ਪੈਰਾ ਰਚਨਾ : ਦੁਚਿੱਤੀ
ਦੁਚਿੱਤੀ
ਦੁਚਿੱਤੀ ਤੋਂ ਭਾਵ ਹੈ ਕਿ ਕਿਸੇ ਨਿਰਣੇ ਬਾਰੇ ਮਨ ਅੰਦਰ ਦੋ ਇਰਾਦਿਆਂ ਦਾ ਧਾਰਨੀ ਹੋਣਾ। ਦੁਚਿੱਤੀ ਸਮੇਂ ਸਿਰ ਨਿਰਣਾ ਨਾ ਲੈਣ ਦੀ ਅਸਮਰੱਥਤਾ ਹੈ। ਇਹ ਦਾਇਰਿਆਂ ‘ਚ ਘੁੰਮਣ ਦੀ ਦਸ਼ਾ ਹੈ, ਜਿਸ ਦੀ ਮੰਜ਼ਲ ਵੀ ਘੁੰਮਣ-ਘੇਰੀਆਂ ਵਿੱਚ ਗਵਾਚ ਜਾਂਦੀ ਹੈ। ਇਹ ਇੱਕ ਅਜਿਹੀ ਅਵੱਸਥਾ ਹੈ, ਜਦੋਂ ਮਨ ਦੇ ਘੋੜਿਆਂ ਦੀ ਲਗਾਮ ਢਿੱਲੀ ਛੁੱਟ ਜਾਂਦੀ ਹੈ। ਇੱਕ ਸੱਜੇ ਪਾਸੇ ਵੱਲ ਦੌੜਦਾ ਹੈ, ਦੂਜਾ ਖੱਬੇ ਪਾਸੇ ਵੱਲ। ਦੁਚਿੱਤੀ ਉਦੋਂ ਪੈਦਾ ਹੁੰਦੀ ਹੈ, ਜਦੋਂ ਮਨੁੱਖ ਸਮੇਂ ਸਿਰ ਅਤੇ ਸਥਿਤੀ ਅਨੁਸਾਰ ਢੁੱਕਵਾਂ ਫ਼ੈਸਲਾ ਲੈਣ ਤੋਂ ਅਸਮਰੱਥ ਹੁੰਦਾ ਹੈ। ਦੁਚਿੱਤੀ ‘ਚ ਰਹਿਣ ਵਾਲੇ ਨਾ ਕੇਵਲ ਸਮੇਂ ਸਿਰ ਠੀਕ ਨਿਰਣਾ ਲੈਣ ਤੋਂ ਰਹਿ ਜਾਂਦੇ ਹਨ, ਕਈ ਵਾਰ ਆਪਣੇ ਅਤੇ ਹੋਰਨਾਂ ਦੇ ਹਿੱਸਿਆਂ ਦੀਆਂ ਖ਼ੁਸ਼ੀਆਂ ਵੀ ਗਵਾ ਲੈਂਦੇ ਹਨ। ਵਿਲੀਅਮ ਜੇਮਜ਼ ਆਖਦਾ ਹੈ ਕਿ ਸਮੇਂ ਸਿਰ ਸਹੀ ਨਿਰਣਾ ਕਰ ਕੇ ਮਨੁੱਖ ਜੋ ਚਾਹੇ, ਪ੍ਰਾਪਤ ਕਰ ਸਕਦਾ ਹੈ, ਪਰ ਦੁਚਿੱਤੀ ਉਸ ਦੇ ਹੱਥੋਂ ਇਹ ਤਾਕਤ ਖੋਹ ਲੈਂਦੀ ਹੈ। ਜ਼ਿੰਦਗੀ ਵਿੱਚ ਕਈ ਵਾਰ ਮਨੁੱਖ ਚੌਰਾਹੇ ‘ਤੇ ਪੁੱਜ ਜਾਂਦਾ ਹੈ। ਅਜਿਹੇ ਮੌਕੇ ‘ਤੇ ਤੁਸੀਂ ਦੁਚਿੱਤੀ ‘ਚ ਪੈ ਗਏ ਤਾਂ ਹੋਰ ਅੱਗੇ ਤੋਂ ਅੱਗੇ ਲੰਘ ਜਾਣਗੇ ਅਤੇ ਤੁਸੀਂ ਚੌਰਾਹੇ ‘ਚ ਖੜ੍ਹੇ ਵੇਖਦੇ ਹੀ ਰਹਿ ਜਾਓਗੇ | ਦੁਚਿੱਤੀ ਕਈ ਪ੍ਰਕਾਰ ਦੀ ਹੁੰਦੀ ਹੈ। ਇਹ ਸਾਡੀ ਮੰਜ਼ਲ ਦੀ ਵੀ ਹੋ ਸਕਦੀ ਹੈ। ਇਹ ਸਾਡੀ ਸੋਚ ਦੀ ਵੀ ਬਣ ਸਕਦੀ ਹੈ। ਇਹ ਸਾਡੇ ਵੱਲੋਂ ਪ੍ਰਾਪਤੀ ਲਈ ਅਪਣਾਏ ਰਾਹਾਂ ਬਾਰੇ ਵੀ ਰੂਪ ਧਾਰਨ ਕਰ ਸਕਦੀ ਹੈ। ਜਦੋਂ ਅਸੀਂ ਦੁਚਿੱਤੀ ਤਿਆਗ ਕੇ ਠੀਕ ਮੰਜ਼ਲ ਚੁਣਦੇ ਹਾਂ, ਜਦੋਂ ਸਾਡੀ ਸੋਚ ਇੱਕ ‘ਤੇ ਦ੍ਰਿੜ੍ਹ ਹੁੰਦੀ ਹੈ, ਜਦੋਂ ਸਾਡੇ ਰਾਹ ਅਤੇ ਅਕੀਦੇ ਦੁਚਿੱਤੀ ਤੋਂ ਮੁਕਤ ਹੁੰਦੇ ਹਨ, ਉਦੋਂ ਸਮਝੋ ਪ੍ਰਾਪਤੀ ਹੀ ਪ੍ਰਾਪਤੀ ਹੈ। ਜ਼ਿੰਦਗੀ ਦੇ ਰਾਹ ਉੱਤੇ ਤੁਰਨ ਤੋਂ ਪਹਿਲਾਂ, ਕੋਈ ਨਿਰਣਾ ਲੈਣ ਤੋਂ ਪਹਿਲਾਂ ਜਾਂ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ, ਜ਼ਰਾ ਠਹਿਰ ਕੇ ਸੋਚੋ ਤੁਸੀਂ ਕੀ ਕਰਨਾ ਹੈ, ਰਾਹ ਦੀਆਂ ਕੀ ਔਕੜਾਂ ਹਨ, ਕਿਵੇਂ ਕਰਨਾ ਹੈ? ਤਦ ਤੁਹਾਨੂੰ ਮੰਜ਼ਲ ਦੀਆਂ ਮੰਮਟੀਆਂ ਤੁਰਨ ਤੋਂ ਪਹਿਲਾਂ ਦਿੱਸਣ ਲੱਗ ਪੈਣਗੀਆਂ। ਸੋ, ਲੋੜ ਹੈ ਦੁਚਿੱਤੀ ਦਾ ਰਾਹ ਤਿਆਗਣ ਦੀ ਅਤੇ ਦ੍ਰਿੜ ਸੰਕਲਪ ਹੋ ਕੇ ਕਦਮ ਚੁੱਕਣ ਦੀ। ਫਿਰ ਮੰਜ਼ਲ ਤਾਂ ਤੁਹਾਡੀ ਹੀ ਹੋ ਜਾਵੇਗੀ।