ਪਾਤਰ ਚਿਤਰਨ : ਸ਼ਰਨ ਸਿੰਘ


ਗਊ-ਮੁਖਾ ਸ਼ੇਰ-ਮੁਖਾ : ਇਕਾਂਗੀ


ਪ੍ਰਸ਼ਨ. “ਗਊ-ਮੁਖਾ ਸ਼ੇਰ-ਮੁਖ’ ਇਕਾਂਗੀ ਦੇ ਮੁੱਖ ਪਾਤਰ ਦਾ ਚਰਿੱਤਰ ਚਿਤਰਨ ਕਰੋ।

ਜਾਂ

ਪ੍ਰਸ਼ਨ. ਸ਼ਰਨ ਸਿੰਘ ਦਾ ਸੁਭਾ ਲਿਖੋ ।

ਉੱਤਰ : ਜਾਣ-ਪਛਾਣ : ਸ਼ਰਨ ਸਿੰਘ ‘ਗਊ-ਮੁਖਾ ਸ਼ੇਰ-ਮੁਖਾ’ ਇਕਾਂਗੀ ਦਾ ਮੁੱਖ ਪਾਤਰ ਹੈ। ਉਹ ਇਕ ਦਲਾਲ ਹੈ। ਉਸ ਦੀ ਦਾੜ੍ਹੀ ਕਰੜ-ਬਰੜੀ, ਕੱਪੜੇ ਸਾਦੇ, ਪੱਗ ਜ਼ਰਾ ਕੁ ਮੈਲੀ ਤੇ ਕਮੀਜ਼ ਤੇ ਪਜਾਮਾ ਜ਼ਰਾ ਕੁ ਖੁੱਲ੍ਹੇ ਹਨ। ਇਕਾਂਗੀਕਾਰ ਨੇ ਇਸ ਇਕਾਂਗੀ ਦੀ ਰਚਨਾ ਉਸ ਦੇ ਚੁਸਤ-ਚਲਾਕ, ਢੀਠ, ਬੇਸ਼ਰਮ, ਗੱਲਾਂ ਦੇ ਜਾਦੂਗਰ, ਝੂਠੀ ਅਪਣੱਤ ਜ਼ਾਹਰ ਕਰਨ ਵਾਲੇ ਤੇ ਆਪਣਾ ਉੱਲੂ ਸਿੱਧਾ ਕਰਨ ਵਾਲੇ ਚਰਿੱਤਰ ਨੂੰ ਉਘਾੜਨ ਲਈ ਕੀਤੀ ਹੈ। ਅੱਗੇ ਅਸੀਂ ਉਸ ਦੇ ਚਰਿੱਤਰ ਦੇ ਇਨ੍ਹਾਂ ਪੱਖਾਂ ਉੱਤੇ ਵਿਚਾਰ ਕਰਦੇ ਹਾਂ :

ਚੁਸਤ-ਚਲਾਕ, ਢੀਠ ਤੇ ਬੇਸ਼ਰਮ : ਸ਼ਰਨ ਸਿੰਘ ਵਿਚ ਇਕ ਦਲਾਲ ਵਾਲੀਆਂ ਸਾਰੀਆਂ ਵਿਸ਼ੇਸ਼ਤਾਈਆਂ ਮੌਜੂਦ ਹਨ। ਉਹ ਬੜਾ ਢੀਠ ਤੇ ਬੇਸ਼ਰਮ ਹੈ। ਉਹ ਲੋਕਾਂ ਦੇ ਘਰ ਬੜੀ ਢੀਠਤਾਈ ਤੇ ਬੇਸ਼ਰਮੀ ਨਾਲ ਚੱਕਰ ਮਾਰਦਾ ਹੈ। ਉਹ ਬੜੀ ਚਲਾਕੀ ਨਾਲ ਦੂਜਿਆਂ ਨੂੰ ਆਪਣੇ ਮਤਲਬ ਦੀ ਗੱਲ ‘ਤੇ ਲੈ ਆਉਂਦਾ ਹੈ ਤੇ ਫਿਰ ਉਨ੍ਹਾਂ ਨੂੰ ਚੁਸਤੀ-ਚਲਾਕੀ ਨਾਲ ਹੀ ਵਹਿਮਾਂ ਵਿਚ ਪਾ ਕੇ ਜਾਂ ਵਹਿਮਾਂ ਵਿਚੋਂ ਕੱਢ ਕੇ ਆਪਣਾ ਉੱਲੂ ਸਿੱਧਾ ਕਰਦਾ ਹੈ। ਅੰਤ ਵਿਚ ਉਹ ਆਪਣੇ ਆਪ ਨੂੰ ਬੜੀ ਢੀਠਤਾਈ ਨਾਲ ਬੇਸ਼ਰਮ ਦੱਸਦਾ ਹੋਇਆ ਕਹਿੰਦਾ ਹੈ, ‘ਹਕੂਮਤ ਗਰਮੀ ਦੀ, ਹੱਟੀ ਨਰਮੀ ਦੀ ਤੇ ਦਲਾਲੀ ਬੇਸ਼ਰਮੀ ਦੀ।”

ਗੱਲਾਂ ਦਾ ਜਾਦੂਗਰ : ਉਹ ਗੱਲਾਂ ਦਾ ਜਾਦੂਗਰ ਹੈ। ਉਹ ਆਪਣੀ ਗੱਲ ਦੀ ਵਿਆਖਿਆ ਲਈ ਜਾਂ ਅਗਲੇ ਨੂੰ ਆਪਣੀ ਗੱਲ ਮੰਨਣ ਲਈ ਤਿਆਰ ਕਰਨ ਸਮੇਂ ਝੱਟਪੱਟ ਗੱਲਾਂ ਤਿਆਰ ਕਰ ਲੈਂਦਾ ਹੈ। ਉਸ ਦੀਆਂ ਸੁਆਦਲੀਆਂ ਤੇ ਪ੍ਰਭਾਵਸ਼ਾਲੀ ਗੱਲਾਂ ਸੁਣ ਕੋ ਹੀ ਚੋਪੜਾ ਸਾਹਿਬ ਕਹਿੰਦੇ ਹਨ, “ਮਰਹਬਾ ਸਰਦਾਰ ਸਾਹਿਬ, ਮਰਹਬਾ। ਤੁਹਾਨੂੰ ਗੱਲਾਂ ਤਾਂ ਖ਼ੂਬ ਆਉਂਦੀਆਂ ਨੇ।’

ਦੂਜਿਆਂ ਨਾਲ ਝੂਠੀ ਅਪਣੱਤ ਜ਼ਾਹਰ ਕਰਨ ਵਾਲਾ : ਉਹ ਕਿਸ਼ਨ ਦੇਈ ਨਾਲ ਅਪਣੱਤ ਜ਼ਾਹਰ ਕਰਦਾ ਹੋਇਆ ਝੂਠ ਬੋਲਦਾ ਹੈ ਕਿ ਉਸ ਦਾ ਪਤੀ ਉਸ ਦਾ ਸਹਿਪਾਠੀ ਸੀ ਤੇ ਉਸ ਦਾ ਮਿੱਤਰ ਸੀ, ਜਦ ਕਿ ਉਹ ਉਸ ਦਾ ਵਾਕਫ਼ ਵੀ ਨਹੀਂ ਸੀ। ਦੂਜੇ ਪਾਸੇ ਉਹ ਚੋਪੜਾ ਸਾਹਿਬ ਨਾਲ ਝੂਠੀ ਮਿੱਤਰਤਾ ਜ਼ਾਹਰ ਕਰਦਾ ਹੈ, ਜਦ ਕਿ ਉਹ ਇਕ ਧਿਰ ਨੂੰ ਕੁੱਝ ਕਹਿੰਦਾ ਹੈ ਤੇ ਦੂਸਰੀ ਨੂੰ ਕੁੱਝ।

ਆਪਣਾ ਉੱਲੂ ਸਿੱਧਾ ਕਰਨ ਵਾਲਾ : ਸ਼ਰਨ ਸਿੰਘ ਦੀ ਝੂਠੀ ਅਪਣੱਤ ਤੇ ਹਮਦਰਦੀ ਵਿਚ ਫਸ ਕੇ ਇਕ ਪਾਸੇ ਕਿਸ਼ਨ ਦੇਈ ਤੇ ਦੂਜੇ ਪਾਸੇ ਚੋਪੜਾ ਸਾਹਿਬ ਸਮਝਦੇ ਹਨ ਕਿ ਉਨ੍ਹਾਂ ਸ਼ਰਨ ਸਿੰਘ ਦੀ ਸਹਾਇਤਾ ਨਾਲ ਚੰਗਾ ਸੌਦਾ ਮਾਰ ਲਿਆ ਹੈ। ਪਰ ਅਸਲ ਵਿਚ ਤਰਨ ਸਿੰਘ ਦਾ ਅਜਿਹਾ ਕੋਈ ਮੰਤਵ ਨਹੀਂ ਸੀ ਕਿ ਕਿਸੇ ਧਿਰ ਨੂੰ ਲਾਭ ਪੁੱਜੇ ਤੇ ਉਨ੍ਹਾਂ ਦੇ ਲੜਕਿਆਂ ਦਾ ਭਵਿੱਖ ਉਜਲਾ ਹੋਵੇ। ਉਸ ਦਾ ਮੰਤਵ ਆਪਣੀ ਦਲਾਲੀ ਖ਼ਰੀ ਕਰਨਾ ਅਰਥਾਤ ਆਪਣਾ ਉੱਲੂ ਸਿੱਧਾ ਕਰਨਾ ਸੀ।