ਪਾਤਰ ਚਿਤਰਨ : ਕਿਸ਼ਨ ਦੇਈ
ਗਊ-ਮੁਖਾ ਸ਼ੇਰ-ਮੁਖਾ : ਇਕਾਂਗੀ
ਇਕਾਂਗੀ : ਗਊ-ਮੁਖਾ ਸ਼ੇਰ ਮੁਖਾ
ਜਾਣ-ਪਛਾਣ : ਕਿਸ਼ਨ ਦੇਈ ‘ਗਊ-ਮੁਖਾ ਸ਼ੇਰ ਮੁਖਾ’ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਅਧਖੜ ਉਮਰ ਦੀ ਵਿਧਵਾ ਔਰਤ ਹੈ। ਉਸ ਦਾ ਪਹਿਰਾਵਾ ਸਾਦਾ ਹੈ। ਉਸ ਦੇ ਘਰ ਦੇ ਕਮਰੇ ਦੀ ਸਜਾਵਟ ਤੋਂ ਵੀ ਪਤਾ ਲਗਦਾ ਹੈ ਕਿ ਉਹ ਦਰਮਿਆਨੇ ਮੇਲ ਦੇ ਘਰਾਣੇ ਨਾਲ ਸੰਬੰਧ ਰੱਖਦੀ ਹੈ। ਇਕਾਂਗੀਕਾਰ ਨੇ ਉਸ ਦੇ ਪਾਤਰ ਰਾਹੀਂ ਸ਼ਰਨ ਸਿੰਘ ਦਲਾਲ ਦੇ ਚੁਸਤ-ਚਲਾਕ, ਢੀਠ, ਬੇਸ਼ਰਮ, ਖ਼ੁਦਗਰਜ਼, ਝੂਠੀ ਅਪਣੱਤ ਜ਼ਾਹਰ ਕਰਨ ਵਾਲੇ ਤੇ ਗੱਲਾਂ ਦਾ ਖੱਟਿਆ ਖਾਣ ਵਾਲੇ ਚਰਿੱਤਰ ਨੂੰ ਖੂਬ ਸਫਲਤਾ ਨਾਲ ਉਘਾੜਿਆ ਹੈ। ਕਿਸ਼ਨ ਦੇਈ ਦੇ ਚਰਿੱਤਰ ਵਿਚ ਅਸੀਂ ਹੇਠ ਲਿਖੇ ਗੁਣ ਦੇਖਦੇ ਹਾਂ :
ਸਫ਼ਾਈ ਪਸੰਦ : ਇਕਾਂਗੀ ਦੇ ਆਰੰਭ ਹੋਣ ਸਮੇਂ ਹੀ ਉਹ ਸਟੇਜ ਉੱਪਰ ਕਮਰੇ ਦੀਆਂ ਚੀਜ਼ਾਂ ਤੇ ਫ਼ਰਨੀਚਰ ਆਦਿ ਦੀ ਸਫ਼ਾਈ ਕਰਦੀ ਨਜ਼ਰ ਆਉਂਦੀ ਹੈ। ਉਹ ਆਪਣੇ ਪੁੱਤਰ ਸੁਦਰਸ਼ਨ ਨੂੰ ਕਹਿੰਦੀ ਹੈ ਕਿ ਉਸ ਨੇ ਆਪਣਾ ਕਮਰਾ ਸਾਫ਼ ਕਿਉਂ ਨਹੀਂ ਕੀਤਾ, ਜਦਕਿ ਉਸ ਦੇ ਕਮਰੇ ਵਿਚ ਉਸ ਦੀਆਂ ਕਿਤਾਬਾਂ ਘੱਟੇ ਨਾਲ ਭਰੀਆਂ ਹੋਈਆਂ ਹਨ। ਉਹ ਸੁਦਰਸ਼ਨ ਨੂੰ ਕਹਿੰਦੀ ਹੈ, ”ਘਰ ਦੀਆਂ ਸਫ਼ਾਈਆਂ ਕਰਨ ਵਿਚ ਤਾਂ ਮੇਰੀ ਮੱਤ ਮਾਰੀ ਜਾਂਦੀ ਏ। ਰਤਾ ਧਿਆਨ ਨਾ ਦਿਓ, ਤਾਂ ਘੱਟੇ-ਮਿੱਟੀ ਨਾਲ ਹੁਲੀਆ ਵੀ ਛੱਡ ਬਦਲ ਜਾਂਦਾ ਏ।” ਸੁਦਰਸ਼ਨ ਨੂੰ ਇਸ ਗੱਲ ਦੀ ਸ਼ਿਕਾਇਤ ਹੈ ਕਿ ਉਹ ਸਾਰਾ ਦਿਨ ਸਫ਼ਾਈ ਕਰਨ ਵਿਚ ਲੱਗੀ ਰਹਿੰਦੀ ਹੈ।
ਸੋਹਜਵਾਦੀ ਰੁਚੀ ਵਾਲੀ : ਉਹ ਸੋਹਜਵਾਦੀ ਰੁਚੀ ਦੀ ਮਾਲਕ ਹੈ। ਉਸ ਨੇ ਆਪਣਾ ਮਕਾਨ ਬੜੀ ਰੀਝ ਨਾਲ ਬਣਵਾਇਆ ਹੈ ਤੇ ਆਪ ਕੋਲ ਖੜ੍ਹੀ ਹੋ ਕੇ ਫ਼ਰਸ਼ ਪੁਆਏ ਹਨ। ਉਸ ਦਾ ਪਤੀ ਵੀ ਅਜਿਹੀ ਹੀ ਰੁਚੀ ਦਾ ਮਾਲਕ ਸੀ। ਉਹ ਘਰ ਤੇ ਫ਼ਰਸ਼ਾਂ ਦੀ ਸਫ਼ਾਈ ਵੀ ਇਸੇ ਰੁਚੀ ਦੇ ਅਧੀਨ ਹੀ ਰੱਖਦੀ ਹੈ।
ਘਰ ਦਾ ਕੰਮ ਕਰਦੀ ਰਹਿਣ ਵਾਲੀ : ਉਹ ਸਫ਼ਾਈ ਤੋਂ ਬਿਨਾਂ ਘਰ ਦਾ ਹੋਰ ਕੰਮ ਵੀ ਕਰਦੀ ਹੈ ਤੇ ਕਹਿੰਦੀ ਹੈ, “…. ਮੈਂ ਕੋਈ ਕਿਸੇ ਦੇ ਸਿਰ ਹਸਾਨ ਕਰਨੀ ਆਂ? ਆਪਣਾ ਕੰਮ ਕਰਨੀ ਆਂ।”
ਪ੍ਰਸੰਸਾ ਸੁਣ ਕੇ ਖ਼ੁਸ਼ ਹੋਣ ਵਾਲੀ : ਉਹ ਪਹਿਲਾਂ ਤਾਂ ਸ਼ਰਨ ਸਿੰਘ ਦਲਾਲ ਨੂੰ ਘਰ ਨਹੀਂ ਸੀ ਵੜਨ ਦੇਣਾ ਚਾਹੁੰਦੀ ਪਰ ਜਦੋਂ ਹੈ। ਉਹ ਉਸ ਅੱਗੇ ਉਸ ਦੇ ਮਕਾਨ ਦੇ ਫ਼ਰਸ਼ਾਂ ਦੀ ਪ੍ਰਸੰਸਾ ਕਰਦਾ ਹੈ, ਤਾਂ ਇਹ ਖ਼ੁਸ਼ ਹੋ ਕੇ ਉਸ ਨੂੰ ਸ਼ਰਬਤ ਆਦਿ ਪਿਲਾਉਂਦੀ ਹੈ।
ਨਿਡਰ : ਉਹ ਜਿੰਨਾਂ-ਭੂਤਾਂ ਤੋਂ ਨਹੀਂ ਡਰਦੀ ਤੇ ਆਪਣੇ ਪੁੱਤਰ ਨੂੰ ਕਹਿੰਦੀ ਹੈ, ‘ਹਟ ਕਮਲਾ ਨਾ ਹੋਵੇ, ਜਵਾਨ ਪੁੱਤ ਹੋ ਕੇ ਡਰੀਦਾ ਏ।’
ਕਿਸਮਤ ਵਿਚ ਵਿਸ਼ਵਾਸ ਰੱਖਣ ਵਾਲੀ : ਉਹ ਆਪਣੇ ਪਤੀ ਦੀ ਮੌਤ ਬਾਰੇ ਸ਼ਰਨ ਸਿੰਘ ਨੂੰ ਠੰਢਾ ਸਾਹ ਭਰ ਕੇ ਕਹਿੰਦੀ ਹੈ, “ਹੱਛਾ ਭਰਾਵਾ ਕਿਸਮਤ ਦੀ ਲਿਖੀ ਨੂੰ ਕੌਣ ਮੋੜ ਸਕਦਾ ਹੈ। ਅਖੇ ਰਾਈ ਘਟੇ ਨਾ ਤਿਲ ਵਧੇ, ਜੋ ਲਿਖਿਆ ਕਰਤਾਰ।”
ਆਰਥਿਕ ਤੌਰ ‘ਤੇ ਤੰਗ : ਉਹ ਆਰਥਿਕ ਤੌਰ ‘ਤੇ ਤੰਗ ਹੈ। ਉਸ ਨੂੰ ਆਪਣੇ ਬੱਚੇ ਦੀ ਪੜ੍ਹਾਈ ਦੇ ਖ਼ਰਚ ਦਾ ਫ਼ਿਕਰ ਹੈ। ਉਸ ਕੋਲ ਉਸ ਨੂੰ ਕੋਈ ਕੰਮ ਖੋਲ੍ਹ ਕੇ ਦੇਣ ਲਈ ਵੀ ਪੈਸੇ ਨਹੀਂ। ਇਸ ਕਰਕੇ ਉਹ ਸ਼ਰਨ ਸਿੰਘ ਦੇ ਕਹੇ ਮਕਾਨ ਵੇਚਣ ਲਈ ਤਿਆਰ ਹੋ ਜਾਂਦੀ ਹੈ।
ਗੱਲਾਂ ਵਿਚ ਆ ਜਾਣ ਵਾਲੀ : ਉਹ ਮਕਾਨ ਵੇਚਣਾ ਨਹੀਂ ਚਾਹੁੰਦੀ ਤੇ ਸ਼ਰਨ ਸਿੰਘ ਨਾਲ ਇਸ ਮਾਮਲੇ ‘ਤੇ ਗੱਲ ਵੀ ਨਹੀਂ ਕਰਨੀ ਚਾਹੁੰਦੀ, ਪਰੰਤੂ ਮਗਰੋਂ ਉਹ ਉਸਦੀਆਂ ਝੂਠੀ ਅਪਣੱਤ ਨਾਲ ਭਰੀਆਂ ਗੱਲਾਂ ਵਿਚ ਆ ਜਾਂਦੀ ਹੈ ਤੇ ਮਕਾਨ ਵੇਚ ਦਿੰਦੀ ਹੈ।
ਭਵਿੱਖ ਦੇ ਸੁਪਨੇ ਲੈਣ ਵਾਲੀ : ਉਹ ਸੋਚਦੀ ਹੈ ਕਿ ਮਕਾਨ ਵੇਚ ਕੇ ਜੇਕਰ ਉਸ ਦਾ ਪੁੱਤਰ ਸੁਦਰਸ਼ਨ ਕੋਈ ਕੰਮ ਚਲਾ ਲਵੇ, ਤਾਂ ਫਿਰ ਬਥੇਰੇ ਮਕਾਨ ਬਣ ਜਾਣਗੇ, ਨਾਲ ਹੀ ਘਰ ਵਿਚ ਉਸ ਦੀ ਛਣਕਦੀ ਵਹੁਟੀ ਆਵੇਗੀ। ਫਿਰ ਉਸ ਦੇ ਪੋਤਰਾ ਹੋਵੇਗਾ, ਜਿਸ ਨੂੰ ਉਹ ਰਾਤ-ਦਿਨ ਖਿਡਾਉਂਦੀ ਨਹੀਂ ਥੱਕੇਗੀ। ਇਸ ਤਰ੍ਹਾਂ ਪਰਮਾਤਮਾ ਉਸਨੂੰ ਸੁਖ ਦਾ ਝੂਟਾ ਦੇਵੇਗਾ।