ਜਾਗੀਰਦਾਰੀ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰੀ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ?
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਈ ਤਰ੍ਹਾਂ ਦੀਆਂ ਜਾਗੀਰਾਂ ਪ੍ਰਚਲਿਤ ਸਨ। ਇਨ੍ਹਾਂ ਜਾਗੀਰਾਂ ਵਿੱਚੋਂ ਸੇਵਾ ਜਾਗੀਰਾਂ ਨੂੰ ਸਭ ਤੋਂ ਮਹੱਤਵਪੂਰਨ ਸਮਝਿਆ ਜਾਂਦਾ ਸੀ। ਇਹ ਜਾਗੀਰਾਂ ਰਾਜ ਦੇ ਉੱਚ ਸੈਨਿਕ ਅਤੇ ਅਸੈਨਿਕ ਕਰਮਚਾਰੀਆਂ ਨੂੰ ਮਿਲਣ ਵਾਲੀਆਂ ਤਨਖ਼ਾਹਾਂ ਦੇ ਬਦਲੇ ਦਿੱਤੀਆਂ ਜਾਂਦੀਆਂ ਸਨ। ਇਨ੍ਹਾਂ ਤੋਂ ਇਲਾਵਾ ਉਸ ਸਮੇਂ ਇਨਾਮ ਜਾਗੀਰਾਂ, ਗੁਜ਼ਾਰਾ ਜਾਗੀਰਾਂ, ਵਤਨ ਜਾਗੀਰਾਂ ਅਤੇ ਧਰਮਾਰਥ ਜਾਗੀਰਾਂ ਵੀ ਪ੍ਰਚਲਿਤ ਸਨ।
ਧਰਮਾਰਥ ਜਾਗੀਰਾਂ ਧਾਰਮਿਕ ਸੰਸਥਾਵਾਂ ਜਾਂ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਸਨ। ਇਹ ਜਾਗੀਰਾਂ ਸਥਾਈ ਤੌਰ ‘ਤੇ ਦਿੱਤੀਆਂ ਜਾਂਦੀਆਂ ਸਨ। ਜਾਗੀਰਾਂ ਦਾ ਪ੍ਰਬੰਧ ਸਿੱਧੇ ਤੌਰ ‘ਤੇ ਜਾਗੀਰਦਾਰ ਆਪ ਜਾਂ ਅਸਿੱਧੇ ਤੌਰ ‘ਤੇ ਉਨ੍ਹਾਂ ਦੇ ਏਜੰਟ ਕਰਦੇ ਸਨ। ਜਾਗੀਰਦਾਰਾਂ ਨੂੰ ਨਾ ਕੇਵਲ ਆਪਣੇ ਅਧੀਨ ਜਾਗੀਰ ਵਿੱਚੋਂ ਲਗਾਨ ਇਕੱਠਾ ਕਰਨ ਦਾ ਅਧਿਕਾਰ ਸੀ ਸਗੋਂ ਉਹ ਨਿਆਂ ਸੰਬੰਧੀ ਮਾਮਲਿਆਂ ਦਾ ਫੈਸਲਾ ਵੀ ਕਰਦੇ ਸਨ।
ਕਈ ਵਾਰੀ ਉਨ੍ਹਾਂ ਨੂੰ ਸੈਨਿਕ ਮੁਹਿੰਮਾਂ ਦੀ ਕਮਾਂਡ ਵੀ ਦਿੱਤੀ ਜਾਂਦੀ ਸੀ। ਸੈਨਿਕ ਜਾਗੀਰਦਾਰਾਂ ਨੂੰ ਸੈਨਿਕ ਭਰਤੀ ਕਰਨ ਦਾ ਅਧਿਕਾਰ ਵੀ ਪ੍ਰਾਪਤ ਸੀ। ਜਾਗੀਰਦਾਰੀ ਪ੍ਰਬੰਧ ਵਿੱਚ ਭਾਵੇਂ ਕੁਝ ਦੋਸ਼ ਤਾਂ ਜ਼ਰੂਰ ਸਨ ਪਰ ਇਹ ਪ੍ਰਬੰਧ ਉਸ ਸਮੇਂ ਦੇ ਅਨੁਕੂਲ ਸੀ।