ਪੈਰਾ ਰਚਨਾ : ਰਾਸ਼ਟਰੀ ਝੰਡਾ-ਤਿਰੰਗਾ
ਤਿਰੰਗੇ ਤੋਂ ਭਾਵ ਭਾਰਤ ਦੇ ਰਾਸ਼ਟਰੀ/ਕੌਮੀ ਝੰਡੇ ਤੋਂ ਹੈ। 22 ਜੁਲਾਈ, 1947 ਈ. ਨੂੰ ਭਾਰਤੀ ਸੰਵਿਧਾਨ ਸਭਾ ਨੇ ਇਸ ਝੰਡੇ ਨੂੰ ਰਾਸ਼ਟਰੀ/ਕੌਮੀ ਝੰਡੇ ਦੇ ਰੂਪ ਵਿੱਚ ਅਪਣਾਇਆ ਸੀ। ਸਾਡੇ ਵਰਤਮਾਨ ਕੌਮੀ ਝੰਡੇ ਵਿੱਚ ਤਿੰਨ ਰੰਗਾਂ ਦੀਆਂ ਬਰਾਬਰ ਦੀਆਂ ਪੱਟੀਆਂ ਹਨ। ਸਭ ਤੋਂ ਉੱਪਰ ਕੇਸਰੀ ਰੰਗ ਦੀ ਪੱਟੀ ਹੈ। ਕੇਸਰੀ ਰੰਗ ਦੇਸ ਦੀ ਅਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਇਸ ਤੋਂ ਸਾਡੇ ਦੇਸ ਦੀ ਤਾਕਤ ਅਤੇ ਹੌਸਲੇ ਦਾ ਪ੍ਰਗਟਾਵਾ ਹੁੰਦਾ ਹੈ। ਝੰਡੇ ਦੇ ਵਿਚਕਾਰ ਚਿੱਟੇ ਰੰਗ ਦੀ ਪੱਟੀ ਹੈ ਜਿਸ ‘ਤੇ ਅਸ਼ੋਕ ਚੱਕਰ ਹੈ। ਚਿੱਟੇ ਰੰਗ ਦੀ ਇਹ ਪੱਟੀ ਸ਼ਾਂਤੀ ਅਤੇ ਸੱਚ/ਸਚਾਈ ਦੀ ਪ੍ਰਤੀਕ ਹੈ। ਅਸ਼ੋਕ ਚੱਕਰ ਸਾਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ। ਇਸ ਝੰਡੇ ਦੇ ਹੇਠਲੇ ਪਾਸੇ ਹਰੇ ਰੰਗ ਦੀ ਪੱਟੀ ਹੈ ਜੋ ਭਾਰਤ ਦੀ ਖ਼ੁਸ਼ਹਾਲੀ ਅਤੇ ਪ੍ਰਗਤੀ ਨੂੰ ਦਰਸਾਉਂਦੀ ਹੈ। ਇਸ ਝੰਡੇ ਵਿੱਚ ਤਿੰਨ ਰੰਗਾਂ ਦੀਆਂ ਪੱਟੀਆਂ ਹੋਣ ਕਾਰਨ ਹੀ ਇਸ ਨੂੰ ਤਿਰੰਗੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਾਡਾ ਰਾਸ਼ਟਰੀ/ਕੌਮੀ ਝੰਡਾ ਸਾਡੇ ਦੇਸ ਦੀ ਏਕਤਾ, ਅਖੰਡਤਾ, ਸ਼ਾਂਤੀ ਅਤੇ ਪ੍ਰਗਤੀ ਦਾ ਪ੍ਰਤੀਕ ਹੈ। ਇਹ ਝੰਡਾ ਸਾਡੇ ਦੇਸ ਦੀ ਸ਼ਾਨ ਹੈ। ਕਨੂੰਨ ਅਨੁਸਾਰ ਹਰ ਭਾਰਤੀ ਲਈ ਆਪਣੇ ਰਾਸ਼ਟਰੀ ਝੰਡੇ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਸਾਨੂੰ ਸਾਰੇ ਭਾਰਤੀਆਂ ਨੂੰ ਆਪਣੇ ਕੌਮੀ ਝੰਡੇ ਦਾ ਹਮੇਸ਼ਾਂ ਸਤਿਕਾਰ ਕਰਨਾ ਚਾਹੀਦਾ ਹੈ।