ਨਲ ਤੇ ਦਮਿਅੰਤੀ – ਸਾਰ
ਪ੍ਰਸ਼ਨ . ‘ਨਲ ਤੇ ਦਮਿਅੰਤੀ’ ਕਥਾ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ – ਮਹਾਂਭਾਰਤ ਵਿੱਚ ਜਦੋਂ ਯੁਧਿਸ਼ਟਰ ਜੂਏ ਵਿੱਚ ਸਭ ਕੁੱਝ ਹਾਰ ਕੇ ਨਿਰਾਸ਼ ਹੋ ਜਾਂਦਾ ਹੈ, ਤਾਂ ਬ੍ਰਿਹਦਸ਼ਵ ਨਾਂ ਦਾ ਵਿਅਕਤੀ ਉਸ ਨੂੰ ਇਹ ਕਹਾਣੀ ਸੁਣਾ ਕੇ ਧੀਰਜ ਦਿੰਦਾ ਹੈ। ਇਹ ਕਹਾਣੀ ਇਸ ਪ੍ਰਕਾਰ ਹੈ :
ਨਿਸ਼ਧ ਦੇਸ ਦੇ ਰਾਜੇ ਵੀਰ ਸੈਨ ਦਾ ਪੁੱਤਰ ਨਲ ਤੇਜਮਈ, ਗੁਣਵਾਨ, ਸੁੰਦਰ, ਬਲਵਾਨ ਤੇ ਘੋੜੇ ਦੁੜਾਉਣ ਵਿੱਚ ਮਾਹਿਰ ਸੀ। ਇਸੇ ਤਰ੍ਹਾਂ ਦੂਜੇ ਪਾਸੇ ਵਿਦਰਭ ਦੇਸ਼ ਦੇ ਰਾਜੇ ਭੀਮ ਦੀ ਰਾਜਕੁਮਾਰੀ ਦਮਿਅੰਤੀ ਰੂਪਮਤੀ ਤੇ ਬੁੱਧੀਮਾਨ ਹੋਣ ਦੇ ਨਾਲ ਹੋਰ ਗੁਣਾਂ ਦੀ ਮਾਲਕ ਵੀ ਸੀ।
ਨਲ ਅਤੇ ਦਮਿਅੰਤੀ ਆਪਣੇ ਗੁਣਾਂ ਕਾਰਨ ਛੇਤੀ ਹੀ ਪ੍ਰਸਿੱਧ ਹੋ ਗਏ। ਉਹਨਾਂ ਨੂੰ ਆਪ ਵੀ ਇੱਕ – ਦੂਜੇ ਦੀ ਵਡਿਆਈ ਦਾ ਪਤਾ ਲੱਗਾ ਤੇ ਉਹ ਬਿਨਾਂ ਮਿਲੇ ਹੀ ਹੌਲੀ – ਹੌਲੀ ਇੱਕ – ਦੂਜੇ ਨਾਲ ਲਗਾਓ ਮਹਿਸੂਸ ਕਰਨ ਲੱਗੇ।
ਦਮਿਅੰਤੀ ਦੇ ਜਵਾਨ ਹੋਣ ਤੇ ਉਸ ਦੇ ਪਿਤਾ ਨੇ ਉਸ ਦਾ ਵਿਆਹ ਕਰਨ ਲਈ ਇੱਕ ਸੁਅੰਬਰ ਕੀਤਾ। ਦਮਿਅੰਤੀ ਨਾਲ ਵਿਆਹ ਦੀ ਇੱਛਾ ਨਾਲ ਦੂਰੋਂ – ਦੂਰੋਂ ਰਾਜੇ, ਰਾਜਕੁਮਾਰ ਅਤੇ ਰਾਜਿਆਂ ਦਾ ਰੂਪ ਧਾਰ ਕੇ ਦੇਵਤੇ ਵੀ ਪਹੁੰਚੇ।
ਦਮਿਅੰਤੀ ਮਨ ਵਿੱਚ ਨਲ ਨੂੰ ਪਤੀ ਵਜੋਂ ਸਵੀਕਾਰ ਕਰ ਚੁੱਕੀ ਸੀ। ਅਚੰਭਾ ਇਹ ਹੋਇਆ ਕਿ ਜਦੋਂ ਸੁਅੰਬਰ ਸਮੇਂ ਉਹ ਰਾਜੇ ਨਲ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗੀ, ਤਾਂ ਉਸ ਨੂੰ ਇੱਕ ਨਹੀਂ ਕਈ ਨਲ ਰਾਜੇ ਉੱਥੇ ਬੈਠੇ ਦਿਖਾਈ ਦਿੱਤੇ। ਪਰ ਉਸ ਨੇ ਇਕਾਗਰਚਿੱਤ ਹੋ ਕੇ ਅਸਲੀ ਨਲ ਲੱਭ ਲਿਆ ਕਿਉਂਕਿ ਦੇਵਤਿਆਂ ਦੇ ਸਰੀਰ ਉੱਤੇ ਨਾ ਮੁੜ੍ਹਕੇ ਦੀ ਕੋਈ ਬੂੰਦ ਸੀ, ਨਾਂ ਉਹ ਪਲਕਾਂ ਝਪਕ ਰਹੇ ਸਨ, ਨਾਂ ਉਹਨਾਂ ਦੇ ਪੈਰ ਧਰਤੀ ਨੂੰ ਛੂਹੰਦੇ ਸਨ ਅਤੇ ਨਾ ਹੀ ਉਹਨਾਂ ਦਾ ਕੋਈ ਪਰਛਾਵਾਂ ਸੀ। ਦਮਿਅੰਤੀ ਨੇ ਵਰ ਮਾਲਾ ਨਲ ਦੇ ਗਲ਼ ਵਿੱਚ ਪਾ ਦਿੱਤੀ। ਸਾਰਿਆਂ ਨੇ ਖੁਸ਼ੀ ਪ੍ਰਗਟ ਕੀਤੀ ਤੇ ਦੇਵਤਿਆਂ ਨੇ ਵੀ ਅਸ਼ੀਰਵਾਦ ਦਿੱਤਾ।
ਨਲ ਅਤੇ ਦਮਿਅੰਤੀ ਦੋਵੇਂ ਖੁਸ਼ੀ – ਖੁਸ਼ੀ ਰਹਿਣ ਲੱਗੇ। ਉਹਨਾਂ ਦੇ ਘਰ ਇੱਕ ਲੜਕੇ ਤੇ ਇੱਕ ਲੜਕੀ ਦਾ ਜਨਮ ਹੋਇਆ। ਇਸ ਦੌਰਾਨ ਕਲਜੁਗ ਤੋਂ ਉਹਨਾਂ ਦੀ ਖੁਸ਼ੀ ਬਰਦਾਸ਼ਤ ਨਾ ਹੋਈ ਤੇ ਉਸ ਨੇ ਰੰਗ ਵਿੱਚ ਭੰਗ ਪਾਉਣ ਲਈ ਨਲ ਦੇ ਅੰਦਰ ਨਿਵਾਸ ਕਰਨ ਤੇ ਉਸ ਨੂੰ ਰਾਜ ਭਾਗ ਤੋਂ ਵਾਂਝਾ ਕਰਨ ਦੀ ਸੋਚੀ, ਤਾਂ ਜੋ ਦਮਿਅੰਤੀ ਉਸ ਨੂੰ ਪਿਆਰ ਨਾ ਕਰੇ।
ਸਮਾਂ ਪਾ ਕੇ ਰਾਜੇ ਨਲ ਦੇ ਸਿਰ ਤੇ ਜੂਆ ਖੇਡਣ ਦਾ ਭੂਤ ਸਵਾਰ ਹੋ ਗਿਆ ਤੇ ਉਹ ਆਪਣੇ ਛੋਟੇ ਭਰਾ ਪੁਸ਼ਕਰ ਨਾਲ਼ ਜੂਆ ਖੇਡਣ ਲੱਗ ਪਿਆ। ਕਲਜੁਗ ਦੇ ਪ੍ਰਭਾਵ ਕਾਰਨ ਨਲ ਜੂਏ ਵਿੱਚ ਹਾਰਦਾ ਹੈ ਤੇ ਪੁਸ਼ਕਰ ਜਿੱਤਦਾ ਚਲਾ ਗਿਆ। ਦਮਿਅੰਤੀ ਨੇ ਨਲ ਨੂੰ ਹੋਰ ਜੂਆ ਖੇਡਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਇੱਕ ਨਾ ਮੰਨੀ।
ਦਮਿਅੰਤੀ ਨੇ ਆਉਣ ਵਾਲੇ ਮਾੜੇ ਸਮੇਂ ਦਾ ਅਨੁਮਾਨ ਲਾ ਕੇ ਆਪਣੇ ਦੋਵੇਂ ਬੱਚੇ ਆਪਣੇ ਪਿਤਾ ਕੋਲ ਭੇਜ ਦਿੱਤੇ। ਨਲ ਆਪਣਾ ਸੱਭ ਕੁੱਝ ਜੂਏ ਵਿੱਚ ਹਾਰ ਚੁੱਕਾ ਸੀ। ਬੱਸ ਉਹ ਆਪ ਸੀ ਤੇ ਇੱਕ ਦਮਿਅੰਤੀ ਸੀ। ਦੋਹਾਂ ਕੋਲ ਇੱਕ – ਇੱਕ ਬਸਤਰ ਸੀ। ਪੁਸ਼ਕਰ ਨੇ ਨਲ ਦਾ ਰਾਜ ਜਿੱਤ ਕੇ ਪਰਜਾ ਨੂੰ ਹੁਕਮ ਦਿੱਤਾ ਕਿ ਨਲ ਅਤੇ ਦਮਿਅੰਤੀ ਦੀ ਕੋਈ ਬੰਦਾ ਸਹਾਇਤਾ ਨਾ ਕਰੇ ਤੇ ਨਾ ਹੀ ਉਨ੍ਹਾਂ ਨੂੰ ਅੰਨ ਪਾਣੀ ਦੇਵੇ।
ਨਲ ਆਪਣਾ ਰਾਜ ਛੱਡ ਕੇ ਜੰਗਲ ਵੱਲ ਜਾਣ ਲੱਗਾ, ਤਾਂ ਦਮਿਅੰਤੀ ਵੀ ਉਸ ਨਾਲ ਤੁਰ ਪਈ। ਨਲ ਨੇ ਉਸ ਨੂੰ ਜੰਗਲ ਦੇ ਦੁੱਖ ਦੱਸ ਕੇ ਆਪਣੇ ਪਿਤਾ ਕੋਲ ਜਾਣ ਦੀ ਸਲਾਹ ਦਿੱਤੀ। ਪਰ ਦਮਿਅੰਤੀ ਨੇ ਕਿਹਾ ਕਿ ਉਹਨਾਂ ਦੋਹਾਂ ਨੇ ਵਿਆਹ ਸਮੇਂ ਦੁੱਖ – ਸੁੱਖ ਵਿੱਚ ਇਕੱਠਿਆਂ ਰਹਿਣ ਦਾ ਪ੍ਰਣ ਕੀਤਾ ਸੀ, ਇਸ ਕਰਕੇ ਉਹ ਵੀ ਉਸ ਦੇ ਨਾਲ ਹੀ ਜਾਵੇਗੀ।
ਨਲ ਅਤੇ ਦਮਿਅੰਤੀ ਕਈ ਦਿਨਾਂ ਦੀ ਭੁੱਖ ਤੇ ਸਫ਼ਰ ਦੀ ਥਕਾਵਟ ਕਰਕੇ ਹਾਲੋਂ – ਬੇਹਾਲ ਹੋ ਗਏ। ਇੱਕ ਸ਼ਾਮ ਉਹ ਇੱਕ ਧਰਮਸ਼ਾਲਾ ਦੇ ਨੇੜੇ ਠਹਿਰੇ ਹੋਏ ਸਨ ਕਿ ਥਕਾਵਟ ਕਾਰਨ ਦਮਿਅੰਤੀ ਘੂਕ ਸੌਂ ਗਈ, ਪਰ ਰਾਜਾ ਨਲ ਚਿੰਤਾ ਕਾਰਨ ਜਾਗ ਰਿਹਾ ਸੀ। ਉਹ ਸੋਚਣ ਲੱਗਾ ਕਿ ਉਸ ਨਾਲ ਰਹਿਣ ਕਰਕੇ ਦਮਿਅੰਤੀ ਨੂੰ ਪਤਾ ਨਹੀਂ ਹੋਰ ਕਿਹੜੇ – ਕਿਹੜੇ ਦੁੱਖ ਝੱਲਣੇ ਪੈਣਗੇ। ਪਰ ਨਾਲ ਹੀ ਉਸ ਦੇ ਮਨ ਵਿੱਚ ਵਿਚਾਰ ਆਇਆ ਕਿ ਜੇ ਉਹ ਦਮਿਅੰਤੀ ਨੂੰ ਸੁੱਤਿਆਂ ਛੱਡ ਕੇ ਜਾਣਾ ਬਿਹਤਰ ਸਮਝਿਆ।
ਸਵੇਰ ਹੋਣ ਤੇ ਜਦੋਂ ਦਮਿਅੰਤੀ ਦੀ ਅੱਖ ਖੁੱਲ੍ਹੀ, ਤਾਂ ਆਪਣੇ ਕੋਲ ਰਾਜਾ ਨਲ ਨੂੰ ਨਾ ਵੇਖ ਕੇ ਉਸ ਦੇ ਮਨ ਨੂੰ ਬਹੁਤ ਦੁੱਖ ਪੁੱਜਾ। ਉਹ ਪਾਗਲਾਂ ਵਾਂਗ ਉਸ ਨੂੰ ਢੂੰਡਦੀ ਹੋਈ ਤੇ ਰੋਂਦੀ ਹੋਈ ਜੰਗਲ ਵੱਲ ਚਲ ਪਈ।
ਰਸਤੇ ਵਿੱਚ ਇੱਕ ਅਜਗਰ ਨੇ ਦਮਿਅੰਤੀ ਨੂੰ ਪੈਰਾਂ ਵੱਲੋਂ ਨਿਗਲਣਾ ਸ਼ੁਰੂ ਕਰ ਦਿੱਤਾ, ਪਰ ਇੱਕ ਸ਼ਿਕਾਰੀ ਨੇ ਤਲਵਾਰ ਨਾਲ ਅਜਗਰ ਨੂੰ ਮਾਰ ਕੇ ਦਮਿਅੰਤੀ ਦੀ ਜਾਨ ਬਚਾਈ, ਪਰ ਨਾਲ ਹੀ ਉਸ ਸ਼ਿਕਾਰੀ ਦੇ ਮਨ ਵਿੱਚ ਦਮਿਅੰਤੀ ਪ੍ਰਤੀ ਮੰਦ – ਭਾਵਨਾ ਪੈਦਾ ਹੋ ਗਈ। ਆਪਣੀ ਪੱਤ ਦੀ ਰੱਖਿਆ ਲਈ ਦਮਿਅੰਤੀ ਵਿੱਚ ਇੱਕ ਅਥਾਹ ਸ਼ਕਤੀ ਪੈਦਾ ਹੋ ਗਈ ਤੇ ਉਸ ਨੇ ਸ਼ਿਕਾਰੀ ਨੂੰ ਮਾਰ ਦਿੱਤਾ।
ਰਾਜੇ ਨਲ ਦੀ ਭਾਲ ਵਿੱਚ ਦਮਿਅੰਤੀ ਵਿਲਕਦੀ, ਕੁਰਲਾਉਂਦੀ ਜੰਗਲ ਵਿੱਚ ਭਟਕਦੀ ਰਹੀ। ਉਹ ਜੰਗਲ ਦੇ ਬਿਰਛਾਂ, ਬੂਟਿਆਂ ਅਤੇ ਪਰਬਤਾਂ ਤੋਂ ਪੁਕਾਰ ਕੇ ਰਾਜੇ ਨਲ ਬਾਰੇ ਪੁੱਛਦੀ। ਜੰਗਲ ਵਿੱਚ ਮਿਲੇ ਰਿਸ਼ੀਆਂ ਨੇ ਉਸ ਨੂੰ ਧੀਰਜ ਦੇਣ ਦੀ ਕੋਸ਼ਿਸ਼ ਕੀਤੀ। ਫਿਰ ਇੱਕ ਕਾਫ਼ਲੇ ਨਾਲ ਉਹ ਚੇਦੀ ਰਾਜ ਦੀ ਰਾਜਧਾਨੀ ਪਹੁੰਚ ਗਈ। ਇੱਥੋਂ ਦੀ ਰਾਜ – ਮਾਤਾ ਦਮਿਅੰਤੀ ਦੀ ਮਾਸੀ ਸੀ। ਉਸ ਨੇ ਦਮਿਅੰਤੀ ਨੂੰ ਪਿਆਰ ਨਾਲ ਆਪਣੇ ਕੋਲ ਰੱਖਿਆ।
ਕੁੱਝ ਦਿਨਾਂ ਪਿੱਛੋਂ ਰਾਜ – ਮਾਤਾ ਨੇ ਦਮਿਅੰਤੀ ਨੂੰ ਉਸ ਦੇ ਪਿਤਾ ਕੋਲ ਭੇਜ ਦਿੱਤਾ। ਦਮਿਅੰਤੀ ਦੇ ਪਿਤਾ ਨੇ ਆਪਣੇ ਰਾਜ ਦਰਬਾਰ ਦੇ ਬ੍ਰਾਹਮਣ, ਰਾਜੇ ਨਲ ਦੀ ਭਾਲ ਵਿੱਚ ਚਾਰ – ਚੁਫ਼ੇਰੇ ਤੋਰ ਦਿੱਤੇ।
ਉਧਰ ਰਾਜਾ ਨਲ ਕਈ ਪ੍ਰਕਾਰ ਦੇ ਕਸ਼ਟ ਝੱਲਦਾ ਹੋਇਆ ਰਾਜੇ ਰਿਤੂਪਰਣ ਕੋਲ ਚਲਾ ਗਿਆ। ਇੱਥੇ ਉਹ ਭੇਸ ਬਦਲ ਕੇ ਘੋੜਿਆਂ ਦੇ ਵਾਹਕ ਵਜੋਂ ਨੌਕਰੀ ਕਰਨ ਲੱਗਾ। ਹੁਣ ਉਸ ਦਾ ਖੂਬਸੂਰਤ ਸਰੀਰ ਬੇਪਛਾਣ ਹੋ ਗਿਆ ਸੀ। ਇਸ ਦੌਰਾਨ ਰਾਜੇ ਭੀਮ ਦਾ ਇੱਕ ਬ੍ਰਾਹਮਣ
ਰਾਜੇ ਰਿਤੂਪਰਣ ਕੋਲ ਪੁੱਜਾ। ਰਾਜੇ ਨਾਲ ਗੱਲਬਾਤ ਕਰਦਿਆਂ ਬ੍ਰਾਹਮਣ ਨੂੰ ਸ਼ੱਕ ਪੈ ਗਿਆ। ਉਸ ਨੇ ਵਾਪਸ ਜਾ ਕੇ ਉਸ ਦਾ ਹੁਲੀਆ ਦਮਿਅੰਤੀ ਨੂੰ ਵੀ ਦੱਸਿਆ। ਦਮਿਅੰਤੀ ਨੇ ਰਾਜਾ ਨਲ ਨੂੰ ਮੁੜ ਮਿਲਣ ਲਈ ਅਤੇ ਉਸ ਦੇ ਰਾਜਾ ਨਲ ਹੋਣ ਬਾਰੇ ਪੂਰੀ ਤਸੱਲੀ ਕਰਨ ਲਈ ਸੁਅੰਬਰ ਦਾ ਐਲਾਨ ਕੀਤਾ। ਇਸ ਸੁਅੰਬਰ ਵਿੱਚ ਪਹੁੰਚਣ ਲਈ ਕੇਵਲ ਇੱਕ ਦਿਨ ਹੀ ਰੱਖਿਆ ਗਿਆ ਸੀ ਤੇ ਨਾਲ ਹੀ ਉਸ ਨੇ ਸੁਅੰਬਰ ਦਾ ਸੁਨੇਹਾ ਕੇਵਲ ਰਾਜਾ ਰਿਤੂਪਰਣ ਨੂੰ ਹੀ ਭੇਜਿਆ। ਰਿਤੂਪਰਣ ਸੁਅੰਬਰ ਵਿੱਚ ਪਹੁੰਚਣ ਲਈ ਕੇਵਲ ਇੱਕ ਦਿਨ ਦਾ ਸਮੇਂ ਬਾਰੇ ਜਾਣ ਕੇ ਹੈਰਾਨ ਹੋਇਆ। ਰਾਜੇ ਨਲ ਨੇ ਰਿਤੂਪਰਣ ਨੂੰ ਕਿਹਾ ਕਿ ਉਹ ਉਸ ਨੂੰ ਸੁਅੰਬਰ ਵਿੱਚ ਸਮੇਂ ਸਿਰ ਪੁਚਾ ਦੇਵੇਗਾ।
ਅਸਲ ਵਿੱਚ ਦਮਿਅੰਤੀ ਨੇ ਇਹ ਸੁਅੰਬਰ ਰਾਜਾ ਨਲ ਦੀ ਪਛਾਣ ਕਰਨ ਲਈ ਹੀ ਰੱਖਿਆ ਸੀ। ਉਸ ਨੂੰ ਪਤਾ ਸੀ ਕਿ ਰਾਜਾ ਨਲ ਹੀ ਇੰਨੇ ਥੋੜ੍ਹੇ ਸਮੇਂ ਵਿੱਚ ਘੋੜਿਆਂ ਨੂੰ ਇੰਨੀ ਦੂਰ ਭਜਾ ਕੇ ਲਿਆ ਸਕਦਾ ਹੈ।
ਜਦੋਂ ਰਿਤੂਪਰਣ ਨੇ ਨਲ ਨੂੰ ਬਹੁਤ ਤੇਜ਼ੀ ਨਾਲ ਘੋੜਾ ਦੁੜਾਉਂਦਿਆਂ ਵੇਖਿਆ, ਤਾਂ ਉਸ ਨੇ ਨਲ ਨੂੰ ਕਿਹਾ ਕਿ ਉਹ ਘੋੜੇ ਦੁੜਾਉਣ ਦੀ ਕਲਾ ਉਸ ਨੂੰ ਸਿਖਾਵੇ ਤੇ ਬਦਲੇ ਵਿੱਚ ਉਹ ਉਸ ਨੂੰ ਜੂਆ ਖੇਡਣ ਦੀ ਕਲਾ ਸਿਖਾਵੇਗਾ। ਉਸ ਨੇ ਰਾਜਾ ਨਲ ਨੂੰ ਜੂਏ ਦੇ ਗੁਰ ਦੱਸੇ ਅਤੇ ਨਲ ਨੇ ਉਸ ਨੂੰ ਘੋੜੇ ਦੁੜਾਉਣ ਦਾ ਭੇਦ ਦੱਸਿਆ।
ਅੰਤ ਰਿਤੂਪਰਣ ਅਤੇ ਘੋੜੇ ਦੇ ਵਾਹਕ ਦੇ ਰੂਪ ਵਿੱਚ ਰਾਜਾ ਨਲ ਸਮੇਂ ਸਿਰ ਰਾਜੇ ਭੀਮ ਦੀ ਨਗਰੀ ਪੁੱਜੇ। ਉੱਥੇ ਰਾਜੇ ਨਲ ਨੂੰ ਕੋਈ ਪਛਾਣ ਨਾ ਸਕਿਆ। ਦਮਿਅੰਤੀ ਨੇ ਇੱਕ ਦਾਸੀ ਰਾਹੀਂ ਰਾਜੇ ਨਲ ਨਾਲ ਸੰਪਰਕ ਕੀਤਾ। ਉਹ ਦਮਿਅੰਤੀ ਦੇ ਸੁਅੰਬਰ ਰਚਣ ਤੇ ਬੜਾ ਦੁਖੀ ਸੀ। ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਦਮਿਅੰਤੀ ਨੇ ਇਹ ਸਾਰੀ ਯੋਜਨਾ ਉਸ ਨੂੰ ਲੱਭਣ ਲਈ ਹੀ ਬਣਾਈ ਸੀ, ਤਾਂ ਉਸ ਦੇ ਸਾਰੇ ਸ਼ੰਕੇ ਦੂਰ ਹੋ ਗਏ। ਰਾਜਾ ਨਲ ਦੇ ਦਮਿਅੰਤੀ ਅਤੇ ਬੱਚਿਆਂ ਨੂੰ ਮਿਲ ਪੈਣ ਤੇ ਸਾਰੇ ਬੜੇ ਖੁਸ਼ ਹੋਏ।
ਕੁੱਝ ਸਮੇਂ ਪਿੱਛੋਂ ਰਾਜੇ ਨਲ ਨੇ ਆਪਣੇ ਭਰਾ ਪੁਸ਼ਕਰ ਕੋਲ ਜਾ ਕੇ ਉਸ ਨੂੰ ਮੁੜ ਜੂਆ ਖੇਡਣ ਲਈ ਵੰਗਾਰਿਆ। ਜੂਏ ਦੀ ਨਵੀਂ ਸਿੱਖੀ ਕਲਾ ਨਾਲ ਉਸ ਨੇ ਨਾ ਕੇਵਲ ਪੁਸ਼ਕਰ ਤੋਂ ਆਪਣਾ ਰਾਜ ਮੁੜ ਜਿੱਤ ਲਿਆ, ਸਗੋਂ ਪੁਸ਼ਕਰ ਦਾ ਸਾਰਾ ਰਾਜ ਵੀ ਜਿੱਤ ਲਿਆ, ਪਰ ਉਸ ਨੇ ਪੁਸ਼ਕਰ ਦਾ ਰਾਜ ਉਸ ਨੂੰ ਵਾਪਸ ਕਰ ਦਿੱਤਾ।
ਇਸ ਪਿੱਛੋਂ ਸਾਰੇ ਖੁਸ਼ੀ / ਰਹਿਣ ਲੱਗ ਪਏ। ਦਮਿਅੰਤੀ ਅਤੇ ਨਲ ਦਾ ਪਿਆਰ ਹੋਰ ਵੀ ਵਧ ਗਿਆ।