ਤੇਰਾ ਮੁਖੁ ਸੁਹਾਵਾ………….ਮੀਤ ਮੁਰਾਰੇ ਜੀਉ॥


ਮੇਰਾ ਮਨ ਲੋਚੈ ਗੁਰਦਰਸਨ ਤਾਈ : ਸ੍ਰੀ ਗੁਰੂ ਅਰਜਨ ਦੇਵ ਜੀ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥

ਚਿਰੁ ਹੋਆ ਦੇਖੇ ਸਾਰਿੰਗ ਪਾਣੀ ॥

ਧੰਨੁ ਸੁ ਦੇਸ ਜਹਾ ਤੂੰ ਵਸਿਆ

ਮੇਰੇ ਸਜਣ ਮੀਤ ਮੁਰਾਰੇ ਜੀਉ ॥

ਹਉ ਘੋਲੀ ਜੀਉ ਘੋਲਿ ਘੁਮਾਈ

ਗੁਰ ਸਜਣ ਮੀਤ ਮੁਰਾਰੇ ਜੀਉ॥

ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੀ ਬਾਣੀ ‘ਮੇਰਾ ਮਨੁ ਲੋਚੈ ਗੁਰਦਰਸਨ ਤਾਈ’ ਵਿੱਚੋਂ ਲਿਆ ਗਿਆ ਹੈ। ਇਸ ਬਾਣੀ ਦੇ ਪਹਿਲੇ ਤਿੰਨ ਬੰਦਾਂ ਵਿੱਚ ਗੁਰੂ ਜੀ ਨੇ ਆਪਣੇ ਗੁਰੂ-ਪਿਤਾ ਤੋਂ ਵਿਛੋੜੇ ਤੇ ਚੌਥੇ ਬੰਦ ਵਿੱਚ ਮਿਲਾਪ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਗੁਰੂ ਜੀ ਗੁਰੂ-ਪਿਤਾ ਦੇ ਮੁਖੜੇ (ਦਰਸ਼ਨ) ਤੇ ਬਾਣੀ ਦੀ ਮਹਿਮਾ ਗਾਉਂਦੇ ਹੋਏ ਉਨ੍ਹਾਂ ਦੇ ਮਿਲਾਪ ਲਈ ਬੇਕਰਾਰੀ ਪ੍ਰਗਟ ਕਰਦੇ ਹਨ।

ਵਿਆਖਿਆ : ਹੇ ਗੁਰੂ-ਪਿਤਾ ਜੀਓ ! ਤੇਰਾ ਮੁੱਖੜਾ (ਦਰਸ਼ਨ) ਸੁੰਦਰ ਹੈ ਤੇ ਤੇਰੀ ਬਾਣੀ ਦੀ ਧੁਨੀ ਮਨ ਵਿੱਚ ਟਿਕਾਓ ਪੈਦਾ ਕਰਦੀ ਹੈ, ਪਰ ਮੇਰੀ ਵਿਛੋੜੇ ਕਾਰਨ ਅਜਿਹੀ ਅਵਸਥਾ ਹੈ, ਜਿਹੋ ਜਿਹੀ ਪਪੀਹੇ ਦੀ ਪਾਣੀ ਦੇਖੇ ਨੂੰ ਚਿਰ ਹੋਇਆ ਹੋਣ ਕਰਕੇ ਹੁੰਦੀ ਹੈ। ਹੇ ਪਿਆਰੇ ਸੱਜਣ ਗੁਰੂ ਜੀ! ਉਹ ਦੇਸ਼ ਧੰਨ ਹੈ, ਜਿੱਥੇ ਤੂੰ ਆਪ ਵਸਦਾ ਹੈਂ। ਹੇ ਮੇਰੇ ਮੀਤ ਤੇ ਸੱਜਣ ਗੁਰੂ ਜੀ! ਮੈਂ ਆਪ ਤੋਂ ਕੁਰਬਾਨ ਜਾਂਦਾ ਹਾਂ।