ਪੈਰਾ ਰਚਨਾ : ਸਹਿਯੋਗ
ਲੋਕਾਂ ਦੇ ਦਿਲ ਵਿੱਚ ਕਈ ਵਾਰ ਇਹ ਗੱਲ ਘਰ ਕਰ ਗਈ ਹੁੰਦੀ ਹੈ ਕਿ ਉਹ ਆਪਣਾ ਕੰਮ ਕਿਸੇ ਦੀ ਮਦਦ ਤੋਂ ਬਿਨਾਂ ਕਰ ਸਕਦੇ ਹਨ ਅਬਵਾ ਉਹਨਾਂ ਨੂੰ ਕਿਸੇ ਦੀ ਵੀ ਲੋੜ ਨਹੀਂ ਹੈ। ਪਰ ਅਜੋਕੇ ਯੁੱਗ ਵਿੱਚ ਇਕੱਲਾ ਮਨੁੱਖ ਆਪਣੇ-ਆਪ ਵਿੱਚ ਕੁਝ ਵੀ ਨਹੀਂ। ਜੀਵਨ ਦੇ ਹਰ ਖੇਤਰ ਵਿੱਚ ਉਸ ਨੂੰ ਕਿਸੇ ਨਾ ਕਿਸੇ ਦੇ ਸਹਿਯੋਗ ਅਥਵਾ ਮਿਲਵਰਤਨ ਦੀ ਲੋੜ ਪੈਂਦੀ ਹੈ। ਕਿਹਾ ਜਾਂਦਾ ਹੈ ਕਿ ‘ਇੱਕ ਇਕੱਲਾ ਤੇ ਦੋ ਗਿਆਰਾਂ।’ ਸਹਿਯੋਗ ਨਾਲ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ। ਪਰਿਵਾਰ, ਸਮਾਜ ਅਤੇ ਦੇਸ ਦੀ ਉੱਨਤੀ ਲਈ ਸਹਿਯੋਗ ਮਹੱਤਵਪੂਰਨ ਸਥਾਨ ਰੱਖਦਾ ਹੈ। ਅੱਜ ਦੁਨੀਆਂ ਦੇ ਕਈ ਦੇਸ ਆਪਸੀ ਸਹਿਯੋਗ ਰਾਹੀਂ ਆਪਣੇ ਆਪ ਨੂੰ ਖ਼ੁਸ਼ਹਾਲ ਬਣਾਉਣ ਦੀ ਕੋਸ਼ਸ਼ ਵਿੱਚ ਹਨ। ਰੋਜ਼ ਨਵੇਂ-ਨਵੇਂ ਆਪਸੀ ਸਮਝੌਤੇ ਹੋ ਰਹੇ ਹਨ। ਜ਼ਿੰਦਗੀ ਦੀ ਕਾਮਯਾਬੀ ਦਾ ਰਾਜ਼ ਲੋਕਾਂ ਦਾ ਆਪਸੀ ਸਹਿਯੋਗ ਹੀ ਹੈ। ਪਰ ਸਹਿਯੋਗ ਦੀ ਇਹ ਭਾਵਨਾ ਤਾਂ ਹੀ ਪੈਦਾ ਹੋ ਸਕਦੀ ਹੈ ਜੇਕਰ ਅਸੀਂ ਦੂਜਿਆਂ ਦੀ ਜ਼ਰੂਰਤ ਨੂੰ ਆਪਣੀ ਜ਼ਰੂਰਤ ਵਾਂਗ ਹੀ ਮਹਿਸੂਸ ਕਰੀਏ। ਸਮਾਜਿਕ ਜੀਵਨ ਵਿੱਚ ਕਿਸੇ ਦੇ ਕੰਮ ਆਉਣਾ ਅਤੇ ਦੂਜਿਆਂ ਤੋਂ ਸਹਿਯੋਗ ਲੈਣਾ ਪੈਂਦਾ ਹੈ। ਥੋੜ੍ਹੇ ਵਸੀਲਿਆਂ ਨਾਲ ਵਧੇਰੇ ਲਾਭ ਕਮਾਉਣ ਲਈ ਸਹਿਯੋਗ ਦੀ ਬਹੁਤ ਲੋੜ ਹੈ। ਇਸੇ ਲਈ ਹੀ ਸਮਾਜ ਵਿੱਚ ‘ਸਹਿਕਾਰਤਾ ਲਹਿਰ’ ਨੂੰ ਵਧੇਰੇ ਹੁੰਗਾਰਾ ਮਿਲਿਆ। ਜਿੱਥੇ ਸਮਾਜ ਵਿੱਚ ਇੱਕ ਇਕਾਈ ਬਹੁਤ ਮਿਹਨਤ ਕਰ ਕੇ ਥੋੜ੍ਹਾ ਜਿਹਾ ਲਾਭ ਪ੍ਰਾਪਤ ਕਰਦੀ ਸੀ ਉੱਥੇ ਹੁਣ ਬਹੁਤ ਸਾਰੀਆਂ ਇਕਾਈਆਂ ਜਥੇਬੰਦੀ ਬਣਾ ਕੇ ਥੋੜ੍ਹੀ ਮਿਹਨਤ ਨਾਲ ਵਧੇਰੇ ਨਾਭ ਪ੍ਰਾਪਤ ਕਰ ਰਹੀਆਂ ਹਨ। ਮਨੁੱਖੀ ਜੀਵਨ ਨੂੰ ਵੀ ਸਹਿਯੋਗ ਨਾਲ ਉੱਨਤ ਕੀਤਾ ਜਾ ਸਕਦਾ ਹੈ। ਸਹਿਯੋਗ ਸਾਡੇ ਜੀਵਨ ਦੇ ਵਿਭਿੰਨ ਖਾਂ ਦੇ ਵਿਕਾਸ ਵਿੱਚ ਸਹਾਈ ਹੁੰਦਾ ਹੈ। ਇਹ ਮਨੁੱਖ ਨੂੰ ਮਨੁੱਖ ਦੇ ਹੋਰ ਨੇੜੇ ਲਿਆਉਂਦਾ ਹੈ ਅਤੇ ਉਹਨਾਂ ਨੂੰ ਮਨੁੱਖੀ ਫ਼ਰਜ਼ਾਂ ਤੋਂ ਜਾਣੂ ਕਰਵਾਉਂਦਾ ਹੈ।