CBSEEducationHistoryHistory of Punjab

ਪ੍ਰਸ਼ਨ. ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਿਉਂ ਕੀਤੀ?

ਉੱਤਰ : 1. ਔਰੰਗਜ਼ੇਬ ਦਾ ਅੱਤਿਆਚਾਰੀ ਸ਼ਾਸਨ : ਔਰੰਗਜ਼ੇਬ ਬਹੁਤ ਕੱਟੜ ਬਾਦਸ਼ਾਹ ਸੀ। ਉਸ ਨੇ ਹਿੰਦੂਆਂ ਦੇ ਕਈ ਪ੍ਰਸਿੱਧ ਮੰਦਰਾਂ ਨੂੰ ਗਿਰਵਾ ਦਿੱਤਾ ਸੀ। ਉਸ ਨੇ ਹਿੰਦੂਆਂ ਦੀਆਂ ਧਾਰਮਿਕ ਰਸਮਾਂ ‘ਤੇ ਪਾਬੰਦੀ ਲਗਾ ਦਿੱਤੀ ਅਤੇ ਜਜ਼ੀਆ ਕਰ ਨੂੰ ਮੁੜ ਲਗਾ ਦਿੱਤਾ। ਉਸ ਨੇ ਵੱਡੀ ਗਿਣਤੀ ਵਿੱਚ ਇਸਲਾਮ ਧਰਮ ਸਵੀਕਾਰ ਨਾ ਕਰਨ ਵਾਲੇ ਗ਼ੈਰ-ਮੁਸਲਮਾਨਾਂ ਨੂੰ ਕਤਲ ਕਰਵਾ ਦਿੱਤਾ। ਸਭ ਤੋਂ ਵੱਧ ਕੇ ਉਸ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਵਾ ਦਿੱਤਾ। ਮੁਗ਼ਲਾਂ ਦੇ ਇਨ੍ਹਾਂ ਵੱਧ ਰਹੇ ਅੱਤਿਆਚਾਰਾਂ ਦਾ ਅੰਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਰਨ ਦਾ ਨਿਰਣਾ ਕੀਤਾ।

2. ਪਹਾੜੀ ਰਾਜਿਆਂ ਦਾ ਵਿਸ਼ਵਾਸਘਾਤ : ਗੁਰੂ ਜੀ ਮੁਗ਼ਲਾਂ ਵਿਰੁੱਧ ਘੋਲ ਲਈ ਪਹਾੜੀ ਰਾਜਿਆਂ ਨੂੰ ਨਾਲ ਲੈਣਾ ਚਾਹੁੰਦੇ ਸਨ। ਪਰ ਗੁਰੂ ਜੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਸਨ ਕਿ ਪਹਾੜੀ ਰਾਜਿਆਂ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅਜਿਹੇ ਸੈਨਿਕਾਂ ਨੂੰ ਤਿਆਰ ਕਰਨ ਦਾ ਨਿਰਣਾ ਕੀਤਾ ਜੋ ਮੁਗ਼ਲਾਂ ਦੀ ਸ਼ਕਤੀ ਦਾ ਮੁਕਾਬਲਾ ਕਰ ਸਕਣ। ਸਿੱਟੇ ਵਜੋਂ ਖ਼ਾਲਸਾ ਪੰਥ ਦੀ ਸਥਾਪਨਾ ਹੋਈ।

3. ਜਾਤ-ਪਾਤ ਦੇ ਬੰਧਨ : ਭਾਰਤੀ ਸਮਾਜ ਵਿੱਚ ਜਾਤੀ ਪ੍ਰਥਾ ਸਦੀਆਂ ਤੋਂ ਚਲੀ ਆ ਰਹੀ ਸੀ। ਸਮਾਜ ਕਈ ਜਾਤਾਂ ਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ। ਉੱਚ ਜਾਤੀ ਦੇ ਲੋਕ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਮਾੜਾ ਸਲੂਕ ਕਰਦੇ ਸਨ। ਇਸ ਜਾਤੀ ਪ੍ਰਥਾ ਨੇ ਭਾਰਤੀ ਸਮਾਜ ਨੂੰ ਇੱਕ ਘੁਣ ਵਾਂਗ ਅੰਦਰੋਂ ਹੀ ਅੰਦਰ ਖੋਖਲਾ ਬਣਾ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਆਦਰਸ਼ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਜਿਸ ਵਿੱਚ ਜਾਤ-ਪਾਤ ਲਈ ਕੋਈ ਸਥਾਨ ਨਾ ਹੋਵੇ।

4. ਦੋਸ਼ਪੂਰਨ ਮਸੰਦ ਪ੍ਰਥਾ : ਦੋਸ਼ਪੂਰਨ ਮਸੰਦ ਪ੍ਰਥਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਿਰਜਨਾ ਦਾ ਮਹੱਤਵਪੂਰਨ ਕਾਰਨ ਬਣੀ। ਸਮੇਂ ਦੇ ਨਾਲ-ਨਾਲ ਮਸੰਦ ਆਪਣੇ ਮੁੱਢਲੇ ਆਦਰਸ਼ਾਂ ਨੂੰ ਭੁੱਲ ਗਏ ਤੇ ਉਹ ਬੜੇ ਭ੍ਰਿਸ਼ਟਾਚਾਰੀ ਅਤੇ ਹੰਕਾਰੀ ਹੋ ਗਏ। ਉਨ੍ਹਾਂ ਨੇ ਸਿੱਖਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਗੁਰੂਆਂ ਨੂੰ ਬਣਾਉਣ ਵਾਲੇ ਹਨ। ਬਹੁਤ ਸਾਰੇ ਪ੍ਰਭਾਵਸ਼ਾਲੀ ਮਸੰਦਾਂ ਨੇ ਆਪਣੀਆਂ ਵੱਖਰੀਆਂ-ਵੱਖਰੀਆਂ ਗੁਰਗੱਦੀਆਂ ਕਾਇਮ ਕਰ ਲਈਆਂ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਮਸੰਦਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਨਵੇਂ ਸੰਗਠਨ ਦੀ ਸਥਾਪਨਾ ਦਾ ਨਿਰਣਾ ਕੀਤਾ।

5. ਗੁਰਗੱਦੀ ਦਾ ਜੱਦੀ ਹੋਣਾ : ਗੁਰੂ ਅਮਰਦਾਸ ਜੀ ਦੁਆਰਾ ਗੁਰਗੱਦੀ ਜੱਦੀ ਬਣਾਉਣ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਗਈਆਂ। ਪ੍ਰਿਥੀ ਚੰਦ, ਧੀਰ ਮਲ ਅਤੇ ਰਾਮ ਰਾਇ ਨੇ ਗੁਰਗੱਦੀ ਪ੍ਰਾਪਤ ਕਰਨ ਲਈ ਸਿੱਖ ਗੁਰੂਆਂ ਲਈ ਅਨੇਕਾਂ ਔਕੜਾਂ ਪੈਦਾ ਕਰ ਦਿੱਤੀਆਂ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਚਾਹੁੰਦੇ ਸਨ, ਜਿਸ ਵਿੱਚ ਮੀਣਿਆਂ, ਧੀਰਮਲੀਆਂ ਅਤੇ ਰਾਮਰਾਈਆਂ ਲਈ ਕੋਈ ਸਥਾਨ ਨਾ ਹੋਵੇ।

6. ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ : ਗੁਰੂ ਗੋਬਿੰਦ ਸਿੰਘ ਜੀ ਨੇ ‘ਬਚਿੱਤਰ ਨਾਟਕ’ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੇ ਜੀਵਨ ਦਾ ਉਦੇਸ਼ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕਰਨਾ ਅਤੇ ਜ਼ਾਲਮਾਂ ਦਾ ਨਾਸ਼ ਕਰਨਾ ਹੈ। ਜ਼ਾਲਮਾਂ ਦਾ ਨਾਸ਼ ਕਰਨ ਲਈ ਤਲਵਾਰ ਨੂੰ ਚੁੱਕਣਾ ਅਤਿ ਜ਼ਰੂਰੀ ਸੀ। ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ।