ਦੁਰਗਾ ਅਤੇ ਦਾਨਵੀ…….. ਮੁੜ ਝਾਕਣ ਨਾਹੀਂ।।
ਬੀਰ-ਕਾਵਿ : ਗੁਰੂ ਗੋਬਿੰਦ ਸਿੰਘ ਜੀ
ਚੰਡੀ ਦੀ ਵਾਰ : ਗੁਰੂ ਗੋਬਿੰਦ ਸਿੰਘ ਜੀ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਦੁਰਗਾ ਅਤੇ ਦਾਨਵੀ ਭੇੜ ਪਾਇਆ ਸਬਾਹੀਂ ॥
ਸ਼ਸਤ੍ਰ ਪਜੂਤੇ ਦੁਰਗਸ਼ਾਹ ਗਹ ਸਭਨੀ ਬਾਹੀ ॥
ਸੁੰਭ ਨਿਸੁੰਭ ਸੰਘਾਰਿਆ ਵਥ ਜੇਹੇ ਸਾਹੀਂ ॥
ਫਉਜਾਂ ਰਾਕਸਿਆਰੀਆਂ ਦੇਖ ਰੋਵਨਿ ਧਾਹੀਂ ॥
ਮੁਹਿ ਕੜੂਚੇ ਘਾਹ ਦੇ ਛਡਿ ਘੋੜੇ ਰਾਹੀਂ ॥
ਭੱਜਦੇ ਹੋਇ ਮਾਰੀਅਨ ਮੁੜ ਝਾਕਨ ਨਾਹੀਂ ॥
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਵਾਰ ਵਿੱਚ ਗੁਰੂ ਸਾਹਿਬ ਨੇ ਦੁਰਗਾ ਦੇਵੀ ਦੀ ਅਗਵਾਈ ਹੇਠ ਦੇਵਤਾ-ਫ਼ੌਜ ਦੀ ਦੈਂਤਾਂ ਨਾਲ ਲੜਾਈ ਦਾ ਵਰਣਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਦੁਰਗਾ ਦੇਵੀ ਹੱਥੋਂ ਸ਼ੁੰਭ ਤੇ ਨਿਸ਼ੁੰਭ ਦੀ ਮੌਤ ਪਿੱਛੋਂ ਹੋਈ ਰਾਕਸ਼ਾਂ ਦੀ ਹਾਰ ਦਾ ਵਰਣਨ ਹੈ।
ਵਿਆਖਿਆ : ਦੁਰਗਾ ਦੇਵੀ ਅਤੇ ਰਾਕਸ਼ਾਂ ਦਾ ਸਵੇਰੇ-ਸਵੇਰੇ ਯੁੱਧ ਫਿਰ ਮਚ ਪਿਆ। ਦੁਰਗਾ ਦੇਵੀ, ਜਿਸ ਦੇ ਬਹੁਤ ਸਾਰੇ ਹੱਥ ਤੇ ਬਾਂਹਾਂ ਸਨ, ਨੇ ਸਾਰੇ ਹੱਥਾਂ ਵਿੱਚ ਹਥਿਆਰ ਫੜੇ ਹੋਏ ਸਨ ਤੇ ਉਸ ਨੇ ਸੁੰਭ ਅਤੇ ਨਿਸੁੰਭ ਵਰਗੇ ਰਾਕਸ਼ਾਂ ਦੇ ਸਾਰੇ ਸੈਨਾਪਤੀਆਂ ਨੂੰ ਮਾਰ ਦਿੱਤਾ। ਆਪਣੇ ਰਾਜੇ ਸ਼ੁੰਭ ਨੂੰ ਮਰਿਆ ਦੇਖ ਕੇ ਰਾਕਸ਼ਾਂ ਦੀਆਂ ਫ਼ੌਜਾਂ ਧਾਹਾਂ ਮਾਰ-ਮਾਰ ਕੇ ਰੋ ਰਹੀਆਂ ਹਨ। ਬਚੇ ਹੋਏ ਦੈਂਤ ਘੋੜਿਆਂ ਨੂੰ ਛੱਡ ਕੇ ਮੂੰਹ ਵਿੱਚ ਘਾਹ ਦੇ ਤੀਲ੍ਹੇ ਪਾ ਕੇ ਦੌੜ ਪਏ। ਪਰ ਦੌੜੇ ਜਾਂਦੇ ਰਾਕਸ਼ ਵੀ ਮਾਰੇ ਜਾ ਰਹੇ ਸਨ ਤੇ ਉਹ ਦੌੜਦੇ-ਦੌੜਦੇ ਪਿੱਛੇ ਮੁੜ ਕੇ ਝਾਕਦੇ ਵੀ ਨਹੀਂ ਸਨ।