ਪੈਰਾ ਰਚਨਾ : ਇਸਤਰੀਆਂ ਵਿੱਚ ਵਧ ਰਹੀ ਅਸੁਰੱਖਿਆ ਦੀ ਭਾਵਨਾ
ਇਸਤਰੀਆਂ ਵਿੱਚ ਵਧ ਰਹੀ ਅਸੁਰੱਖਿਆ ਦੀ ਭਾਵਨਾ
ਕੁਦਰਤ ਵੱਲੋਂ ਸਾਜੀ ਹੋਈ ਸ੍ਰਿਸ਼ਟੀ ਵਿੱਚ ਇਸਤਰੀ ਦਾ ਰੁਤਬਾ ਮਹਾਨ ਹੈ, ਕਿਉਂਕਿ ਉਹ ਜਗ-ਜਣਨੀ ਹੈ ਪਰ ਮਰਦ ਪ੍ਰਧਾਨ ਸਮਾਜ ਵਿੱਚ ਕਈ ਵਾਰ ਉਸ ਨੂੰ ਤ੍ਰਿਸਕਾਰ ਭਰੀਆਂ ਤੇ ਅਸ਼ਲੀਲ ਨਜ਼ਰਾਂ ਨਾਲ ਵੀ ਵੇਖਿਆ ਜਾਂਦਾ ਰਿਹਾ ਹੈ। ਉਸ ਨੂੰ ਹਰ ਵੇਲੇ ਮਰਦਾਂ ਦੀਆਂ ਕਾਮ-ਵਾਸ਼ਨਾਵਾਂ ਨਾਲ ਭਰਪੂਰ ਵਹਿਸ਼ੀ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜ ਵਿੱਚ ਵਿਚਰਦਿਆਂ, ਇੱਥੋਂ ਤੱਕ ਕਿ ਘਰ-ਪਰਿਵਾਰ ਵਿੱਚ ਵੀ ਉਸ ਦੀ ਇੱਜ਼ਤ-ਪਤ ਨੂੰ ਹਰ ਵੇਲੇ ਖ਼ਤਰਾ ਹੀ ਬਣਿਆ ਰਹਿੰਦਾ ਹੈ। ਅਕਸਰ ਉਹ ਇਹਨਾਂ ਪਰਿਸਥਿਤੀਆਂ ਸਾਹਮਣੇ ਹਾਰ ਜਾਂਦੀ ਹੈ, ਕਿਉਂਕਿ ਸਰੀਰਿਕ ਤੌਰ ‘ਤੇ ਉਹ ਮਰਦਾਂ ਨਾਲੋਂ ਘੱਟ ਤਾਕਤਵਰ ਹੁੰਦੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖ਼ਰ ਇਸਤਰੀ ਦੀ ਬੇਪਤੀ ਕਿਉਂ ਹੁੰਦੀ ਹੈ? ਔਰਤ ‘ਤੇ ਹੁੰਦੇ ਜਿਸਮਾਨੀ ਹਮਲਿਆਂ ਦਾ ਮੂਲ ਕਾਰਨ ਹੈ ਮਰਦਾਂ ਦੀ ਨਿਹਾਇਤ ਘਟੀਆ ਸੋਚ। ਕਾਮ-ਵਾਸ਼ਨਾ ਵਿੱਚ ਅੰਨ੍ਹੇ ਹੋਏ ਉਹ ਨਾ ਤਾਂ ਆਪਣਾ ਰੁਤਬਾ ਵੇਖਦੇ ਹਨ ਤੇ ਨਾ ਹੀ ਰਿਸ਼ਤਿਆਂ ਦੀ ਪਵਿੱਤਰਤਾ, ਅਜਿਹੇ ਮਾਹੌਲ ਦੇ ਚੱਲਦਿਆਂ ਔਰਤ ਦੀ ਇੱਜ਼ਤ ਲਈ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ। ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ‘ਤੇ ਫ਼ਿਲਮਾਂ ਦੇ ਗੀਤਾਂ ਆਦਿ ਵਿੱਚ ਪਰੋਸੀ ਜਾ ਰਹੀ ਅਸ਼ਲੀਲ ਤੇ ਲੱਚਰ ਸਮੱਗਰੀ ਦਾ ਵੀ ਨੌਜਵਾਨਾਂ ‘ਤੇ ਮਾੜਾ ਅਸਰ ਪੈਂਦਾ ਹੈ। ਸਿੱਕੇ ਦਾ ਦੂਜਾ ਪਾਸਾ ਇਹ ਹੈ ਕਿ ਕਿਤੇ ਨਾ ਕਿਤੇ ਔਰਤ ਖ਼ੁਦ ਵੀ ਇਖ਼ਲਾਕ ਨੂੰ ਭੁੱਲ ਜਾਂਦੀ ਹੈ। ਆਜ਼ਾਦ ਫ਼ਿਜ਼ਾ ਦੇ ਖੁੱਲ੍ਹੇ ਵਾਤਾਵਰਨ ਵਿੱਚ ਉਹ ਬੇਲਗਾਮ ਵੀ ਹੋ ਰਹੀ ਹੈ। ਟੀ.ਵੀ. ਦਾ ਮਾੜਾ ਪ੍ਰਭਾਵ, ਫ਼ੈਸ਼ਨਪ੍ਰਸਤੀ ਦੀ ਆੜ ਵਿੱਚ ਪਹਿਰਾਵੇ ਵਿੱਚ ਭੜਕੀਲਾਪਣ, ਕਲੱਬਾਂ ਆਦਿ ਦਾ ਕਲਚਰ ਅਪਣਾਉਣ, ਦੇਰ ਰਾਤ ਤੱਕ ਅਜਨਬੀਆਂ ਦੀ ਸੰਗਤ, ਸੋਸ਼ਲ ਮੀਡੀਆ ਰਾਹੀਂ ਆਪਣਾ ਨੁਕਸਾਨ ਆਪ ਵੀ ਕਰ ਲੈਣ ਵਿੱਚ ਉਹ ਖ਼ੁਦ ਜ਼ਿੰਮੇਵਾਰ ਹੈ। ਸਮਾਜ ਵਿੱਚ ਇੱਜ਼ਤ-ਮਾਣ ਨਾਲ ਰਹਿਣ ਲਈ ਜਿੱਥੇ ਔਰਤ ਪ੍ਰਤੀ ਮਰਦ ਨੂੰ ਆਪਣਾ ਨਜ਼ਰੀਆ ਸਾਕਾਰਾਤਮਕ ਰੱਖਣਾ ਜ਼ਰੂਰੀ ਹੈ, ਉੱਥੇ ਔਰਤ ਨੂੰ ਵੀ ਤਹਿਜ਼ੀਬ ਤੇ ਸਲੀਕੇ ਵਿੱਚ ਰਹਿਣ ਦੀ ਲੋੜ ਹੈ।