CBSEEducationHistoryHistory of Punjab

ਪ੍ਰਸ਼ਨ. ਪੰਜਾਬ ਦੇ ਇਤਿਹਾਸ ਨੂੰ ਸਮਝਣ ਵਿੱਚ ਇਤਿਹਾਸਕਾਰਾਂ ਨੂੰ ਕਿਹੜੀਆਂ ਛੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ?


ਉੱਤਰ : ਪੰਜਾਬ ਦੇ ਇਤਿਹਾਸ ਦੀ ਰਚਨਾ ਕਰਨ ਵਿੱਚ ਇਤਿਹਾਸਕਾਰਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ-

1. ਸਿੱਖਾਂ ਨੂੰ ਆਪਣਾ ਇਤਿਹਾਸ ਲਿਖਣ ਦਾ ਸਮਾਂ ਨਾ ਮਿਲਿਆ : ਔਰੰਗਜ਼ੇਬ ਦੀ ਮੌਤ ਦੇ ਬਾਅਦ ਪੰਜਾਬ ਵਿੱਚ ਇੱਕ ਅਜਿਹਾ ਦੌਰ ਆਇਆ ਜੋ ਪੂਰੀ ਤਰ੍ਹਾਂ ਅਸ਼ਾਂਤੀ ਅਤੇ ਅਰਾਜਕਤਾ ਨਾਲ ਭਰਿਆ ਹੋਇਆ ਸੀ। ਸਿੱਖਾਂ ਨੂੰ ਆਪਣੀ ਜਾਨ ਬਚਾਉਣ ਲਈ ਪਹਾੜਾਂ ਅਤੇ ਜੰਗਲਾਂ ਵਿੱਚ ਸ਼ਰਨ ਲੈਣੀ ਪੈਂਦੀ ਸੀ। ਅਜਿਹੇ ਵਾਤਾਵਰਨ ਵਿੱਚ ਇਤਿਹਾਸ ਲਿਖਣ ਦਾ ਕੰਮ ਕਿਵੇਂ ਸੰਭਵ ਸੀ।

2. ਮੁਸਲਿਮ ਇਤਿਹਾਸਕਾਰਾਂ ਦੇ ਪੱਖਪਾਤ ਪੂਰਨ ਵਿਚਾਰ : ਪੰਜਾਬ ਦੇ ਇਤਿਹਾਸ ਨੂੰ ਲਿਖਣ ਵਿੱਚ ਸਭ ਤੋਂ ਜ਼ਿਆਦਾ ਜਿਨ੍ਹਾਂ ਸੋਮਿਆਂ ਦੀ ਸਹਾਇਤਾ ਲਈ ਗਈ ਹੈ ਉਹ ਫ਼ਾਰਸੀ ਵਿੱਚ ਲਿਖੇ ਗਏ ਗ੍ਰੰਥ ਹਨ। ਇਨ੍ਹਾਂ ਗ੍ਰੰਥਾਂ ਨੂੰ ਮੁਸਲਮਾਨ ਲੇਖਕਾਂ ਨੇ ਲਿਖਿਆ ਹੈ ਜੋ ਸਿੱਖਾਂ ਦੇ ਕੱਟੜ ਦੁਸ਼ਮਣ ਸਨ। ਇਨ੍ਹਾਂ ਗ੍ਰੰਥਾਂ ਨੂੰ ਬੜੀ ਜਾਂਚ-ਪੜਤਾਲ ਨਾਲ ਪੜ੍ਹਨਾ ਪੈਂਦਾ ਹੈ ਕਿਉਂਕਿ ਇਨ੍ਹਾਂ ਇਤਿਹਾਸਕਾਰਾਂ ਨੇ ਵਧੇਰੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਇਸ ਲਈ ਇਨ੍ਹਾਂ ਗ੍ਰੰਥਾਂ ਨੂੰ ਪੂਰੀ ਤਰਾਂ ਭਰੋਸੇਯੋਗ ਨਹੀਂ ਮੰਨਿਆ ਜਾ ਸਕਦਾ।

3. ਇਤਿਹਾਸਿਕ ਸੋਮਿਆਂ ਦਾ ਨਸ਼ਟ ਹੋਣਾ : 18ਵੀਂ ਸਦੀ ਦੇ ਲਗਭਗ 7ਵੇਂ ਦਹਾਕੇ ਤਕ ਪੰਜਾਬ ਵਿੱਚ ਅਸ਼ਾਂਤੀ ਅਤੇ ਅਰਾਜਕਤਾ ਦਾ ਮਾਹੌਲ ਰਿਹਾ। 1739 ਈ. ਵਿੱਚ ਨਾਦਰ ਸ਼ਾਹ ਅਤੇ 1747 ਈ. ਤੋਂ ਲੈ ਕੇ 1767 ਈ. ਤਕ ਅਹਿਮਦ ਸ਼ਾਹ ਅਬਦਾਲੀ ਦੇ 8 ਹਮਲਿਆਂ ਕਾਰਨ ਪੰਜਾਬ ਦੀ ਸਥਿਤੀ ਵਧੇਰੇ ਬਦਤਰ ਹੋ ਗਈ ਸੀ। ਅਜਿਹੇ ਸਮੇਂ ਸਿੱਖਾਂ ਦੇ ਬਹੁਤੇ ਧਾਰਮਿਕ ਗ੍ਰੰਥ ਨਸ਼ਟ ਹੋ ਗਏ ।

4. ਪੰਜਾਬ – ਮੁਗ਼ਲ ਸਾਮਰਾਜ ਦਾ ਇੱਕ ਹਿੱਸਾ : ਪੰਜਾਬ 1752 ਈ. ਤਕ ਮੁਗ਼ਲ ਸਾਮਰਾਜ ਦਾ ਹਿੱਸਾ ਰਿਹਾ। ਇਸ ਕਾਰਨ ਇਸ ਦਾ ਕੋਈ ਅਲੱਗ ਇਤਿਹਾਸ ਨਾ ਲਿਖਿਆ ਗਿਆ। ਆਧੁਨਿਕ ਇਤਿਹਾਸਕਾਰਾਂ ਨੂੰ ਮੁਗ਼ਲ ਕਾਲ ਵਿੱਚ ਲਿਖੇ ਗਏ ਸਾਹਿਤ ਤੋਂ ਪੰਜਾਬ ਦੀ ਬਹੁਤ ਘੱਟ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਲਈ ਲੋੜੀਂਦੇ ਵੇਰਵੇ ਦੀ ਕਮੀ ਕਾਰਨ ਪੰਜਾਬ ਵਵੇ ਸਤਿਹਾਸ ਦੀ ਅਸਲ ਤਸਵੀਰ ਪੇਸ਼ ਨਹੀਂ ਕੀਤੀ ਜਾ ਸਕਦੀ।

5. ਅਣਘੋਖੇ ਇਤਿਹਾਸਿਕ ਸੋਮੇ : ਅਨੇਕ ਸਿੱਖ ਪਰਿਵਾਰਾਂ ਅਤੇ ਜਾਗੀਰਦਾਰਾਂ ਕੋਲ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਪੱਟੇ, ਸੰਨਦਾਂ, ਨਿਜੀ ਚਿੱਠੀਆਂ, ਵਹੀਆਂ ਅਤੇ ਸ਼ਸਤਰ ਆਦਿ ਸੰਦੂਕਾਂ ਵਿੱਚ ਬੇਅਰਥ ਪਏ ਹਨ। ਇਸ ਕਾਰਨ ਇਹ ਸੋਮੇ ਹਾਲੇ ਤਕ ਅਣਘੋਖੇ ਹੀ ਪਏ ਹਨ।

6. ਪੰਜਾਬ ਦੀ ਵੰਡ : 1947 ਈ. ਵਿੱਚ ਭਾਰਤ ਦੀ ਵੰਡ ਦੇ ਨਾਲ-ਨਾਲ ਪੰਜਾਬ ਨੂੰ ਵੀ ਦੋ ਭਾਗਾਂ ਵਿੱਚ ਵੰਡਿਆ ਗਿਆ। ਇਸ ਵੰਡ ਕਾਰਨ ਬਹੁਤ ਸਾਰੀਆਂ ਯਾਦਗਾਰੀ ਇਮਾਰਤਾਂ ਅਤੇ ਬਹੁਮੁੱਲੇ ਗ੍ਰੰਥ ਪਾਕਿਸਤਾਨ ਵਿੱਚ ਹੀ ਰਹਿ ਗਏ। ਇਨ੍ਹਾਂ ਤੋਂ ਇਲਾਵਾ ਵੰਡ ਦੇ ਦੌਰਾਨ ਹੋਈ ਲੁੱਟਮਾਰ ਕਾਰਨ ਵੀ ਬਹੁਤ ਸਾਰੇ ਇਤਿਹਾਸਿਕ ਸੋਮੇ ਨਸ਼ਟ ਹੋ ਗਏ।