ਤਿੰਨ ਪੱਖੀਂ ਸੰਧੀ (Tri-partite Treaty)


ਪ੍ਰਸ਼ਨ. ਤਿੰਨ-ਪੱਖੀ ਸੰਧੀ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ : 1837 ਈ. ਵਿੱਚ ਰੂਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵੱਧ ਰਿਹਾ ਸੀ। ਇਸ ਹਮਲੇ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਅਫ਼ਗਾਨਿਸਤਾਨ ਦੇ ਹਾਕਮ ਦੋਸਤ ਮੁਹੰਮਦ ਖ਼ਾਂ ਨਾਲ ਮਿੱਤਰਤਾ ਕਰਨੀ ਚਾਹੀ। ਪਰ ਦੋਸਤ ਮੁਹੰਮਦ ਖ਼ਾਂ ਇਹ ਚਾਹੁੰਦਾ ਸੀ ਕਿ ਅੰਗਰੇਜ਼ ਪਿਸ਼ਾਵਰ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਉਸ ਨੂੰ ਦੇਣ।

ਅੰਗਰੇਜ਼ ਅਜਿਹੇ ਸਮੇਂ ਮਹਾਰਾਜਾ ਰਣਜੀਤ ਸਿੰਘ ਨਾਲ ਆਪਣੇ ਸੰਬੰਧ ਵਿਗਾੜਨਾ ਨਹੀਂ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾਹ ਨਾਲ ਗੱਲਬਾਤ ਸ਼ੁਰੂ ਕੀਤੀ।

26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ-ਪੱਖੀ ਸੰਧੀ ‘ਤੇ ਦਸਤਖ਼ਤ ਕੀਤੇ ਗਏ। ਇਸ ਸੰਧੀ ਅਨੁਸਾਰ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦੇ ਤਖ਼ਤ ‘ਤੇ ਬਿਠਾਉਣ ਦਾ ਫੈਸਲਾ ਕੀਤਾ ਗਿਆ।

ਸ਼ਾਹ ਸ਼ੁਜਾਹ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤੇ ਗਏ ਸਾਰੇ ਅਫ਼ਗਾਨ ਖੇਤਰਾਂ ‘ਤੇ ਉਸ ਦਾ ਅਧਿਕਾਰ ਮੰਨ ਲਿਆ। ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਗਿਆ ਕਿ ਉਹ 5000 ਸੈਨਿਕ ਸ਼ਾਹ ਸ਼ੁਜਾਹ ਦੀ ਸਹਾਇਤਾ ਲਈ ਭੇਜਣ।

ਇਸ ਸਹਾਇਤਾ ਦੇ ਬਦਲੇ ਸ਼ਾਹ ਸ਼ੁਜਾਹ ਰਣਜੀਤ ਸਿੰਘ ਨੂੰ 2 ਲੱਖ ਰੁਪਏ ਦੇਵੇਗਾ।

ਮਹਾਰਾਜਾ ਰਣਜੀਤ ਸਿੰਘ ਇਸ ਸੰਧੀ ‘ਤੇ ਦਸਤਖ਼ਤ ਕਰਨ ਨੂੰ ਤਿਆਰ ਨਹੀਂ ਸਨ, ਪਰ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਦਿੱਤਾ।

ਇਸ ਸੰਧੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਿੰਧ ਅਤੇ ਸ਼ਿਕਾਰਪੁਰ ‘ਤੇ ਕਬਜ਼ਾ ਕਰਨ ਦੀਆਂ ਸਾਰੀਆਂ ਇੱਛਾਵਾਂ ‘ਤੇ ਪਾਣੀ ਫੇਰ ਦਿੱਤਾ ਸੀ।