕਰਨੀ ਚਾਹੀਦੀ ਕਿ ਇਹ ਸੁਣੀ ਜਾਵੇਗੀ ਜਾਂ ਇਸ ਦਾ ਕੋਈ ਉੱਤਰ ਮਿਲੇਗਾ। ਲੇਖਕ ਇਹ ਸਿੱਖਿਆ ਦੇਣੀ ਚਾਹੁੰਦਾ ਹੈ ਕਿ ਅਰਦਾਸ ਤਾਂ ਹੀ ਸਫਲ ਹੈ ਜੇਕਰ ਇਹ ਨਿੱਜ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਵਿੱਚ ਲੀਨ ਹੋ ਜਾਵੇ। ਪਰਮਾਤਮਾ ਕਿਰਪਾਲੂ ਹੈ ਅਤੇ ਸਭ ਨੂੰ ਬਖ਼ਸ਼ਦਾ ਹੈ। ਸਾਨੂੰ ਉਸ ਦੀ ਕਿਰਪਾ ਦਾ ਪਾਤਰ ਬਣਨਾ ਚਾਹੀਦਾ ਹੈ। ਲੇਖਕ ਨੇ ਗੁਰਬਾਣੀ ਦੇ ਪ੍ਰਸੰਗ ਵਿੱਚ ਵੀ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਪ੍ਰਾਰਥਨਾ ਸਾਨੂੰ ਆਤਮਿਕ ਅਨੰਦ ਦਿੰਦੀ ਹੈ ਅਤੇ ਚੜ੍ਹਦੀ ਕਲਾ ਵਿੱਚ ਰੱਖਦੀ ਹੈ।

ਪ੍ਰਸ਼ਨ 18. ‘ਪ੍ਰਾਰਥਨਾ’ ਨਾਂ ਦੇ ਲੇਖ/ਨਿਬੰਧ ਦੇ ਲੇਖਕ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ।

ਉੱਤਰ : ‘ਪ੍ਰਾਰਥਨਾ’ ਨਾਂ ਦੇ ਲੇਖ ਦਾ ਲੇਖਕ ਡਾ. ਬਲਬੀਰ ਸਿੰਘ ਹੈ। ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀ ਲੇਖਕਾਂ ਵਿੱਚ ਉਸ ਦਾ ਵਿਸ਼ੇਸ਼ ਸਥਾਨ ਹੈ। ਆਪ ਦਾ ਜਨਮ 10 ਦਸੰਬਰ, 1896 ਈ. ਨੂੰ ਅੰਮ੍ਰਿਤਸਰ ਵਿਖੇ ਸ. ਚਰਨ ਸਿੰਘ ਦੇ ਘਰ ਹੋਇਆ। ਬਚਪਨ ਤੋਂ ਹੀ ਆਪ ਨੂੰ ਸਾਹਿਤ ਅਤੇ ਗਿਆਨ-ਪ੍ਰਾਪਤੀ ਦੀ ਲਗਨ ਸੀ। ਆਪ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿੱਚ ਪ੍ਰੋਫ਼ੈਸਰ ਰਹੇ ਅਤੇ ਕੁਝ ਸਮਾਂ ਕੈਂਬਰਿਜ ਪੈਪਰੇਟਰੀ ਸਕੂਲ, ਦੇਹਰਾਦੂਨ ਦੇ ਪ੍ਰਿੰਸੀਪਲ ਵਜੋਂ ਵੀ ਕੰਮ ਕੀਤਾ। ਆਪ ਦੀਆਂ ਪੁਸਤਕਾਂ ਵਿੱਚ ਲੰਮੀ ਨਦਰ, ਕਲਮ ਦੀ ਕਰਾਮਾਤ, ਸ਼ੁੱਧ ਸਰੂਪ, ਸੁਰਤਿ ਸ਼ਬਦ ਵੀਚਾਰ, ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਨਣ ਯੋਗ ਹਨ। ਆਪ ਦੀਆਂ ਪੁਸਤਕਾਂ ਆਪ ਦੀ ਵਿਦਵਤਾ ਦਾ ਪ੍ਰਮਾਣ ਹਨ। ਆਪ ਦੀਆਂ ਸਾਹਿਤਿਕ ਸੇਵਾਵਾਂ ਲਈ ਪੰਜਾਬ ਯੂਨੀਵਰਸਿਟੀ ਵੱਲੋਂ ਆਪ ਨੂੰ ਲਿਟ ਦੀ ਉਪਾਧੀ ਗਈ। 1974 ਈ. ਆਪ ਦਾ ਦਿਹਾਂਤ ਹੋ ਗਿਆ।

ਪ੍ਰਸ਼ਨ 19. ‘ਪ੍ਰਾਰਥਨਾ’ ਨਾਂ ਦੇ ਲੇਖ ਦਾ ਉਦੇਸ਼ ਕੀ ਹੈ?

ਉੱਤਰ : ‘ਪ੍ਰਾਰਥਨਾ’ (ਡਾ. ਬਲਬੀਰ ਸਿੰਘ) ਨਾਂ ਦੇ ਲੇਖ ਦਾ ਉਦੇਸ਼ ਅਰਦਾਸ ਅਤੇ ਵਿਸ਼ੇਸ਼ ਤੌਰ ‘ਤੇ ਸਿੱਖ ਧਰਮ ਵਿੱਚ ਅਰਦਾਸ ਦੇ ਮਹੱਤਵ ਨੂੰ ਪ੍ਰਗਟਾਉਣਾ ਹੈ। ਸਾਰੀਆਂ ਰੀਤਾਂ-ਰਸਮਾਂ ਦੀ ਥਾਂ ਸਿੱਖ ਦੀ ਇੱਕ ਅਰਦਾਸ ਹੀ ਕਾਫ਼ੀ ਹੈ। ਸਿੱਖ ਦੀ ਅਰਦਾਸ ਤਾਂ ਹੀ ਸਫਲ ਹੈ ਜੇਕਰ ਇਹ ਸਰਬੱਤ ਦੇ ਭਲੇ ਵਿੱਚ ਲੀਨ ਹੋ ਜਾਵੇ। ਲੇਖਕ ਦਾ ਉਦੇਸ਼ ਗੁਰਬਾਣੀ ਦੇ ਪ੍ਰਭਾਵ ਕਾਰਨ ਕੈਦੀ ਦੇ ਜੀਵਨ ਵਿੱਚ ਆਈ ਤਬਦੀਲੀ ਨੂੰ ਪ੍ਰਗਟਾਉਣਾ ਵੀ ਹੈ।

ਪ੍ਰਸ਼ਨ 20. ‘ਪ੍ਰਾਰਥਨਾ’ ਲੇਖ ਦੇ ਆਧਾਰ ‘ਤੇ ਡਾ. ਬਲਬੀਰ ਸਿੰਘ ਦੀ ਵਾਰਤਕ-ਸ਼ੈਲੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿਓ।

ਉੱਤਰ : ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀਆਂ ਵਿੱਚ ਡਾ. ਬਲਬੀਰ ਸਿੰਘ ਦਾ ਵਿਸ਼ੇਸ਼ ਸਥਾਨ ਹੈ। ‘ਪ੍ਰਾਰਥਨਾ’ ਉਸ ਦਾ ਇੱਕ ਮਹੱਤਵਪੂਰਨ ਲੇਖ ਹੈ ਜਿਸ ਵਿੱਚ ਅਰਦਾਸ ਅਤੇ ਵਿਸ਼ੇਸ਼ ਤੌਰ ‘ਤੇ ਸਿੱਖ ਧਰਮ ਵਿੱਚ ਅਰਦਾਸ ਦੇ ਮਹੱਤਵ ਨੂੰ ਪ੍ਰਗਟਾਇਆ ਗਿਆ ਹੈ। ਇਸ ਲੇਖ ਤੋਂ ਲੇਖਕ ਦੀ ਵਿਦਵਤਾ ਸਪਸ਼ਟ ਰੂਪ ਵਿੱਚ ਪ੍ਰਗਟ ਹੁੰਦੀ ਹੈ। ਲੇਖਕ ਨੇ ਆਪਣੇ ਵਿਚਾਰਾਂ ਨੂੰ ਛੋਟੇ-ਛੋਟੇ ਪ੍ਰਸੰਗਾਂ ਰਾਹੀਂ ਬਿਆਨ ਕੀਤਾ ਹੈ। ਉਸ ਦੀ ਸ਼ੈਲੀ ਦਲੀਲ ‘ਤੇ ਆਧਾਰਿਤ ਹੈ। ਲੇਖਕ ਨੇ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵੱਖ-ਵੱਖ ਉਦਾਹਰਨਾਂ ਦਿੱਤੀਆਂ ਹਨ। ਲੇਖਕ ਗੁਰਬਾਣੀ ਦੀਆਂ ਤੁਕਾਂ ਦੀ ਬੜੀ ਢੁਕਵੀਂ ਵਰਤੋਂ ਕਰਦਾ ਹੈ। ਪਰ ਉਸ ਦੀ ਵਾਕ-ਬਣਤਰ ਵਿੱਚ ਵਿਆਕਰਨਿਕ ਪੱਖੋਂ ਕੁਝ ਕਮਜ਼ੋਰੀਆਂ ਜ਼ਰੂਰ ਹਨ।