ਪੈਰਾ ਰਚਨਾ : ਨਵਾਂ ਨੌਂ ਦਿਨ ਪੁਰਾਣਾ ਸੌ ਦਿਨ
‘ਨਵਾਂ ਨੌਂ ਦਿਨ ਪੁਰਾਣਾ ਸੌ ਦਿਨ’ ਨਾਂ ਦਾ ਅਖਾਣ ਇਹ ਪ੍ਰਗਟ ਕਰਦਾ ਹੈ ਕਿ ਕੋਈ ਚੀਜ਼ ਥੋੜ੍ਹੇ ਚਿਰ ਲਈ ਨਵੀਂ ਅਤੇ ਬਹੁਤੇ ਚਿਰ ਲਈ ਪੁਰਾਣੀ ਰਹਿੰਦੀ ਹੈ। ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਨੇਕਾਂ ਚੀਜ਼ਾਂ ਖ਼ਰੀਦਦੇ ਹਾਂ। ਵਿਦਿਆਰਥੀ ਰੋਜ਼ਾਨਾ ਆਪਣੀ ਵਰਤੋਂ ਦੀਆਂ ਕਈ ਨਵੀਆਂ ਚੀਜ਼ਾਂ ਖਰੀਦਦੇ ਹਨ। ਕੁਝ ਚਿਰ ਲਈ ਸਾਡੇ ਦਿਲ ਵਿੱਚ ਇਹਨਾਂ ਲਈ ਬਹੁਤ ਖਿੱਚ ਹੁੰਦੀ ਹੈ। ਅਸੀਂ ਇਹਨਾਂ ਨੂੰ ਸਾਂਭ-ਸਾਂਭ ਰੱਖਦੇ ਹਾਂ। ਇਹਨਾਂ ਦਾ ਧਿਆਨ ਰੱਖਦੇ ਹਾਂ ਕਿ ਇਹ ਖ਼ਰਾਬ ਨਾ ਹੋ ਜਾਣ। ਪਰ ਹੌਲੀ-ਹੌਲੀ ਨਵੀਆਂ ਖ਼ਰੀਦੀਆਂ ਚੀਜ਼ਾਂ ਪ੍ਰਤਿ ਸਾਡੀ ਖਿੱਚ ਘਟਦੀ ਜਾਂਦੀ ਹੈ। ਅਸੀਂ ਇਹਨਾਂ ਦੀ ਸਾਂਭ-ਸੰਭਾਲ ਵੱਲ ਵੀ ਪਹਿਲਾਂ ਜਿੰਨਾ ਧਿਆਨ ਨਹੀਂ ਦਿੰਦੇ। ਅਸਲ ਵਿੱਚ ਹਰ ਚੀਜ਼ ਦੀ ਨਵੀਨਤਾ ਥੋੜ੍ਹੇ ਸਮੇਂ ਲਈ ਹੀ ਹੁੰਦੀ ਹੈ। ਜੋ ਚੀਜ਼ ਨਵੀਂ ਹੈ ਉਸ ਨੇ ਅਕਸਰ ਪੁਰਾਣੀ ਹੋਣਾ ਹੀ ਹੈ। ਪਰ ਪੁਰਾਣੀ ਹੋ ਕੇ ਵੀ ਉਸ ਦੀ ਉਪਯੋਗਤਾ ਬਣੀ ਰਹਿੰਦੀ ਹੈ। ਅਸਲ ਵਿੱਚ ਕੋਈ ਚੀਜ਼ ਪੁਰਾਣੀ ਹੋ ਕੇ ਹੀ ਸਹੀ ਰੂਪ ਵਿੱਚ ਸਾਡੇ ਜੀਵਨ ਵਿੱਚ ਸ਼ਾਮਲ ਹੁੰਦੀ ਹੈ। ਇਸ ਹਾਲਤ ਵਿੱਚ ਉਸ ਦਾ ਨਵਾਂਪਨ ਨਹੀਂ ਸਗੋਂ ਉਸ ਦੀ ਉਪਯੋਗਤਾ ਅਤੇ ਹੰਢਣਸਾਰਤਾ ਵਧੇਰੇ ਮਹੱਤਵਸ਼ੀਲ ਹੋ ਜਾਂਦੀ ਹੈ। ਇਸੇ ਲਈ ਕਿਹਾ ਗਿਆ ਹੈ ਕਿ ‘Old is gold. ਜਿਉਂ- ਜਿਉਂ ਪੁਰਾਣੀ ਚੀਜ਼ ਦੀ ਉਪਯੋਗਤਾ ਵਧਦੀ ਜਾਂਦੀ ਹੈ ਤਿਉਂ-ਤਿਉਂ ਉਸ ਦਾ ਮੁੱਲ ਵੀ ਵਧਦਾ ਜਾਂਦਾ ਹੈ। ਨਿਰਸੰਦੇਹ ਕੋਈ ਚੀਜ਼ ਕੁਝ ਚਿਰ ਲਈ ਹੀ ਨਵੀਂ ਰਹਿੰਦੀ ਹੈ ਅਤੇ ਉਸ ਨੇ ਪੁਰਾਣੀ ਹੋਣਾ ਹੀ ਹੈ। ਇਸੇ ਲਈ ਕਹਿੰਦੇ ਹਨ ਨਵਾਂ ਨੌ ਦਿਨ ਪੁਰਾਣਾ ਸੌ ਦਿਨ।