ਪੈਰਾ ਰਚਨਾ : ਸਮੇਂ ਦੀ ਕਦਰ
ਸਮੇਂ ਦੀ ਕਦਰ
ਸਮਾਂ ਇੱਕ ਲਗਾਤਾਰ ਵਹਿੰਦਾ ਦਰਿਆ ਹੈ। ਜਿਵੇਂ ਦਰਿਆ ਦਾ ਲੰਘ ਗਿਆ ਪਾਣੀ ਕਦੇ ਉਸੇ ਰੂਪ ਵਿੱਚ ਉਸੇ ਥਾਂ ਵਾਪਸ ਨਹੀਂ ਆਉਂਦਾ, ਉਸੇ ਤਰ੍ਹਾਂ ਗੁਜ਼ਰਿਆ ਸਮਾਂ ਦੁਬਾਰਾ ਨਹੀਂ ਆਉਂਦਾ। ਘੜੀ ਦੀਆਂ ਸੂਈਆਂ ਚੱਲਦੀਆਂ ਰਹਿੰਦੀਆਂ ਹਨ, ਕੋਈ ਵੇਖੇ ਜਾਂ ਨਾ ਵੇਖੇ, ਕੋਈ ਸਮੇਂ ਦੀ ਕਦਰ ਕਰੇ ਜਾਂ ਨਾ ਕਰੇ। ਰੱਬ ਬਹੁਤ ਲੋਕਾਂ ਨੂੰ ਖੁੱਲ੍ਹਾ ਸਮਾਂ ਦਿੰਦਾ ਹੈ, ਪਰ ਦੁੱਖ ਦੀ ਗੱਲ ਹੈ, ਬੰਦਾ ਹੀ ਇੱਕ ਅਜਿਹਾ ਜੀਵ ਹੈ, ਜਿਹੜਾ ਸਮੇਂ ਦੀ ਪ੍ਰਵਾਹ ਨਹੀਂ ਕਰਦਾ। ਅਸੀਂ ਕਈ ਵਾਰ ਗੱਪਾਂ ਮਾਰ ਕੇ ਸਮਾਂ ਗੁਜ਼ਾਰ ਦਿੰਦੇ ਹਾਂ। ਦਫ਼ਤਰ ਦੇ ਮੇਜ਼ ‘ਤੇ ਬੈਠੇ ਜਾਂ ਕਿਸੇ ਹੋਰ ਥਾਂ ਵਿਚਰਦੇ ਜਦੋਂ ਅਸੀਂ ਆਪਣੇ ਸਮੇਂ ਨੂੰ ਬਿਨਾਂ ਕਿਸੇ ਕੰਮ ਤੋਂ ਗਵਾ ਰਹੇ ਹੁੰਦੇ ਹਾਂ, ਉਦੋਂ ਅਸੀਂ ਕਿਸੇ ਹੋਰ ਦਾ ਸਮਾਂ ਵੀ ਬਰਬਾਦ ਕਰ ਰਹੇ ਹੁੰਦੇ ਹਾਂ। ਘੜੀ ਦੀਆਂ ਸੂਈਆਂ, ਗੁਰਦੁਆਰੇ ਵੱਜਦਾ ਘੜਿਆਲ, ਟੈਲੀਵਿਜ਼ਨ ‘ਤੇ ਬਦਲਦੇ ਪ੍ਰੋਗਰਾਮ ਆਦਿ ਸਾਨੂੰ ਵਾਰ-ਵਾਰ ਚਿਤਾਵਨੀ ਦਿੰਦੇ ਹਨ ਕਿ ਸਮਾਂ ਗੁਜ਼ਰ ਰਿਹਾ ਹੈ, ਕੁਝ ਇਸ ਦੀ ਸਹੀ ਵਰਤੋਂ ਕਰੋ। ਦੁਨੀਆ ਵਿੱਚ ਬਹੁਤ ਸਾਰੇ ਮਹਾਨ ਲੋਕ ਮਿਲ ਜਾਂਦੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਸਮੇਂ ਦੀ ਸਹੀ ਵਰਤੋਂ ਵੀ ਕੀਤੀ ਅਤੇ ਸਮੇਂ ਦੀ ਕਦਰ ਵੀ ਕੀਤੀ। ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਉਦਾਹਰਨ ਲੈਂਦੇ ਹਾਂ। ਉਨ੍ਹਾਂ ਨੇ ਆਪਣੇ ਕਰਮਚਾਰੀਆਂ ਨੂੰ ਕਹਿ ਰੱਖਿਆ ਸੀ ਕਿ ਮੇਰੀ ਲਿਫ਼ਟ ਵਿੱਚ ਕੁਝ ਕਿਤਾਬਾਂ ਪਈਆਂ ਹੋਣ, ਤਾਂ ਕਿ ਜੇ ਲਿਫ਼ਟ ਖੜੋ ਜਾਵੇ, ਤਦ ਉੱਥੇ ਖੜ੍ਹਿਆਂ ਵੀ ਕੁਝ ਪੜ੍ਹਿਆ ਜਾ ਸਕੇ। ਦੂਜੀ ਉਦਾਹਰਨ ਸ: ਭਗਤ ਸਿੰਘ ਦੀ ਹੈ। ਉਨ੍ਹਾਂ ਨੂੰ ਪਤਾ ਸੀ ਕਿ ਮੈਨੂੰ ਕੁਝ ਘੰਟੇ ਨੂੰ ਫਾਂਸੀ ਹੋਣ ਵਾਲੀ ਹੈ, ਪਰ ਉਹ ਆਪਣੀ ਕੈਦ ਵਾਲ਼ੀ ਕੋਠੜੀ ‘ਚੋਂ ਕੱਢੇ ਜਾਣ ਤੱਕ ਇੱਕ ਮਹਾਨ ਵਿਅਕਤੀ ਦੀ ਜੀਵਨੀ ਪੜ੍ਹਦੇ ਰਹੇ। ਜੇ ਬੈਂਕਾਂ, ਰੇਲਾਂ, ਜਹਾਜ਼ਾਂ, ਹਸਪਤਾਲਾਂ, ਡਾਕਖਾਨਿਆਂ ਆਦਿ ਵਿੱਚ ਸਮੇਂ ਦੀ ਪਾਬੰਦੀ ਦਾ ਧਿਆਨ ਨਾ ਰੱਖਿਆ ਜਾਵੇ, ਤਦ ਅਨੇਕ ਮੁਸ਼ਕਲਾਂ ਸਾਹਮਣੇ ਆਉਂਦੀਆਂ ਹਨ। ਜੇ ਛੋਟੀ ਉਮਰ ਵਿੱਚ ਹੀ ਸਮੇਂ ਦੀ ਕਦਰ ਕਰਨੀ ਸਿੱਖੀ ਜਾਵੇ, ਤਾਂ ਵੱਡੇ ਹੋ ਕੇ ਉਹ ਆਦਤ ਦਾ ਇੱਕ ਹਿੱਸਾ ਬਣ ਜਾਂਦੀ ਹੈ।