ਇਕਾਂਗੀ : ਪਰਤ ਆਉਣ ਤਕ
ਪ੍ਰਸ਼ਨ. ਕਰਤਾਰੀ ਦਾ ਚਰਿੱਤਰ ਚਿਤਰਨ ਕਰੋ ।
ਉੱਤਰ : ਕਰਤਾਰੀ ‘ਪਰਤ ਆਉਣ ਤਕ’ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਸੱਜਣ ਦੀ ਪਤਨੀ ਅਤੇ ਆਪਣੇ ਦਿਓਰ ਜਿੰਦਰ ਦੀ ਪਤਨੀ ਸੰਤੀ ਦੀ ਭੈਣ ਹੈ। ਦੀਪਾ (ਗੁਰਦੀਪ) ਉਸ ਦਾ ਪੁੱਤਰ ਹੈ। ਉਸ ਦਾ ਬਜ਼ੁਰਗ ਸਹੁਰਾ ਘਰ ਦੇ ਵਿਹੜੇ ਵਿਚ ਪਿੱਛੇ ਕਰਕੇ ਇਕ ਸਾਂਝੀ ਥਾਂ ਬਣੇ ਢਾਰੇ ਵਿਚ ਰਹਿੰਦਾ ਹੈ।
ਲੜਾਈ ਦਾ ਮੁੱਢ ਬੰਨ੍ਹਣ ਵਾਲੀ : ਇਕਾਂਗੀ ਦੇ ਦੂਜੇ ਦ੍ਰਿਸ਼ ਵੀ ਲੜਾਈ ਦਾ ਆਰੰਭ ਉਹੋ ਹੀ ਕਰਦੀ ਹੈ ਤੇ ਪੰਜਵੇਂ ਦ੍ਰਿਸ਼ ਵਿਚ ਵੀ। ਉਸਦੇ ਚਿੰਜੜੀ ਛੇੜਨ ‘ਤੇ ਹੀ ਸੰਤੀ ਅਪਣੀ ਬਦਲੇਖ਼ੋਰ ਰੁਚੀ ਅਨੁਸਾਰ ਉਸ ਨਾਲ ਆਢਾ ਲਾਉਂਦੀ ਹੈ।
ਚਲਾਕੋ : ਉਹ ਬੜੀ ਚਲਾਕੋ ਹੈ। ਉਹ ਆਪਣੇ ਘਰ ਵਿਚ ਉੱਚੀ ਅਵਾਜ਼ ਵਿਚ ਸੰਤੀ ਨੂੰ ਬੁਰਾ-ਭਲਾ ਕਹਿੰਦੀ ਹੈ, ਪਰ ਜਦੋਂ ਉਹ ਸੁਣ ਕੇ ਉਸਨੂੰ ਜਵਾਬ ਦਿੰਦੀ ਹੈ, ਤਾਂ ਇਹ ਕਹਿੰਦੀ ਹੈ ਕਿ ਉਹ ਆਪਣੇ ਘਰ ਜੋ ਮਰਜ਼ੀ ਕਰੇ, ਜਾਂ ਬੋਲੇ, ਕਿਸੇ ਨੂੰ ਕੀ। ਉਹ ਉਸ ਉੱਤੇ ਉਲਟੀ ਊਜ ਲਾਉਂਦੀ ਹੈ ਕਿ ਉਹ ਕੌਲਿਆਂ ਨਾਲ ਲੱਗ-ਲੱਗ ਕੇ ਗੱਲਾਂ ਨੂੰ ਸੁਣਦੀ ਹੈ।
ਵਹਿਮੀ ਤੇ ਉਜਾਂ ਲਾਉਣ ਵਾਲੀ : ਕਰਤਾਰੀ ਵਹਿਮੀ ਤੇ ਉਜਾਂ ਲਾਉਣ ਵਾਲੀ ਜ਼ਨਾਨੀ ਹੈ। ਉਹ ਆਪਣੇ ਸਹੁਰੇ ਕੋਲ ਆਪਣੀ ਦਿਰਾਣੀ ਸੰਤੀ ਵਿਰੁੱਧ ਸ਼ਕਾਇਤ ਕਰਦੀ ਹੈ ਕਿ ਉਸ ਨੇ ਉਸ ਦੀ ਕਣਕ ਨੂੰ ਨਜ਼ਰ ਲਾ ਦਿੱਤੀ ਹੈ, ਜਿਸ ਕਰਕੇ ਮਣ ਕਣਕ ਵਿਚੋਂ ਮਸਾਂ ਦਸ ਸੇਰ ਆਟਾ ਨਿਕਲਿਆ।
ਹਮਲਾਵਰ ਰੁੱਖ ਅਖ਼ਤਿਆਰ ਕਰਨ ਵਾਲੀ : ਇਕਾਂਗੀ ਦੇ ਆਰੰਭ ਵਿਚ ਪਹਿਲਾਂ ਸੰਤੀ ਉੱਤੇ ਊਜ ਲਾਉਣ ਦਾ ਕੰਮ ਇਹੋ ਹੀ ਕਰਦੀ ਹੈ ਤੇ ਮਗਰੋਂ ਉਸਨੂੰ ਮਾਰਨ ਲਈ ਅੱਗੇ ਵੀ ਵਧਦੀ ਹੈ। ਉਹ ਦੀਪੇ ਨੂੰ ਤੱਤਾ-ਤੱਤਾ ਚਿਮਟਾ ਮਾਰਨ ਦੀ ਧਮਕੀ ਵੀ ਦਿੰਦੀ ਹੈ।
ਘਰ ਵਿਚ ਆਪਣੇ ਕੌੜੇ ਸੁਭਾ ਦੀ ਦਹਿਸ਼ਤ ਪਾ ਕੇ ਰੱਖਣ ਵਾਲੀ : ਘਰ ਵਿਚ ਉਹ ਆਪਣੇ ਕੌੜੇ ਸੁਭਾ ਦੀ ਦਹਿਸ਼ਤ ਪਾ ਕੇ ਰੱਖਦੀ ਹੈ। ਜਿੰਦੇ ਅਨੁਸਾਰ ਜਦੋਂ ਉਹ ਘਰ ਹੁੰਦੀ ਹੈ, ਤਾਂ ਉਸ ਦੇ ਹੁੰਦਿਆਂ ਉਹ (ਦੀਪੇ) ਦਾ ਸਾਹ ਨਹੀਂ ਨਿਕਲਦਾ। ਆਪਣੀ ਮਾਂ ਦੇ ਖੇਤਾਂ ਵਿਚ ਗਈ ਹੋਣ ਕਰਕੇ ਹੀ ਉਹ ਬਾਬਾ ਜੀ ਨੂੰ ਚਾਹ ਪੀਣ ਲਈ ਕਹਿੰਦਾ ਹੈ। ਬਾਬਾ ਜੀ ਵੀ ਸਮਝਦੇ ਹਨ ਕਿ ਅੱਜ ਦੀਪੇ ਤੇ ਜਿੰਦੇ ਦੀਆਂ ਮਾਂਵਾਂ ਘਰ ਨਹੀਂ।
ਆਪਣੇ ਪਤੀ ਤੋਂ ਅਵਾਜ਼ਾਰ : ਉਹ ਆਪਣੇ ਪਤੀ ਨੂੰ ਕੋਸਦੀ ਹੈ, ਜਿਹੜਾ ਕਿ ਉਸ ਦੀ ਗੱਲ ਨਹੀਂ ਸੁਣਦਾ ਅਤੇ ਸੰਤੀ ਤੇ ਉਸ ਦੇ ਪਤੀ ਵਿਰੁੱਧ ਕੋਈ ਕਦਮ ਨਹੀਂ ਚੁੱਕਦਾ।
ਸਹੁਰੇ ਦਾ ਫ਼ਿਕਰ ਕਰਨ ਵਾਲੀ : ਕਰਤਾਰੀ ਆਪਣੀ ਦਿਰਾਣੀ ਦੇ ਸੰਬੰਧ ਵਿਚ ਭਾਵੇਂ ਗੁੱਸੇਖੋਰ, ਲੜਾਕੀ ਤੇ ਚਿੰਜੜੀਆਂ ਛੇੜਨ ਵਾਲੀ ਹੈ, ਪਰ ਆਪਣੇ ਸਹੁਰੇ ਦੇ ਬਿਮਾਰ ਹੋਣ ‘ਤੇ ਉਹ ਫ਼ਿਕਰਮੰਦ ਹੋ ਜਾਂਦੀ ਹੈ। ਉਹ ਪਤੀ ਨੂੰ ਕਹਿੰਦੀ ਹੈ ਕਿ ਉਹ ਉਸਨੂੰ ਚਾਰ ਵੀ ਦੇ ਆਵੇ, ਨਾਲੇ ਦੋ ਘੜੀਆਂ ਕੋਲ ਵੀ ਬੈਠ ਆਵੇ।