ਪੈਰਾ ਰਚਨਾ : ਅਜ਼ਾਦੀ
ਅਜ਼ਾਦੀ ਦਾ ਮਹੱਤਵ ਉਸ ਸਮੇਂ ਹੀ ਅਨੁਭਵ ਹੁੰਦਾ ਹੈ ਜਦ ਸਾਨੂੰ ਗ਼ੁਲਾਮੀ ਦਾ ਦੁੱਖ ਸਹਿਣਾ ਪਵੇ। ਅਸਲੀਅਤ ਤਾਂ ਇਹ ਹੈ ਕਿ ਕੋਈ ਵੀ ਗੁਲਾਮੀ ਨੂੰ ਪਸੰਦ ਨਹੀਂ ਕਰਦਾ। ਇੱਥੋਂ ਤੱਕ ਕਿ ਪਸ਼ੂ-ਪੰਛੀ ਵੀ ਅਜ਼ਾਦੀ ਦੀ ਜ਼ਿੰਦਗੀ ਜਿਊਂਣੀ ਚਾਹੁੰਦੇ ਹਨ। ਪਿੰਜਰੇ ਪਿਆ ਪੰਛੀ ਪਿੰਜਰੇ ਦੀ ਕੈਦ ਤੋਂ ਮੁਕਤ ਹੋਣਾ ਚਾਹੁੰਦਾ ਹੈ ਅਤੇ ਕਿੱਲੇ ਬੱਝਾ ਪਸੂ ਵੀ ਗੁਲਾਮੀ ਤੋਂ ਮੁਕਤੀ ਚਾਹੁੰਦਾ ਹੈ। ਬਾਬਾ ਫ਼ਰੀਦ ਨੇ ਤਾਂ ਗ਼ੁਲਾਮੀ ਨਾਲੋਂ ਮੌਤ ਨੂੰ ਚੰਗਾ ਦੱਸਿਆ ਹੈ। ਅਨੇਕਾਂ ਮਹਾਂਪੁਰਸ਼ਾਂ ਨੇ ਸਾਡੇ ਦੇਸ ਨੂੰ ਅਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ ਕਿਉਂਕਿ ਉਹ ਗ਼ੁਲਾਮੀ ਦੇ ਮਹੱਤਵ ਨੂੰ ਜਾਣਦੇ ਸਨ। ਜਦ ਅਸੀਂ ਦੂਸਰੇ ਦੇ ਅਧੀਨ ਅਥਵਾ ਗ਼ੁਲਾਮ ਹੁੰਦੇ ਹਾਂ ਤਾਂ ਸਾਨੂੰ ਉਸ ਦਾ ਹੁਕਮ ਮੰਨਣਾ ਪੈਂਦਾ ਹੈ। ਪਰ ਅਣਖੀ ਇਨਸਾਨ ਗ਼ੁਲਾਮੀ ਦੇ ਅਜਿਹੇ ਜੀਵਨ ਨੂੰ ਪਸੰਦ ਨਹੀਂ ਕਰਦਾ। ਉਹ ਅਜਿਹੇ ਜੀਵਨ ਤੋਂ ਛੁਟਕਾਰਾ ਪਾਉਣ ਲਈ ਹਮੇਸ਼ਾਂ ਹੀ ਹੱਥ-ਪੈਰ ਮਾਰਦਾ ਹੈ। ਕਈ ਵਾਰ ਅਸੀਂ ਰਾਜਨੀਤਿਕ ਤੌਰ ‘ਤੇ ਤਾਂ ਅਜ਼ਾਦ ਹੋ ਜਾਂਦੇ ਹਾਂ ਪਰ ਸਾਨੂੰ ਸਰਮਾਏਦਾਰੀ ਦੀ ਗ਼ੁਲਾਮੀ ਤੋਂ ਛੁਟਕਾਰਾ ਨਹੀਂ ਮਿਲਦਾ। ਸਾਨੂੰ ਅਸਲੀ ਅਜ਼ਾਦੀ ਤਾਂ ਹੀ ਮਿਲਦੀ ਹੈ ਜੇਕਰ ਅਸੀਂ ਰਾਜਨੀਤਿਕ ਅਜ਼ਾਦੀ ਦੇ ਨਾਲ-ਨਾਲ ਆਰਥਿਕ ਪੱਖੋਂ ਵੀ ਸੁਤੰਤਰ ਹੋਈਏ। ਧਾਰਮਿਕ ਅਜ਼ਾਦੀ ਦੀ ਖ਼ੁਸ਼ੀ ਵੀ ਤਾਂ ਹੀ ਮਾਣੀ ਜਾ ਸਕਦੀ ਹੈ ਜੇਕਰ ਅਸੀਂ ਆਰਥਿਕ ਤੌਰ ‘ਤੇ ਵੀ ਸੁਤੰਤਰ ਹੋਈਏ। ਆਰਥਿਕ ਅਜ਼ਾਦੀ ਲਈ ਸਰਮਾਏਦਾਰੀ ਦੇ ਵਿਰੁੱਧ ਸੰਘਰਸ਼ ਬਹੁਤ ਜ਼ਰੂਰੀ ਹੁੰਦਾ ਹੈ। ਤਾਂ ਹੀ ਅਸੀਂ ਜੀਵਨ ਦੇ ਸੁੱਖ ਮਾਣ ਸਕਦੇ ਹਾਂ। ਦੁੱਖ ਦੀ ਬਹੁਤੇ ਲੋਕਾਂ ਨੂੰ ਆਰਥਿਕ ਅਜ਼ਾਦੀ ਦਾ ਸੁੱਖ ਪ੍ਰਾਪਤ ਨਹੀਂ ਹੋਇਆ। ਇਸ ਲਈ ਅਜੇ ਹੋਰ ਸੰਘਰਸ਼ ਦੀ ਲੋੜ ਹੈ।