ਪੈਰਾ ਰਚਨਾ : ਖ਼ੂਨਦਾਨ
ਕਿਸੇ ਲੋੜਵੰਦ ਨੂੰ ਦਿੱਤਾ ਹੋਇਆ ਖ਼ੂਨ, ‘ਖ਼ੂਨਦਾਨ’ ਅਖਵਾਉਂਦਾ ਹੈ। ਦੁਰਘਟਨਾ, ਗੰਭੀਰ ਬਿਮਾਰੀ ਆਦਿ ਦੀ ਹਾਲਤ ਵਿੱਚ ਨੂੰ ਕਿਸੇ ਦੂਜੇ ਮਨੁੱਖ ਦੇ ਖ਼ੂਨ ਦੀ ਲੋੜ ਪੈ ਸਕਦੀ ਹੈ। ਇਹ ਲੋੜ ਉਦੋਂ ਹੀ ਪੈਂਦੀ ਹੈ, ਜਦੋਂ ਮਰੀਜ਼ ਦੇ ਆਪਣੇ ਅੰਦਰ ਪੂਰਾ ਖ਼ੂਨ ਨਾ ਹੋਵੇ। ਅਜਿਹੇ ਮੌਕੇ ਜੇ ਲੋੜੀਂਦਾ ਖ਼ੂਨ ਨਾ ਮਿਲ ਸਕੇ, ਤਦ ਜੀਵਨ-ਜੋਤ ਬੁਝ ਸਕਦੀ ਹੈ। ਇਸ ਤੋਂ ਉਲਟ ਜੇ ਅਜਿਹੇ ਮੌਕੇ ਖ਼ੂਨ ਮਿਲ ਜਾਵੇ ਤਾਂ ਮਰੀਜ਼ ਦਾ ਇੱਕ ਪ੍ਰਕਾਰ ਨਾਲ ਪੁਨਰ-ਜਨਮ ਹੋ ਜਾਂਦਾ ਹੈ। ਇਸ ਪ੍ਰਕਾਰ ਹਰ ਖ਼ੂਨਦਾਨੀ, ਜੀਵਨ ਦਾਨੀ ਵੀ ਹੁੰਦਾ ਹੈ। ਖ਼ੂਨਦਾਨੀ ਦੂਜਿਆਂ ਨੂੰ ਸਹੀ ਅਰਥਾਂ ਵਿੱਚ ਪਿਆਰ ਕਰਦਾ ਹੈ। ਕੋਈ ਕਿਸੇ ਦੁਰਘਟਨਾ ਵੇਲੇ ਜਾਂ ਬਿਮਾਰੀ ਕਾਰਨ ਤੜਪ ਰਹੇ ਮਰੀਜ਼ (ਜਿਸ ਅੰਦਰ ਖ਼ੂਨ ਦੀ ਘਾਟ ਹੋਵੇ) ਨੂੰ ਭਾਵੇਂ ਪੈਸੇ ਦੇ ਕੇ ਉਸ ਦੀ ਮਦਦ ਕਰਨੀ ਚਾਹੇ, ਉਹ ਓਨੀ ਸਾਰਥਕ ਨਹੀਂ, ਜਿੰਨਾਂ ਖੂਨਦਾਨ ਸਾਰਥਕ ਹੈ। ਖ਼ੂਨ ਦਾਨ ਕਰਨ ਵਾਲਾ ਬੰਦਾ ਵੱਧ ਤੋਂ ਵੱਧ ਸ਼ਲਾਘਾ ਅਤੇ ਸਨਮਾਨ ਦਾ ਪਾਤਰ ਹੈ। ਉਹ ਆਪਣਾ ਖ਼ੂਨ ਦੇ ਕੇ ਇੱਕ ਵਿਅਕਤੀ ਨੂੰ ਹੀ ਨਹੀਂ ਬਚਾਉਂਦਾ, ਸਗੋਂ ਦੁੱਖੀ ਪਰਿਵਾਰ ਦਾ ਗੁਆਚਿਆ ਖੇੜਾ ਵਾਪਸ ਲੈ ਆਉਂਦਾ ਹੈ। ਉਸ ਦੁਆਰਾ ਦਿੱਤੇ ਖ਼ੂਨਦਾਨ ਨਾਲ ਕਿੰਨੀਆਂ ਜ਼ਿੰਮੇਦਾਰੀਆਂ ਦੇ ਅਧੂਰੇ ਰਹਿ ਜਾਣ ਦਾ ਖ਼ਤਰਾ ਟਲ ਜਾਂਦਾ ਹੈ। ਇਸ ਪ੍ਰਕਾਰ ਖ਼ੂਨਦਾਨ ਇੱਕ ਪਰਉਪਕਾਰ ਅਤੇ ਰੱਬੀ ਕਾਰਜ ਹੈ। ਖ਼ੂਨਦਾਨੀ ਦੇ ਖ਼ੂਨ ਦਾ ਇੱਕ-ਇੱਕ ਕਤਰਾ ਕਿਸੇ ਦੀ ਬੁਝਦੀ ਹੋਈ ਜੋਤ ਨੂੰ ਮੁੜ ਜਗਦੀ ਕਰ ਦਿੰਦਾ ਹੈ। ਕਈ ਲੋਕ ਸਮਝਦੇ ਹਨ ਕਿ ਖ਼ੂਨਦਾਨ ਕਰਨ ਵਾਲਾ ਵਿਅਕਤੀ ਕਮਜ਼ੋਰ ਹੋ ਜਾਂਦਾ ਹੈ, ਪਰ ਉਹ ਭੁੱਲ ਜਾਂਦੇ ਹਨ ਕਿ ਇੱਕ ਸਮੇਂ ਦਿੱਤਾ ਹੋਇਆ ਖ਼ੂਨ ਕੁਝ ਸਮੇਂ ਵਿੱਚ ਹੀ ਪੂਰਾ ਹੋ ਜਾਂਦਾ ਹੈ। ਸੋ, ਜਿਹੜੀ ਚੀਜ਼ ਦੀ ਪੂਰਤੀ ਹੋ ਜਾਂਦੀ ਹੈ, ਉਸ ਨੂੰ ਦਾਨ ਦੇਣ ਵਿੱਚ ਡਰ ਅਤੇ ਹਿਚਕਚਾਹਟ ਨਹੀਂ ਹੋਣੀ ਚਾਹੀਦੀ। ਖ਼ੂਨਦਾਨ ਕਰਨ ਵਾਲਿਆਂ ਰਾਹੀਂ ਹੀ ਕਈਆਂ ਦੀ ਜੀਵਨ-ਧਾਰਾ ਲੰਮੀ ਹੋ ਜਾਂਦੀ ਹੈ।