ਢੋਲ ਢਮੱਕਾ : ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ. ‘ਢੋਲ-ਢਮੱਕਾ’ ਲੇਖ ਅਨੁਸਾਰ ਜਰਮਨਾਂ ਨੇ ਨਾਰਵੇ ਦੇ ਸ਼ਹਿਰ ਓਸਲੋ ਨੂੰ ਕਿਸ ਉਸਤਾਦੀ ਨਾਲ ਮੱਲਿਆ?
ਉੱਤਰ : ਨਾਰਵੇ ਦੇ ਸ਼ਹਿਰ ਓਸਲੋ ਨੂੰ ਮੱਲਣ ਲਈ ਜਰਮਨਾਂ ਨੇ ਬੜੀ ਉਸਤਾਦੀ ਤੋਂ ਕੰਮ ਲਿਆ। ਜਦੋਂ ਉਹ ਜਹਾਜ਼ੋਂ ਉੱਤਰੇ ਤਾਂ ਉਨ੍ਹਾਂ ਆਪਣੇ ਅੱਗੇ ਪੰਝੀ-ਤੀਹ ਆਦਮੀ ਬੈਂਡ-ਵਾਜਾ ਵਜਾਉਣ ਵਾਲੇ ਲਾ ਲਏ। ਉਨ੍ਹਾਂ ਦੇ ਪਿੱਛੇ ਜਰਮਨ ਸਿਪਾਹੀ ਪਰੇਡ ਵਾਂਗ ਮਾਰਚ ਕਰਦੇ ਹੋਏ ਓਸਲੋ ਬੰਦਰਗਾਹ ਵਿਚ ਤੁਰ ਪਏ। ਵਾਜਾ ਸੁਣ ਕੇ ਲੋਕੀਂ ਘਰਾਂ ਤੋਂ ਨਿਕਲ ਕੇ ਤਮਾਸ਼ਾ ਵੇਖਣ ਤੇ ਵਾਜੇ ਦੀਆਂ ਸੁਰਾਂ ਸੁਣਨ ਲੱਗ ਪਏ। ਕਿਸੇ ਨੂੰ ਇਹ ਖ਼ਿਆਲ ਨਾ ਆਇਆ ਕਿ ਜਰਮਨ ਫ਼ੌਜ ਇਸ ਤਰ੍ਹਾਂ ਬੈਂਡ ਵਾਜਾ ਵਜਾਉਂਦੀ ਜਾਂਞੀਆਂ ਵਾਂਗ ਸ਼ਹਿਰ ਵਿਚ ਵੜ ਜਾਵੇਗੀ। ਅਸਲ ਗੱਲ ਉਦੋਂ ਪਤਾ ਲੱਗੀ, ਜਦੋਂ ਕੁੱਝ ਨਹੀਂ ਸੀ ਹੋ ਸਕਦਾ। ਇਸ ਤਰ੍ਹਾਂ ਜਰਮਨਾਂ ਨੇ ਓਸਲੋ ਸ਼ਹਿਰ ਨੂੰ ਬਿਨਾਂ ਗੋਲੀ ਚਲਾਏ ਮੱਲ ਲਿਆ।
ਪ੍ਰਸ਼ਨ 2. ਦੁਨੀਆ ਦਾ ਉਲਟਾਪਨ ਕੀ ਹੈ?
ਉੱਤਰ : ਦੁਨੀਆ ਦਾ ਉਲਟਾਪਨ ਇਹ ਹੈ ਕਿ ਜਿਹੜਾ ਫ਼ਰੇਬ ਨਾਲ ਦੂਜੇ ਨੂੰ ਕਾਬੂ ਕਰੇ, ਉਹ ਸੱਭਿਆ ਕਹਾਉਂਦਾ ਹੈ, ਪਰੰਤੂ ਜਿਹੜ ਹੋਰ ਗੱਲਾਂ-ਬਾਤਾਂ ਨਾ ਕਰੇ, ਸਿੱਧੀ ਮਤਲਬ ਦੀ ਗੱਲ ਕਰੇ, ਉਹ ਅਸੱਭਿਆ ਅਰਥਾਤ ਪਸ਼ੂ-ਬਿਰਤੀ ਵਾਲਾ ਕਹਾਉਂਦਾ ਹੈ।
ਪ੍ਰਸ਼ਨ 3. ‘ਢੋਲ-ਢਮੱਕਾ’ ਲੇਖ ਅਨੁਸਾਰ ਦੂਜਿਆਂ ਨੂੰ ਕਮਲੇ ਕਰਨ ਦੇ ਕੀ-ਕੀ ਢੰਗ ਵਰਤੇ ਜਾਂਦੇ ਹਨ?
ਉੱਤਰ : ਦੂਜਿਆਂ ਨੂੰ ਕਮਲੇ ਕਰਨ ਲਈ ਮਨੁੱਖ ਫ਼ਰੇਬ ਅਤੇ ਨੀਤੀ ਦੀ ਵਰਤੋਂ ਕਰਦਾ ਹੈ। ਉਹ ਆਪਣੇ ਵਿਰੋਧੀ ਵਿਰੁੱਧ ਨਾ ਦਿਸਣ ਵਾਲੇ ਹਥਿਆਰਾਂ ਦੀ ਵਰਤੋਂ ਕਰਦਾ ਹੈ ; ਜਿਵੇਂ-ਸੁਰੀਲੀ ਅਵਾਜ਼, ਲੈਕਚਰ ਤੇ ਉੱਚੀ ਅਵਾਜ਼ ਆਦਿ। ਸਾਡੇ ਦੇਸ਼ ਵਿਚ ਦੂਜਿਆਂ ਨੂੰ ਕਮਲੇ ਕਰਨ ਲਈ ਸੰਘ ਪਾੜ ਕੇ ਰੌਲਾ ਪਾਉਣ ਦਾ ਢੰਗ ਵਧੇਰੇ ਵਰਤਿਆ ਜਾਂਦਾ ਹੈ।
ਪ੍ਰਸ਼ਨ 4. ਲੇਖਕ ਨੇ ਬਜ਼ਾਰਾਂ ਵਿਚ ਪੈਂਦੇ ਰੌਲੇ ਦੀ ਤੁਲਨਾ ਕਿਨ੍ਹਾਂ-ਕਿਨ੍ਹਾਂ ਪ੍ਰਤੀਕਾਂ ਨਾਲ ਕੀਤੀ ਹੈ?
ਉੱਤਰ : ਬਜ਼ਾਰਾਂ ਵਿਚ ਪੈਂਦੇ ਰੌਲੇ ਦੀ ਤੁਲਨਾ ਲੇਖਕ ਨੇ ਰਾਤ ਨੂੰ ਹਵਾਂਕਦੇ ਗਿੱਦੜਾਂ, ਚਿੜੀਆਂ ਘਰਾਂ ਵਿਚ ਰਹਿੰਦੇ ਭਾਂਤ-ਭਾਂਤ ਦੇ ਜਾਨਵਰਾਂ ਦੀਆਂ ਅਵਾਜ਼ਾਂ ਅਤੇ ਕਾਂਵਾਂ ਦੇ ਕਿਸੇ ਮਾਰੂ ਬਿੱਲੇ ਤੋਂ ਡਰ ਕੇ ‘ਕਾਂ-ਕਾਂ’ ਦਾ ਰੌਲਾ ਪਾਉਣ ਦੇ ਪ੍ਰਤੀਕਾਂ ਨਾਲ ਕੀਤੀ ਹੈ।
ਪ੍ਰਸ਼ਨ 5. ਜੰਗਲ ਦੇ ਜਾਨਵਰ ਨੰਗੇ ਪੈਰਾਂ ਦੀ ਆਹਟ ਦੂਰੋਂ ਕਿਉਂ ਸੁਣ ਲੈਂਦੇ ਹਨ?
ਉੱਤਰ : ਜੰਗਲ ਦੇ ਜਾਨਵਰ ਦੂਰੋਂ ਨੰਗੇ ਪੈਰਾਂ ਦੀ ਆਹਟ ਇਸ ਕਰਕੇ ਸੁਣ ਲੈਂਦੇ ਹਨ ਕਿਉਂਕਿ ਉਨ੍ਹਾਂ ਦੀ ਸੁਣਨ-ਸ਼ਕਤੀ ਬਹੁਤ ਸੂਖ਼ਮ ਹੁੰਦੀ ਹੈ ਅਤੇ ਇਹ ਇਸ ਕਰਕੇ ਹੁੰਦੀ ਹੈ, ਕਿਉਂਕਿ ਉਹ ਕੁਦਰਤ ਦੀ ਚੁੱਪ, ਸ਼ਾਂਤੀ ਤੇ ਏਕਾਂਤ ਵਿਚ ਵਸਦੇ ਹਨ।