ਪੈਰਾ ਰਚਨਾ : ਕਾਲਜ ਵਿੱਚ ਮੇਰਾ ਪਹਿਲਾ ਦਿਨ
ਮਨੁੱਖ ਦੇ ਜੀਵਨ ਵਿੱਚ ਕੁਝ ਦਿਨ ਅਜਿਹੇ ਹੁੰਦੇ ਹਨ, ਜੋ ਉਸ ਨੂੰ ਕਦੇ ਭੁੱਲਦੇ ਨਹੀਂ। ਕਾਲਜ ਵਿੱਚ ਮੇਰਾ ਪਹਿਲਾ ਦਿਨ ਇੱਕ ਅਜਿਹਾ ਦਿਨ ਸੀ। ਇਹ ਦਿਨ ਅੱਜ ਵੀ ਮੇਰੀ ਯਾਦ ਮੱਲੀ ਬੈਠਾ ਹੈ। ਜਿਹੜੇ ਵਿਦਿਆਰਥੀ ਸਕੂਲਾਂ ‘ਚੋਂ ਬਾਰ੍ਹਵੀ ਕਰ ਕੇ ਕਾਲਜਾਂ ਵਿੱਚ ਦਾਖ਼ਲ ਹੁੰਦੇ ਹਨ, ਉਨ੍ਹਾਂ ਲਈ ਇਸ ਦਿਨ ਦਾ ਇੱਕ ਬੜਾ ਅਜੀਬ ਅਨੁਭਵ ਹੁੰਦਾ ਹੈ। ਮੈਂ ਵੀ ਜਲੰਧਰ ਦੇ ਖ਼ਾਲਸਾ ਕਾਲਜ ਵਿੱਚ ਬੀ.ਏ. (ਸਾਲ ਪਹਿਲਾ) ਦੀ ਜਮਾਤ ਵਿੱਚ ਦਾਖ਼ਲਾ ਲਿਆ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬੜੀ ਖ਼ੁਸ਼ੀ ਸੀ ਕਿ ਅਜਿਹੇ ਚੰਗੇ ਕਾਲਜ ਵਿੱਚ ਚੰਗੇ ਵਿਦਿਆਰਥੀਆਂ ਨੂੰ ਹੀ ਦਾਖ਼ਲਾ ਮਿਲਦਾ ਹੈ। ਮੇਰੇ ਮਨ ਵਿੱਚ ਕਾਲਜ ਜਾਣ ਲਈ ਬਹੁਤ ਉਤਸੁਕਤਾ ਸੀ। ਮੈਂ 8.15 ’ਤੇ ਹੀ ਕਾਲਜ ਪੁੱਜ ਗਿਆ। ਉਸ ਦਿਨ 8.30 ਤੋਂ ਪਿੱਛੋਂ ਹੋਰ ਮੁੰਡੇ ਪਹੁੰਚਣੇ ਸ਼ੁਰੂ ਹੋਏ। ਉਨ੍ਹਾਂ ਵਿੱਚੋਂ ਕੁਝ ਨੂੰ ਮੈਂ ਜਾਣਦਾ ਸਾਂ। ਉਹ ਸਾਡੇ ਪਿੰਡਾਂ ਵੱਲ ਦੇ ਸਨ, ਪਰ ਹੋਰ ਜਮਾਤਾਂ ਵਿੱਚ ਪੜ੍ਹਦੇ ਸਨ। ਨਵੇਂ ਦਾਖ਼ਲ ਹੋਏ ਵਿਦਿਆਰਥੀ ਲਗਪਗ 9.30 ਵਜੇ ਕਾਲਜ ਦੇ ਹਾਲ ਵਿੱਚ ਇਕੱਠੇ ਹੋਏ। ਪ੍ਰਿੰਸੀਪਲ ਸਾਹਿਬ ਨੇ ਸਟੇਜ ਤੋਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਹਿਲਾਂ ਜੀ ਆਇਆਂ ਆਖਿਆ। ਫਿਰ ਕਾਲਜ ਦੇ ਕੁਝ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਸ਼ੁੱਭ-ਕਾਮਨਾ ਦੇ ਕੇ ਉਨ੍ਹਾਂ ਨੇ ਸਾਨੂੰ ਆਪੋ-ਆਪਣੀਆਂ ਜਮਾਤਾਂ ਵਿੱਚ ਜਾਣ ਲਈ ਕਿਹਾ। ਮੈਂ ਨੋਟਿਸ ਬੋਰਡ ‘ਤੇ ਵੇਖਿਆ, ਮੇਰਾ ਨਾਂ ਅਤੇ ਰੋਲ ਨੰਬਰ ‘ਬੀ’ ਸੈਕਸ਼ਨ ਵਿੱਚ ਸੀ। ਏਨਾ ਵੱਡਾ ਕਾਲਜ ਸੀ ਕਿ ਮੈਨੂੰ ਆਪਣਾ ਕਮਰਾ ਨਹੀਂ ਸੀ ਲੱਭ ਰਿਹਾ। ਮੈਂ ਇੱਕ ਪੁਰਾਣੇ ਵਿਦਿਆਰਥੀ ਨੂੰ ਪੁੱਛਿਆ। ਉਸ ਨੇ ਮੇਰਾ ਮਖੌਲ ਉਡਾਉਣ ਲਈ ਮੈਨੂੰ ਇੱਕ ਪ੍ਰਯੋਗਸ਼ਾਲਾ ਵਿੱਚ ਧੱਕ ਦਿੱਤਾ। ਪੁੱਛਦੇ-ਪੁਛਾਉਂਦੇ ਨੂੰ ਮੈਨੂੰ ਆਪਣੀ ਜਮਾਤ ਦਾ ਕਮਰਾ ਮਿਲ ਗਿਆ। ਸਾਡੀ ਹਾਜ਼ਰੀ ਲੱਗੀ ਅਤੇ ਸਾਨੂੰ ਕਿਤਾਬਾਂ ਲਿਖਾਈਆਂ ਗਈਆਂ। ਏਨੇ ਨੂੰ ਘੰਟੀ ਵੱਜ ਗਈ। ਫਿਰ ਇੱਕ ਪ੍ਰੋਫ਼ੈਸਰ ਸਾਹਿਬ ਆ ਗਏ। ਉਨ੍ਹਾਂ ਨੇ ਵੀ ਆਪਣੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ ਅਤੇ ਪੀਰੀਅਡ ਖ਼ਤਮ ਹੋ ਗਿਆ। ਲਗਪਗ 11 ਕੁ ਵਜੇ ਅਸੀਂ ਵਿਹਲੇ ਹੋ ਗਏ। ਇਸ ਪਿੱਛੋਂ ਅਸੀਂ ਦੋ-ਤਿੰਨ ਵਿਦਿਆਰਥੀ ਕੰਟੀਨ ਵੱਲ ਚਲੇ ਗਏ। ਚਾਹ ਪੀਤੀ ਅਤੇ ਪਕੌੜੇ ਖਾਧੇ। ਅਸੀਂ ਕਾਲਜ ਦੀ ਬਿਲਡਿੰਗ ਅਤੇ ਮੁੰਡਿਆਂ ਨੂੰ ਘੁੰਮਦੇ ਵੇਖ ਕੇ ਹੈਰਾਨ ਹੋ ਰਹੇ ਸਾਂ। ਮੈਨੂੰ ਲੱਗਦਾ ਸੀ, ਜਿਵੇਂ ਮੈਂ ਕਿਸੇ ਨਵੀਂ ਦੁਨੀਆ ਵਿੱਚ ਆ ਗਿਆ ਹਾਂ।