CBSEClass 9th NCERT PunjabiEducationPunjab School Education Board(PSEB)ਪੈਰ੍ਹਾ ਰਚਨਾ (Paragraph Writing)

ਪੈਰਾ ਰਚਨਾ : ਅਨੁਸ਼ਾਸਨ ਦਾ ਮਹੱਤਵ


ਅਨੁਸ਼ਾਸਨ ਮਨੁੱਖੀ ਜ਼ਿੰਦਗੀ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਅਨੁਸ਼ਾਸਨ ਦਾ ਮਤਲਬ ਹੈ-ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ। ਵਿਸ਼ਵ-ਭਰ ਵਿਚ ਹਰ ਥਾਂ ਨਿਯਮ ਅਤੇ ਕਾਨੂੰਨਾਂ ਦਾ ਰਾਜ ਹੁੰਦਾ ਹੈ, ਜਿਸ ਦੀ ਮਨੁੱਖਾਂ ਨੂੰ ਪਾਲਣਾ ਕਰਨੀ ਪੈਂਦੀ ਹੈ। ਅਨੁਸ਼ਾਸਨ ਹਰ ਸਭਿਅਕ ਸਮਾਜ ਦੀ ਨੀਂਹ ਹੁੰਦਾ ਹੈ। ਜੇਕਰ ਸਾਡੇ ਆਲੇ-ਦੁਆਲੇ ਨਿਯਮ ਅਤੇ ਕਾਨੂੰਨ ਨਾ ਹੋਣ, ਤਾਂ ਸਾਡੇ ਲਈ ਜਿਊਣਾ ਅਸੰਭਵ ਹੋ ਜਾਵੇ। ਅਨੁਸ਼ਾਸਨ ਤੋਂ ਬਿਨਾਂ ਸਾਡੀ ਹਾਲਤ ‘ਸਿਰ ਤੇ ਨਹੀਂ ਕੁੰਡਾ, ਹਾਥੀ ਫਿਰੇ ਲੁੰਡਾ’ ਵਾਲੀ ਹੋਵੇਗੀ, ਜਿਸ ਨਾਲ ਹਰ ਪਾਸੇ ਗੜਬੜ ਤੇ ਖਲਬਲੀ ਮਚ ਜਾਵੇਗੀ। ਅਨੁਸ਼ਾਸਨ ਸਾਡੇ ਜੀਵਨ ਨੂੰ ਕਾਬੂ ਵਿਚ ਰੱਖਦਾ, ਨਿਸਚਿਤ ਸੋਧ ਦਿੰਦਾ ਤੇ ਫਲਸਰੂਪ ਇਸ ਵਿਚ ਮਿਠਾਸ ਭਰਦਾ ਹੈ। ਇਹ ਮਨੁੱਖੀ ਚਰਿੱਤਰ ਦੀ ਰੀੜ੍ਹ ਦੀ ਹੱਡੀ ਹੈ। ਇਹ ਮਨੁੱਖੀ ਸ਼ਖ਼ਸੀਅਤ ਨੂੰ ਬੁਲੰਦੀਆਂ ਦਾ ਤਾਜ ਪਹਿਨਾਉਂਦਾ ਹੈ। ਇਸ ਤੋਂ ਬਿਨਾਂ ਸਾਡੀ ਜ਼ਿੰਦਗੀ ਫਿੱਕੀ, ਬੇਰਸ ਅਤੇ ਨੀਰਸ ਹੁੰਦੀ ਹੈ। ਅਨੁਸ਼ਾਸਨ ਤੋਂ ਬਿਨਾਂ ਸਾਡੇ ਆਲੇ-ਦੁਆਲੇ ਵਿਚ ਕਿਸੇ ਵੀ ਚੀਜ਼ ਦੀ ਹੋਂਦ ਸੰਭਵ ਨਹੀਂ। ਧਿਆਨ ਨਾਲ ਦੇਖੀਏ ਤਾਂ ਸਾਨੂੰ ਸਾਰੀ ਕੁਦਰਤ, ਸੂਰਜ, ਚੰਦ, ਤਾਰੇ, ਧਰਤੀ, ਹਵਾ, ਪਾਣੀ ਤੇ ਸਾਰੇ ਖੰਡ-ਬ੍ਰਹਿਮੰਡ ਇਕ ਅਨੁਸ਼ਾਸਨ ਵਿਚ ਬੱਝੇ ਦਿਖਾਈ ਦਿੰਦੇ ਹਨ। ਜੇਕਰ ਕੁਦਰਤ ਕੁੱਝ ਨਿਯਮਾਂ ਤੇ ਅਸੂਲਾਂ ਵਿਚ ਬੱਝ ਕੇ ਕੰਮ ਨਾ ਕਰਦੀ ਹੋਵੇ, ਤਾਂ ਧਰਤੀ ਤੋਂ ਜੀਵਨ ਦਾ ਪੂਰੀ ਤਰ੍ਹਾਂ ਨਾਸ਼ ਹੋ ਜਾਵੇ। ਇਸ ਕਰਕੇ ਮਨੁੱਖ ਲਈ ਅਨੁਸ਼ਾਸਨ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਸਾਡੀ ਨੌਜਵਾਨ ਪੀੜ੍ਹੀ ਆਮ ਕਰਕੇ ਅਨੁਸ਼ਾਸਨ ਨੂੰ ਆਪਣੀ ਸੁਤੰਤਰਤਾ ਵਿਚ ਰੁਕਾਵਟ ਸਮਝਦੀ ਹੈ। ਇਸੇ ਕਰਕੇ ਉਹ ਕਈ ਵਾਰੀ ਸਕੂਲਾਂ ਤੇ ਕਾਲਜਾਂ ਵਿਚ ਅਨੁਸ਼ਾਸਨ ਨੂੰ ਭੰਗ ਕਰਦੀ ਹੈ, ਪਰ ਇਸ ਦਾ ਨਤੀਜਾ ਉਸਾਰੂ ਨਹੀਂ, ਸਗੋਂ ਮਾਰੂ ਨਿਕਲਦਾ ਹੈ। ਸਾਨੂੰ ਵਿਦਿਆਰਥੀ ਦੇ ਰੂਪ ਵਿਚ, ਕਰਮਚਾਰੀ ਦੇ ਰੂਪ ਵਿਚ, ਖਿਡਾਰੀ ਦੇ ਰੂਪ ਵਿਚ ਤੇ ਦੇਸ਼ ਦੇ ਇਕ ਨਾਗਰਿਕ ਦੇ ਰੂਪ ਵਿਚ ਅਨੁਸ਼ਾਸਨ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ। ਕੋਈ ਟੀਮ ਖੇਡ ਦੇ ਮੈਦਾਨ ਵਿਚ ਜਿੱਤ ਨਹੀਂ ਸਕਦੀ, ਜੇਕਰ ਉਹ ਅਨੁਸ਼ਾਸਨ ਵਿਚ ਰਹਿ ਕੇ ਨਹੀਂ ਖੇਡਦੀ। ਕੋਈ ਰਾਜਨੀਤਿਕ ਪਾਰਟੀ ਵੀ ਤਾਂ ਹੀ ਕੋਈ ਪ੍ਰਾਪਤੀ ਕਰ ਸਕਦੀ ਹੈ, ਜੇਕਰ ਉਸ ਦੇ ਪੈਰੋਕਾਰ ਪੂਰੀ ਤਰ੍ਹਾਂ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਨ। ਅਨੁਸ਼ਾਸਨ ਦੀ ਜਿੰਨੀ ਲੋੜ ਇਕ ਵਿਅਕਤੀ ਨੂੰ ਹੁੰਦੀ ਹੈ, ਓਨੀ ਲੋੜ ਹੀ ਇਕ ਸੰਗਠਨ ਨੂੰ ਹੁੰਦੀ ਹੈ। ਅਨੁਸ਼ਾਸਿਤ ਕੌਮ ਉੱਨਤੀ ਦੀਆਂ ਸਿਖ਼ਰਾਂ ਨੂੰ ਛੂੰਹਦੀ ਹੈ, ਪਰ ਅਨੁਸ਼ਾਸਨਹੀਨਤਾ ਦੀ ਸਥਿਤੀ ਵਿਚ ਉਹ ਗਿਰਾਵਟ ਤੇ ਗ਼ੁਲਾਮੀ ਦਾ ਸ਼ਿਕਾਰ ਹੋ ਜਾਂਦੀ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿਚ ਅਨੁਸ਼ਾਸਨ ਨੂੰ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ ਹੈ। ਇਹ ਇਕ ਕੀਮਤੀ ਖ਼ਜ਼ਾਨਾ ਹੈ, ਜਿਸ ਦੀ ਸੰਭਾਲ ਕਰ ਕੇ ਅਸੀਂ ਸੁਖ-ਅਰਾਮ, ਖੁਸ਼ਹਾਲੀ ਤੇ ਸਨਮਾਨ ਨੂੰ ਪ੍ਰਾਪਤ ਕਰਦੇ ਹਾਂ।


ਅਨੁਸ਼ਾਸਨ ਦਾ ਮਹੱਤਵ : ਪੈਰਾ ਰਚਨਾ