ਪ੍ਰਸ਼ਨ. ਗੁਰੂ ਗੋਬਿੰਦ ਸਿੰਘ ਜੀ ਦੇ ਮੁਗ਼ਲਾਂ ਨਾਲ ਸੰਬੰਧਾਂ ਦੀਆਂ ਘਟਨਾਵਾਂ ਦੀ ਸੰਖੇਪ ਚਰਚਾ ਕਰੋ।
ਉੱਤਰ : ਔਰੰਗਜ਼ੇਬ ਦੀ ਜ਼ਾਲਮ ਸਰਕਾਰ ਦਾ ਖ਼ਾਤਮਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ। ਇਸ ਕਾਰਨ ਪਹਾੜੀ ਰਾਜੇ ਬਹੁਤ ਘਬਰਾ ਗਏ।
ਔਰੰਗਜ਼ੇਬ ਵੀ ਸਿੱਖਾਂ ਦੇ ਵਧਦੇ ਹੋਏ ਪ੍ਰਭਾਵ ਨੂੰ ਸਹਿਣ ਨਹੀਂ ਕਰ ਸਕਦਾ ਸੀ। ਉਸ ਨੇ ਸਰਹਿੰਦ ਅਤੇ ਲਾਹੌਰ ਦੇ ਸੂਬੇਦਾਰਾਂ ਨੂੰ ਪਹਾੜੀ ਰਾਜਿਆਂ ਦੀ ਮਦਦ ਲਈ ਭੇਜਿਆ। ਉਨ੍ਹਾਂ ਨੇ ਗੁਰੂ ਜੀ ਨੂੰ ਕੱਢਣ ਲਈ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ 1703-04 ਈ. ਵਿੱਚ ਘੇਰਾ ਪਾ ਲਿਆ।
ਜਦੋਂ ਉਨ੍ਹਾਂ ਨੂੰ ਜਿੱਤ ਦੀ ਕੋਈ ਆਸ ਨਜ਼ਰ ਨਾ ਆਈ ਤਾਂ ਉਨ੍ਹਾਂ ਨੇ ਗੁਰੂ ਜੀ ਨੂੰ ਬਿਨਾਂ ਕਿਸੇ ਖ਼ਤਰੇ ਕਿਲ੍ਹਾ ਖ਼ਾਲੀ ਕਰਨ ਲਈ ਕਿਹ । ਗੁਰੂ ਜੀ ਦੇ ਯਕੀਨ ਲਈ ਉਨ੍ਹਾਂ ਨੇ ਕੁਰਾਨ ਦੀ ਸਹੁੰ ਵੀ ਖਾਧੀ, ਪਰ ਗੁਰੂ ਜੀ ਦੇ ਕਿਲ੍ਹਾ ਛੱਡਦੇ ਸਾਰ ਹੀ ਉਨ੍ਹਾਂ ਨੇ ਗੁਰੂ ਜੀ ‘ਤੇ ਹਮਲਾ ਕਰ ਦਿੱਤਾ। ਚਮਕੌਰ ਸਾਹਿਬ ਦੇ ਸਥਾਨ ‘ਤੇ ਗੁਰੂ ਜੀ ਨੇ ਮੁਗ਼ਲ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ।
ਇੱਥੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। 1705 ਈ. ਵਿੱਚ ਹੋਈ ਖਿਦਰਾਣਾ ਜਾਂ ਮੁਕਤਸਰ ਦੀ ਲੜਾਈ ਵਿੱਚ ਗੁਰੂ ਜੀ ਨੇ ਮੁਗ਼ਲ ਫ਼ੌਜਾਂ ਨੂੰ ਕਰਾਰੀ ਹਾਰ ਦਿੱਤੀ।
1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਗੱਦੀ ਉੱਤੇ ਬੈਠਿਆ। ਉਸ ਨੇ ਗੁਰੂ ਜੀ ਨਾਲ ਚੰਗੇ ਸੰਬੰਧ ਕਾਇਮ ਕੀਤੇ।
1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਵਿਖੇ ਜੋਤੀ-ਜੋਤ ਸਮਾ ਗਏ।