ਚੰਦੂ ਸ਼ਾਹ
ਪ੍ਰਸ਼ਨ. ਚੰਦੂ ਸ਼ਾਹ ਕੌਣ ਸੀ? ਉਸ ਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਿਉਂ ਕੀਤਾ?
ਉੱਤਰ : ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ। ਉਹ ਆਪਣੀ ਲੜਕੀ ਲਈ ਕਿਸੇ ਯੋਗ ਵਰ ਦੀ ਤਲਾਸ਼ ਵਿੱਚ ਸੀ। ਚੰਦੂ ਸ਼ਾਹ ਦੇ ਸਲਾਹਕਾਰਾਂ ਨੇ ਉਸ ਨੂੰ ਆਪਣੀ ਲੜਕੀ ਦਾ ਵਿਆਹ ਗੁਰੂ ਅਰਜਨ ਸਾਹਿਬ ਜੀ ਦੇ ਲੜਕੇ ਹਰਿਗੋਬਿੰਦ ਨਾਲ ਕਰਨ ਦੀ ਸਲਾਹ ਦਿੱਤੀ। ਇਸ ਨਾਲ ਚੰਦੂ ਸ਼ਾਹ ਤਿਲਮਿਲਾ ਉੱਠਿਆ।
ਉਸ ਨੇ ਗੁਰੂ ਜੀ ਦੀ ਸ਼ਾਨ ਵਿੱਚ ਬਹੁਤ ਅਪਮਾਨਜਨਕ ਸ਼ਬਦ ਕਹੇ। ਬਾਅਦ ਵਿੱਚ ਚੰਦੂ ਸ਼ਾਹ ਦੀ ਪਤਨੀ ਦੁਆਰਾ ਮਜਬੂਰ ਕਰਨ ‘ਤੇ ਉਹ ਇਹ ਰਿਸ਼ਤਾ ਕਰਨ ਲਈ ਤਿਆਰ ਹੋ ਗਿਆ। ਉਸ ਨੇ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਲਈ ਗੁਰੂ ਅਰਜਨ ਸਾਹਿਬ ਨੂੰ ਸ਼ਗਨ ਭੇਜਿਆ।
ਕਿਉਂਕਿ ਹੁਣ ਤਕ ਗੁਰੂ ਸਾਹਿਬ ਨੂੰ ਚੰਦੂ ਸ਼ਾਹ ਦੁਆਰਾ ਉਨ੍ਹਾਂ ਬਾਰੇ ਕਹੇ ਗਏ ਅਪਮਾਨ ਭਰੇ ਸ਼ਬਦਾਂ ਦਾ ਪਤਾ ਲੱਗ ਚੁੱਕਿਆ ਸੀ ਇਸ ਲਈ ਉਨ੍ਹਾਂ ਨੇ ਇਸ ਸ਼ਗਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਚੰਦੂ ਸ਼ਾਹ ਨੂੰ ਇਸ ਬਾਰੇ ਪਤਾ ਚਲਿਆ ਤਾਂ ਉਸ ਨੇ ਗੁਰੂ ਸਾਹਿਬ ਤੋਂ ਆਪਣੇ ਇਸ ਅਪਮਾਨ ਦਾ ਬਦਲਾ ਲੈਣ ਦਾ ਫੈਸਲਾ ਕੀਤਾ। ਉਸ ਨੇ ਪਹਿਲਾਂ ਮੁਗ਼ਲ ਬਾਦਸ਼ਾਹ ਅਕਬਰ ਅਤੇ ਉਸ ਦੀ ਮੌਤ ਤੋਂ ਬਾਅਦ ਜਹਾਂਗੀਰ ਨੂੰ ਗੁਰੂ ਸਾਹਿਬ ਵਿਰੁੱਧ ਭੜਕਾਇਆ।
ਇਸ ਦਾ ਜਹਾਂਗੀਰ ‘ਤੇ ਲੋੜੀਂਦਾ ਅਸਰ ਹੋਇਆ ਤੇ ਉਸ ਨੇ ਗੁਰੂ ਜੀ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ। ਇਸ ਤਰ੍ਹਾਂ ਚੰਦੂ ਸ਼ਾਹ ਦਾ ਵਿਰੋਧ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਇੱਕ ਮਹੱਤਵਪੂਰਨ ਕਾਰਨ ਸਿੱਧ ਹੋਇਆ।