ਦੂਰ-ਦੂਰ ਥਾਉਂ………. ਵਿਸਾਖੀ ਚੱਲੀਏ।
ਪ੍ਰਸੰਗ ਸਹਿਤ ਵਿਆਖਿਆ : ਵਿਸਾਖੀ ਦਾ ਮੇਲਾ
ਪ੍ਰਸ਼ਨ. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ :
ਦੂਰ-ਦੂਰ ਥਾਉਂ ਵਣਜਾਰੇ ਆਏ ਨੇ ।
ਸੁਹਣੇ-ਸੁਹਣੇ ਕੁੰਜਾਂ ਤੇ ਫੀਤੇ ਲਿਆਏ ।
ਗ਼ਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ ।
ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ ।
ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ।
ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ।
ਹੱਟੀ ਹੱਟੀ ਸ਼ੌਂਕੀਆਂ ਦੀ ਭੀੜ ਖੱਲੀ ਏ ।
ਚੱਲ ਨੀ ਪਰੇਮੀਏ, ਵਿਸਾਖੀ ਚੱਲੀਏ ।
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੀ ਲਿਖੀ ਹੋਈ ਕਵਿਤਾ ‘ਵਿਸਾਖੀ ਦਾ ਮੇਲਾ’ ਵਿਚੋਂ ਲਿਆ ਗਿਆ ਹੈ। ਇਸ ਕਵਿਤਾ ਵਿਚ ਕਵੀ ਨੇ ਵਿਸਾਖ ਦੇ ਮਹੀਨੇ ਦੀ ਕੁਦਰਤ ਦਾ ਵਰਣਨ ਕਰਨ ਤੋਂ ਇਲਾਵਾ ਇਕ ਪੇਂਡੂ ਮੇਲੇ ਦਾ ਯਥਾਰਥਕ ਚਿਤਰਨ ਵੀ ਕੀਤਾ ਹੈ। ਇਸ ਵਿੱਚ ਇੱਕ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਆਪਣੇ ਨਾਲ ਚਲ ਕੇ ਮੇਲੇ ਦੀ ਖ਼ੁਸ਼ੀ ਨੂੰ ਮਾਣਨ ਲਈ ਕਹਿੰਦਾ ਹੈ। ਇਨ੍ਹਾਂ ਸਤਰਾਂ ਵਿੱਚ ਪੇਂਡੂ ਮੇਲੇ ਦਾ ਯਥਾਰਥਕ ਚਿਤਰਨ ਹੈ।
ਵਿਆਖਿਆ : ਮੇਲੇ ਦਾ ਸ਼ੁਕੀਨ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਵਿਸਾਖੀ ਦੇ ਮੇਲੇ ਵਿੱਚ ਦੂਰੋਂ-ਦੂਰੋਂ ਵਪਾਰੀ ਆਏ ਹਨ, ਜੋ ਕਿ ਦੁਪੱਟਿਆਂ ਤੇ ਕਿਨਾਰੀ ਲਾਉਣ ਲਈ ਸੋਹਣੀਆਂ-ਸੋਹਣੀਆਂ ਲੈਸਾਂ ਤੇ ਫ਼ੀਤੇ ਲਿਆਏ ਹਨ। ਉੱਥੇ ਗ਼ਜਰਿਆਂ ਤੇ ਵੰਗਾਂ ਦਾ ਵੀ ਕੋਈ ਅੰਤ ਹੀ ਨਹੀਂ। ਮੇਲੇ ਵਿਚ ਝੂਠੇ ਗਹਿਣਿਆਂ ਦੀ ਤਾਂ ਮੰਡੀ ਲੱਗੀ ਹੋਈ ਹੈ। ਹਲਵਾਈਆਂ ਨੇ ਹਜ਼ਾਰਾਂ ਹੱਟੀਆਂ ਲਾਈਆਂ ਹੋਈਆਂ ਹਨ ਤੇ ਮੇਲੇ ਵਿੱਚ ਹੋਰ ਸੈਂਕੜੇ ਪ੍ਰਕਾਰ ਦੀਆਂ ਸੁਗਾਤਾਂ ਆਈਆਂ ਹੋਈਆਂ ਹਨ। ਹੱਟੀ-ਹੱਟੀ ਉੱਪਰ ਭਿੰਨ-ਭਿੰਨ ਚੀਜ਼ਾਂ ਦੇ ਸ਼ੁਕੀਨਾਂ ਦੀਆਂ ਭੀੜਾਂ ਖੜ੍ਹੀਆਂ ਹਨ। ਚਲ ਸਜਨੀ ਅਸੀਂ ਵੀ ਵਿਸਾਖੀ ਦੇ ਮੇਲੇ ਦਾ ਆਨੰਦ ਲਈਏ।