ਪੈਰਾ ਰਚਨਾ : ਮਨਿ ਜੀਤੈ ਜਗੁ ਜੀਤੁ
‘ਮਨਿ ਜੀਤੈ ਜਗੁ ਜੀਤੁ’ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਜਪੁਜੀ ਸਾਹਿਬ ਵਿੱਚੋਂ ਹੈ। ਇਸ ਤੁਕ ਵਿੱਚ ਗੁਰੂ ਸਾਹਿਬ ਇਹ ਦੱਸਦੇ ਹਨ ਕਿ ਮਨ ਨੂੰ ਜਿੱਤ ਕੇ ਹੀ ਜੱਗ ਨੂੰ ਜਿੱਤਿਆ ਜਾ ਸਕਦਾ ਹੈ। ਮਨ ਨੂੰ ਜਿੱਤਣ ਤੋਂ ਭਾਵ ਮਨ ‘ਤੇ ਕਾਬੂ ਪਾਉਣ ਤੋਂ ਹੈ। ਪਰ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਮਨ ਨੂੰ ਕਿਵੇਂ ਜਿੱਤਿਆ ਜਾ ਸਕਦਾ ਹੈ? ਅਸੀਂ ਜਾਣਦੇ ਹਾਂ ਕਿ ਸਾਡਾ ਮਨ ਚੰਚਲ ਹੈ ਅਤੇ ਦੁਨਿਆਵੀ ਇੱਛਾਵਾਂ ਕਾਰਨ ਭਟਕਣ ਦਾ ਸ਼ਿਕਾਰ ਹੋ ਜਾਂਦਾ ਹੈ। ਮਨੁੱਖ ਦੀਆਂ ਇੱਛਾਵਾਂ ਅਸੀਮਿਤ ਹਨ ਅਤੇ ਇਹ ਵਧਦੀਆਂ ਹੀ ਰਹਿੰਦੀਆਂ ਹਨ। ਆਪਣੀਆਂ ਇੱਛਾਵਾਂ ਨੂੰ ਸੀਮਿਤ ਕਰਕੇ ਅਥਵਾ ਇਹਨਾਂ ‘ਤੇ ਕਾਬੂ ਪਾ ਕੇ ਹੀ ਅਸੀਂ ਮਨ ਦੀ ਭਟਕਣਾ ਤੋਂ ਛੁਟਕਾਰਾ ਪਾ ਸਕਦੇ ਹਾਂ। ਸਾਨੂੰ ਜੋ ਕੁਝ ਵੀ ਪ੍ਰਾਪਤ ਹੋਇਆ ਹੈ ਉਸ ਨਾਲ ਹੀ ਸੰਤੁਸ਼ਟ ਰਹਿਣ ਅਥਵਾ ਵਿਸ਼ੇ-ਵਿਕਾਰਾਂ ਦਾ ਤਿਆਗ ਕਰ ਕੇ ਹੀ ਅਸੀਂ ਮਨ ‘ਤੇ ਕਾਬੂ ਪਾ ਸਕਦੇ ਹਾਂ ਅਤੇ ਇਸ ‘ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਮਨ ਨੂੰ ਜਿੱਤਣ ਨਾਲ ਮਨੁੱਖ ਅੰਦਰ ਸਦਾਚਾਰਿਕ ਗੁਣ ਪੈਦਾ ਹੁੰਦੇ ਹਨ, ਉਹ ਨਿਮਰ ਹੋ ਜਾਂਦਾ ਹੈ ਅਤੇ ਉਸ ਅੰਦਰੋਂ ਮੈਂ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ। ਮਨ ਨੂੰ ਜਿੱਤਣ ਵਾਲ਼ਾ ਦੂਜਿਆਂ ਲਈ ਇੱਕ ਆਦਰਸ਼ ਬਣ ਜਾਂਦਾ ਹੈ। ਸਮਾਜ ਵਿੱਚ ਉਸ ਦੀ ਕਦਰ ਹੁੰਦੀ ਹੈ। ਲੋਕ ਉਸ ਦੀ ਗੱਲ ਮੰਨਣ ਲਈ ਤਿਆਰ ਹੋ ਜਾਂਦੇ ਹਨ—ਇਹੀ ਜੱਗ ਨੂੰ ਜਿੱਤਣ ਵਾਲੀ ਅਵਸਥਾ ਹੁੰਦੀ ਹੈ। ਸੰਸਾਰ ਵਿੱਚ ਪੂਜੇ ਜਾਣ ਵਾਲ਼ੇ ਮਹਾਪੁਰਸ਼ ਆਪਣੇ ਮਨ ਨੂੰ ਜਿੱਤ ਕੇ ਹੀ ਸਮਾਜ ਵਿੱਚ ਮਾਣ ਪ੍ਰਾਪਤ ਕਰਦੇ ਹਨ। ਮਨ ਨੂੰ ਜਿੱਤਣ ਤੋਂ ਬਿਨਾਂ ਕੋਈ ਵੀ ਜੱਗ ਨੂੰ ਨਹੀਂ ਜਿੱਤ ਸਕਦਾ। ਜੁੱਧ ਰਾਹੀਂ ਕਦੇ ਵੀ ਜੱਗ ਨੂੰ ਨਹੀਂ ਜਿੱਤਿਆ ਜਾ ਸਕਦਾ। ਜੱਗ ਜਿੱਤਣ ਲਈ ਲੋਕਾਂ ਦੇ ਦਿਲ ਜਿੱਤਣ ਦੀ ਲੋੜ ਹੁੰਦੀ ਹੈ। ਆਪਣੇ ਮਨ ਨੂੰ ਜਿੱਤਣ ਤੋਂ ਬਿਨਾਂ ਅਜਿਹਾ ਕਰਨਾ ਸੰਭਵ ਨਹੀਂ ਹੁੰਦਾ।