ਪਾਠ ਦਾ ਸਾਰ : ਪੰਜਾਬ ਦੀਆਂ ਨਕਲਾਂ
ਪ੍ਰਸ਼ਨ. ‘ਪੰਜਾਬ ਦੀਆਂ ਨਕਲਾਂ’ ਪਾਠ ਦਾ ਸੰਖੇਪ-ਸਾਰ ਲਿਖੋ।
ਉੱਤਰ : ਨਕਲਾਂ ਪੰਜਾਬੀ ਲੋਕ-ਨਾਟ ਦੀ ਇਕ ਕਿਸਮ ਹੈ। ਇਸ ਵਿਚ ਕਿਸੇ ਮਨੁੱਖ, ਜਾਤ, ਪੇਸ਼ੇ, ਪਸ਼ੂ ਜਾਂ ਚੀਜ਼ ਸੰਬੰਧੀ ਕਹਾਣੀ ਨੂੰ ਪੇਸ਼ਾਵਰ ਨਕਲੀਆਂ ਦੁਆਰਾ ਚਮੋਟਾ ਰੰਗ ਸ਼ੈਲੀ ਵਿਚ ਕਿਸੇ ਪ੍ਰਕਾਰ ਦਾ ਭੇਸ ਧਾਰੇ ਬਗ਼ੈਰ ਵਿਅੰਗਮਈ ਵਾਰਤਾਲਾਪ ਰਾਹੀਂ ਪਿੜ ਵਿਚ ਪੇਸ਼ ਕੀਤਾ ਜਾਂਦਾ ਹੈ। ਨਕਲਾਂ ਚੁਸਤ ਵਾਰਤਾਲਾਪ, ਹਾਜ਼ਰ-ਜਵਾਬੀ, ਵਿਅੰਗ ਅਤੇ ਨਾਟਕੀ ਮੌਕੇ ਸਿਰਜਣ ਦੀ ਸਮਰੱਥਾ ਕਾਰਨ ਸਜੀਵ ਨਾਟਕੀ ਪੇਸ਼ਕਾਰੀ ਦਾ ਪ੍ਰਤੀਕ ਹਨ।
ਨਕਲਾਂ ਮੌਖਿਕ ਰੂਪ ਵਿਚ ਉਸਤਾਦੀ-ਸ਼ਾਗਿਰਦੀ ਨਾਲ ਪੀੜ੍ਹੀ-ਦਰ-ਪੀੜ੍ਹੀ ਅੱਗੇ ਚਲਦੀਆਂ ਆ ਰਹੀਆਂ ਹਨ। ਇਹ ਲਿਖਤੀ ਰੂਪ ਵਿਚ ਸਥਿਰ ਤੇ ਨਿਰਜੀਵ ਹੋ ਜਾਂਦੀਆਂ ਹਨ ਤੇ ਮੌਖਿਕ ਰੂਪ ਵਿਚ ਇਹ ਸਮੇਂ ਦੇ ਬਦਲਣ ਨਾਲ ਬਦਲਦੀਆਂ ਤੇ ਨਵੀਆਂ ਨਰੋਈਆਂ ਹੁੰਦੀਆਂ ਰਹਿੰਦੀਆਂ ਹਨ।
ਨਕਲਾਂ ਕਰਨ ਵਾਲੇ ਕਲਾਕਾਰਾਂ ਨੂੰ ‘ਨਕਲੀਏ’ ਕਿਹਾ ਜਾਂਦਾ ਹੈ, ਜਿਨ੍ਹਾਂ ਦੀਆਂ ਅੱਗੋਂ ਦੋ ਜਾਤਾਂ-ਮਿਰਾਸੀ ਤੇ ਭੰਡ ਹਨ। ਮਿਰਾਸੀਆਂ ਨੂੰ ਗੱਲ ਬਹੁਤ ਫ਼ਰਦੀ ਹੁੰਦੀ ਹੈ ਤੇ ਉਹ ਆਪਣੇ ਜਜ਼ਮਾਨਾਂ ਦੀਆਂ ਬੰਸਾਵਲੀਆਂ ਨੂੰ ਕਵਿਤਾ ਵਿਚ ਜੋੜ ਕੇ ਪੜ੍ਹਦੇ ਤੇ ਇਨਾਮ ਪ੍ਰਾਪਤ ਕਰਦੇ ਹਨ। ‘ਭੰਡ’ ਭੰਡੀ ਕਰਨ ਵਾਲਿਆਂ ਨੂੰ ਕਿਹਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਭਾਰਤ ਦੀ ਅਣਆਰੀਆ ਜਾਤੀ ਨਾਲ ਸੰਬੰਧਿਤ ਹੋਣ ਕਰਕੇ ਜਦੋਂ ਆਰੀਆਂ ਨੇ ਉਨ੍ਹਾਂ ਦੀ ਕਲਾ ਨੂੰ ਅਪਣਾ ਕੇ ਉਨ੍ਹਾਂ ਨੂੰ ਸ਼ੂਦਰ ਕਹਿ ਕੇ ਤ੍ਰਿਸਕਾਰਿਆ, ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਨਕਲਾਂ ਰਾਹੀਂ ਭੰਡਣਾ ਆਰੰਭ ਕਰ ਦਿੱਤਾ ਤੇ ਉਨ੍ਹਾਂ ਦੇ ਇਸ ਕਾਰਜ ਨੂੰ ਹੀ ਮਗਰੋਂ ‘ਨਕਲਾਂ’ ਕਿਹਾ ਜਾਣ ਲੱਗਾ।
ਨਕਲਾਂ ਕਈ ਕਿਸਮਾਂ ਦੀਆਂ ਹਨ ਪਰ ਇਹ ਵਿਸ਼ੇ ਪੱਖੋਂ ਜਨਮ, ਵਿਆਹ, ਹੂ-ਬ-ਹੂ ਸਾਂਗਾਂ, ਕਿੱਤਿਆ ਅਤੇ ਵਿਸ਼ੇਸ਼ ਵਿਅਕਤੀਆਂ ਬਾਰੇ ਹੁੰਦੀਆਂ ਹਨ। ਰੂਪ ਦੇ ਪੱਖੋਂ ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-ਨਿੱਕੀਆਂ ਤੇ ਲੰਮੀਆਂ। ਨਿੱਕੀਆਂ ਨਕਲਾਂ ਵਿਚ ਦੋ ਕਲਾਕਾਰ ਭਾਗ ਲੈਂਦੇ ਹਨ। ਇਕ ਦੇ ਹੱਥ ਵਿਚ ਚਮੋਟਾ ਹੁੰਦਾ ਹੈ ਤੇ ਦੂਜੇ ਦੇ ਹੱਥ ਵਿਚ ਛੋਟਾ ਜਿਹਾ ਤਬਲਾ। ਤਬਲੇ ਵਾਲਾ ਜਦੋਂ ਵੀ ਕੋਈ ਬੇਤੁਕੀ ਗੱਲ ਕਰਦਾ ਹੈ, ਤਾਂ ਚਮੋਟੇ ਵਾਲਾ ਉਸ ਦੇ ਚਮੋਟਾ ਮਾਰ ਕੇ ਹਾਸਾ ਪੈਦਾ ਕਰਦਾ ਹੈ। ਇਸ ਦੀ ਪੰਜ ਤੋਂ ਦਸ ਮਿੰਟ ਦੀ ਝਾਕੀ ਵਿਚ ਇਕ ਹਾਸ-ਰਸੀ ਸਿਖ਼ਰ ਉਸਾਰਿਆ ਜਾਂਦਾ ਹੈ।
ਲੰਮੀ ਨਕਲ ਵਿਚ ਨਕਲੀਆਂ ਦੀ ਪੂਰੀ ਟੋਲੀ ਭਾਗ ਲੈਂਦੀ ਹੈ, ਜਿਸ ਵਿਚ ਦਸ-ਬਾਰਾਂ ਪਾਤਰ ਹੁੰਦੇ ਹਨ। ਉਂਵ ਇਸ ਵਿਚ ਮੁੱਖ ਪਾਤਰ ਦੋ ਹੀ ਹੁੰਦੇ ਹਨ-ਰੰਗਾ ਤੇ ਬਿਗਲਾ। ਇਸ ਦਾ ਸਮਾਂ ਤਿੰਨ ਘੰਟੇ ਤਕ ਹੋ ਸਕਦਾ ਹੈ। ਰੰਗੇ ਦੇ ਹੱਥ ਵਿਚ ਚਮੋਟਾ ਹੁੰਦਾ ਹੈ ਤੇ ਬਿਗਲਾ ਨਕਲਾਂ ਦਾ ਮਖ਼ੌਲੀਆ ਪਾਤਰ ਹੁੰਦਾ ਹੈ। ਬਾਕੀ ਪਾਤਰਾਂ ਵਿਚੋਂ ਕਈਆਂ ਨੂੰ ਤੀਵੀਆਂ ਬਣਨਾ ਪੈਂਦਾ ਹੈ।
ਨਕਲਾਂ ਵਿਚ ਦਰਸ਼ਕਾਂ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਦਰਸ਼ਕ ਨਕਲੀਆਂ ਦੇ ਪਿੜ ਦੁਆਲੇ ਇਕੱਠੇ ਹੁੰਦੇ ਹਨ। ਨਕਲੀਏ ਦੀ ਸੰਬੋਧਨੀ ਸ਼ੈਲੀ ਬਹੁ-ਪਸਾਰੀ ਹੁੰਦੀ ਹੈ। ਇਸੇ ਕਰਕੇ ਨਕਲਾਂ ਵਿਚ ਦਰਸ਼ਕਾਂ ਦੀ ਮਾਨਸਿਕ ਹੀ ਨਹੀਂ, ਸਗੋਂ ਸਰੀਰਕ ਹਾਜ਼ਰੀ ਵੀ ਹੁੰਦੀ ਹੈ। ਨਕਲਾਂ ਵਿਚ ਦਰਸ਼ਕ ਜਦੋਂ ਚਾਹੁਣ ਅਦਾਕਾਰ ਨੂੰ ਪੈਸੇ ਦੇ ਸਕਦੇ ਹਨ। ਇਨ੍ਹਾਂ ਪੈਸਿਆਂ ਨੂੰ ‘ਵੇਲ’ ਕਿਹਾ ਜਾਂਦਾ ਹੈ ਤੇ ਨਕਲੀਏ ਆਪਣੇ ਕਾਰਜ ਨੂੰ ਰੋਕ ਕੇ ਉੱਚੀ ਆਵਾਜ਼ ਨਾਲ ਪੈਸੇ ਦੇਣ ਵਾਲੇ ਦੀ ਵੇਲ ਕਰਦੇ ਹਨ।
ਮੰਚ ਦੇ ਪੱਖ ਤੋਂ ਨਕਲਾਂ ਸਮੂਹਿਕ ਤੇ ਖੁੱਲ੍ਹੇ ਚਰਿੱਤਰ ਦੀਆਂ ਧਾਰਨੀ ਹੁੰਦੀਆਂ ਹਨ। ਇਨ੍ਹਾਂ ਦੀ ਪੇਸ਼ਕਾਰੀ ਖੁੱਲ੍ਹੇ ਅਖਾੜੇ ਵਿਚ ਲੋਕਾਂ ਲਈ ਹੁੰਦੀ ਹੈ, ਜਿਸ ਵਿਚ ਸੰਕੇਤਕ ਤੇ ਲੋੜੀਂਦੀ ਸਾਮਗਰੀ ਹੀ ਵਰਤੀ ਜਾਂਦੀ ਹੈ ਤੇ ਬਾਕੀ ਕੰਮ ਇਸ਼ਾਰਿਆਂ ਨਾਲ ਹੀ ਸਾਰ ਲਿਆ ਜਾਂਦਾ ਹੈ। ਇਕ ਸਾਫ਼ੇ ਨੂੰ ਸਿਰ ਤੇ ਰੱਖ ਕੇ ਨਕਲੀਆ ਕੁੜੀ ਬਣ ਜਾਂਦਾ ਹੈ ਤੇ ਉਸੇ ਨੂੰ ਸਿਰ ਤੇ ਬੰਨ੍ਹ ਕੇ ਉਹ ਪਿਓ ਜਾਂ ਵਿਚੋਲਾ ਬਣ ਜਾਂਦਾ ਹੈ। ਇਕ ਵਾਰ ਬੋਲਣ ਨਾਲ ਹੀ ਦ੍ਰਿਸ਼ ਬਦਲ ਜਾਂਦਾ ਹੈ ਤੇ ਦਰਸ਼ਕ ਇਸ ਨੂੰ ਸਹਿਜੇ ਹੀ ਸਮਝ ਲੈਂਦੇ ਹਨ। ਨਕਲੀਆ ਬਿਨਾਂ ਕਿਸੇ ਬਣਾਵਟੀ ਤਕਨੀਕ ਤੋਂ ਆਪਣੀ ਕਲਾ ਦੇ ਜੌਹਰ ਨਾਲ ਦਰਸ਼ਕਾਂ ਨੂੰ ਕੀਲਦਾ ਹੈ।
ਨਕਲਾਂ ਖੇਡਣ ਲਈ ਤਿੰਨ ਪ੍ਰਕਾਰ ਦਾ ਪਿੜ ਵਰਤਿਆ ਜਾਂਦਾ ਹੈ-ਘੱਗਰੀ, ਤੀਰ-ਕਮਾਨੀ ਤੇ ਦਰੱਖ਼ਤ ਵਾਲਾ ਥੜ੍ਹਾ। ਜਦੋਂ ਦਰਸ਼ਕ ਨਕਲੀਆਂ ਦੇ ਚੁਫ਼ੇਰੇ ਖੜ੍ਹੇ ਹੋਣ, ਤਾਂ ਇਸ ਨੂੰ ‘ਘੱਗਰੀ ਪਿੜ’ ਕਹਿੰਦੇ ਹਨ। ਜਦੋਂ ਨਕਲੀਆਂ ਦੇ ਇਕ ਪਾਸੇ ਕੰਧ ਬਗ਼ੈਰਾ ਹੋਵੇ ਤੇ ਬਾਕੀ ਹਿੱਸੇ ਵਿਚ ਦਰਸ਼ਕ ਖੜ੍ਹੇ ਹੋਣ, ਤਾਂ ਇਸ ਨੂੰ ਤੀਰ-ਕਮਾਨੀ ਪਿੜ ਕਹਿੰਦੇ ਹਨ। ਤੀਜੀ ਕਿਸਮ ਦੇ ਪਿੜ ਵਿਚ ਨਕਲੀਏ ਕਿਸੇ ਦਰੱਖ਼ਤ ਹੇਠਲੇ ਥੜ੍ਹੇ ਨੂੰ ਪਿੜ ਬਣਾ ਲੈਂਦੇ ਹਨ। ਨਕਲਾਂ ਮੁੰਡਾ ਜੰਮਣ ਮੁੰਡੇ ਦੇ ਵਿਆਹ ਜਾਂ ਮੇਲੇ-ਤਿਉਹਾਰ ਆਦਿ ਉੱਤੇ ਵਿਸ਼ੇਸ਼ ਅਖਾੜਾ ਲਾ ਕੇ ਕਰਾਈਆਂ ਜਾਂਦੀਆਂ ਹਨ। ਪਹਿਲੇ ਦੋਹਾਂ ਮੌਕਿਆਂ ਉੱਤੇ ਨਕਲੀਏ ਬਿਨਾਂ ਬੁਲਾਏ ਆ ਜਾਂਦੇ ਹਨ ਪਰ ਵਿਸ਼ੇਸ਼ ਅਖਾੜੇ ਲਈ ਉਹ ਸਾਈ ‘ਤੇ ਆਉਂਦੇ ਹਨ ਤੇ ਸਾਈ ‘ਤੇ ਆਉਣ ਵੇਲੇ ਬਹੁਤਾ ਕਰਕੇ ਉਨ੍ਹਾਂ ਦੀ ਪੂਰੀ ਟੋਲੀ ਰਾਤ ਨੂੰ ਅਦਾਕਾਰੀ ਪੇਸ਼ ਕਰਦੀ ਹੈ।
ਭਾਵੇਂ ਅਜੋਕੇ ਤਕਨੀਕੀ ਯੁਗ ਵਿਚ ਮਨੋਰੰਜਨ ਦੇ ਸਾਧਨ ਦਿਨ-ਬ-ਦਿਨ ਵਿਕਸਿਤ ਹੋ ਰਹੇ ਹਨ, ਪਰੰਤੂ ਸਾਡੇ ਸਭਿਆਚਾਰ ਵਿਚ ਨਕਲਾਂ ਦਾ ਆਪਣਾ ਹੀ ਮਹੱਤਵ ਹੈ। ਇਸੇ ਕਰਕੇ ਜਦੋਂ ਕਿਤੇ ਨਕਲਾਂ ਹੁੰਦੀਆਂ ਹਨ, ਤਾਂ ਲੋਕ ਬੜੀ ਬੇਸਬਰੀ ਨਾਲ ਉਨ੍ਹਾਂ ਨੂੰ ਦੇਖਣ ਜਾਂਦੇ ਹਨ।