CBSEClass 9th NCERT PunjabiEducationਪੈਰ੍ਹਾ ਰਚਨਾ (Paragraph Writing)

ਪੈਰਾ-ਰਚਨਾ : ਜਹ ਕਰਣੀ ਤਹ ਪੂਰੀ ਮਤਿ


ਇਹ ਗੁਰੂ ਨਾਨਕ ਦੇਵ ਜੀ ਦੀ ਤੁਕ ਹੈ। ਇਸ ਵਿਚ ਗੁਰੂ ਜੀ ਨੇ ਇਹ ਵਿਚਾਰ ਪੇਸ਼ ਕੀਤਾ ਹੈ ਕਿ ਮਨੁੱਖ ਦੀ ਸੂਝ-ਬੂਝ ਉਸ ਦੇ ਕੰਮਾਂ ਅਰਥਾਤ ਉਸ ਦੇ ਅਮਲਾਂ ਤੋਂ ਪੈਦਾ ਹੁੰਦੀ ਹੈ। ਅਸਲ ਵਿਚ ਮਨੁੱਖ ਦੀ ਮੱਤ ਅਤੇ ਉਸ ਦਾ ਆਚਰਨ ਵੱਖ-ਵੱਖ ਨਹੀਂ ਹੁੰਦੇ। ਦੋਹਾਂ ਦਾ ਇਕ ਦੂਜੇ ਉੱਪਰ ਪ੍ਰਭਾਵ ਪੈਂਦਾ ਹੈ। ਆਪਣੇ ਨਿੱਤ ਦੇ ਜੀਵਨ ਵਿਚ ਅਸੀਂ ਜਿਹੜੇ ਚੰਗੇ ਜਾਂ ਬੁਰੇ ਕੰਮ ਕਰਦੇ ਹਾਂ, ਉਨ੍ਹਾਂ ਦਾ ਸਾਡੇ ਮਨ ਉੱਪਰ ਚੰਗਾ ਜਾਂ ਬੁਰਾ ਅਸਰ ਪੈਂਦਾ ਹੈ। ਜਦੋਂ ਕੋਈ ਵਿਦਿਆਰਥੀ ਕਿਸੇ ਦੀ ਕੋਈ ਚੀਜ਼ ਚੁਰਾ ਲੈਂਦਾ ਹੈ, ਤਾਂ ਉਸ ਦੇ ਮਨ ਉੱਪਰ ਉਸ ਚੋਰੀ ਦਾ ਬੋਝ ਜ਼ਰੂਰ ਰਹਿੰਦਾ ਹੈ, ਫਿਰ ਉਸ ਚੋਰੀ ਨੂੰ ਲੁਕਾਉਣ ਲਈ ਉਹ ਝੂਠ ਆਦਿ ਬੋਲੇਗਾ ਤੇ ਹੋਰ ਕਈ ਗ਼ਲਤ ਗੱਲਾਂ ਦਾ ਆਸਰਾ ਲਵੇਗਾ। ਇਸ ਪ੍ਰਕਾਰ ਉਸ ਦੇ ਬੁਰੇ ਕੰਮ ਨਾਲ ਉਸ ਦਾ ਸਾਰਾ ਆਚਰਨ ਤੇ ਵਿਹਾਰ ਹੀ ਬੁਰਾ ਬਣ ਜਾਵੇਗਾ। ਇਸ ਦੇ ਉਲਟ ਜੇਕਰ ਕੋਈ ਆਦਮੀ ਆਪਣੀ ਆਮਦਨ ਵਿਚੋਂ ਬੱਚਤ ਕਰਨ ਦੀ ਆਦਤ ਪਾਵੇਗਾ, ਤਾਂ ਉਸ ਵਿਚ ਸੰਜਮ, ਸਬਰ ਤੇ ਸੰਤੋਖ ਦੇ ਗੁਣ ਪੈਦਾ ਹੋਣਗੇ। ਉਹ ਫ਼ਜੂਲ-ਖ਼ਰਚੀ ਤੋਂ ਬਚੇਗਾ। ਉਹ ਸਮੇਂ ਨੂੰ ਅਜਾਈਂ ਨਹੀਂ ਗੁਆਏਗਾ ਤੇ ਵੱਧ ਤੋਂ ਵੱਧ ਮਿਹਨਤ ਕਰ ਕੇ ਆਪਣੀ ਆਮਦਨ ਵਿਚ ਵਾਧਾ ਕਰਨ ਦਾ ਯਤਨ ਕਰੇਗਾ। ਇਸ ਪ੍ਰਕਾਰ ਬੱਚਤ ਕਰਨ ਦੀ ਰੁਚੀ ਉਸ ਵਿਚ ਬਹੁਤ ਸਾਰੀਆਂ ਹੋਰਨਾਂ ਚੰਗੀਆਂ ਆਦਤਾਂ ਤੇ ਰੁਚੀਆਂ ਦਾ ਵਿਕਾਸ ਕਰੇਗੀ। ਇਸ ਪ੍ਰਕਾਰ ਇਹ ਬਿਲਕੁਲ ਠੀਕ ਹੈ ਕਿ ਮਨੁੱਖ ਦੁਆਰਾ ਕੀਤੇ ਜਾਂਦੇ ਚੰਗੇ ਜਾਂ ਬੁਰੇ ਕੰਮ ਉਸ ਦੇ ਆਚਰਨ ਅਤੇ ਮੱਤ ਨੂੰ ਪ੍ਰਭਾਵਿਤ ਕਰਦੇ ਹਨ।