ਚੋਟ ਪਈ ਦਮਾਮੇ……….ਦਿਖਾਈ ਤਾਰੇ ਧੂਮਕੇਤ।।


ਬੀਰ-ਕਾਵਿ : ਗੁਰੂ ਗੋਬਿੰਦ ਸਿੰਘ ਜੀ


ਚੰਡੀ ਦੀ ਵਾਰ : ਗੁਰੂ ਗੋਬਿੰਦ ਸਿੰਘ ਜੀ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਚੋਟ ਪਈ ਦਮਾਮੇ ਦਲਾਂ ਮੁਕਾਬਲਾ ॥

ਦੇਵੀ ਦਸਤ ਨਚਾਈ ਸੀਹਣਿ ਸਾਰ ਦੀ ॥

ਪੇਟ ਮਲੰਦੇ ਲਾਈ ਮਹਿਖੇ ਦੈਂਤ ਨੂੰ ॥

ਗੁਰਦੇ ਆਂਦਾਂ ਖਾਈ ਨਾਲੇ ਰੁੱਕੜੇ ॥

ਜੇਹੀ ਦਿਲ ਵਿਚ ਆਈ ਕਹੀ ਸੁਣਾਇ ਕੇ ॥

ਚੋਟੀ ਜਾਣੁ ਦਿਖਾਈ ਤਾਰੇ ਧੂਮਕੇਤ ।।

ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਵਾਰ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਵਿੱਚ ਲੜ ਰਹੇ ਦੇਵਤਿਆਂ ਦੇ ਰਾਕਸ਼ਾਂ ਨਾਲ ਹੋਏ ਯੁੱਧ ਦੀ ਮਿਥਿਹਾਸਿਕ ਕਹਾਣੀ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਦੁਰਗਾ ਦੇਵੀ ਦੁਆਰਾ ਮਹਿਖਾਸੁਰ ਦੈਂਤ ਉੱਪਰ ਕੀਤੇ ਤਲਵਾਰ ਦੇ ਇਕ ਮਾਰੂ ਵਾਰ ਦਾ ਜ਼ਿਕਰ ਹੈ।

ਵਿਆਖਿਆ : ਮੈਦਾਨ-ਜੰਗ ਵਿੱਚ ਨਗਾਰਿਆਂ ‘ਤੇ ਚੋਟਾਂ ਪਈਆਂ। ਦੁਰਗਾ ਦੇਵੀ ਤੇ ਰਾਕਸ਼ਾਂ ਦੇ ਦਲਾਂ ਵਿਚਕਾਰ ਟਾਕਰਾ ਹੋਣ ਲੱਗਾ। ਦੁਰਗਾ ਦੇਵੀ ਨੇ ਲੋਹੇ ਦੀ ਸ਼ੇਰਨੀ ਭਾਵ ਤਲਵਾਰ ਹੱਥ ਵਿੱਚ ਫੜ ਕੇ ਦੁਸ਼ਮਣਾਂ ਵਿਰੁੱਧ ਚਲਾਈ। ਦੁਰਗਾ ਦੇਵੀ ਨੇ ਤਲਵਾਰ ਰਾਕਸ਼ਾਂ ਦੇ ਸਰਦਾਰ ਮਹਿਖੇ ਦੈਂਤ ਦੇ ਢਿੱਡ ਵਿੱਚ ਮਾਰੀ ਤੇ ਉਹ ਢਿੱਡ ਨੂੰ ਮਲਣ ਲੱਗਾ। ਉਸ ਤਲਵਾਰ ਦੇ ਵਾਰ ਨੇ ਮਹਿਖੇ ਦੈਂਤ ਦੇ ਗੁਰਦਿਆਂ, ਆਂਦਰਾਂ ਤੇ ਪਸਲੀਆਂ ਨੂੰ ਵੱਢ ਦਿੱਤਾ। ਦੁਰਗਾ ਦੇਵੀ ਨੇ ਮਹਿਖਾਸੁਰ ਨੂੰ ਜ਼ਖ਼ਮੀ ਕਰ ਕੇ ਉਸ ਨੂੰ ਜੋ ਦਿਲ ਵਿੱਚ ਆਈ ਕਹਿ ਸੁਣਾਈ। ਦੁਰਗਾ ਦੇਵੀ ਦੀ ਤਲਵਾਰ ਦੇ ਇਸ ਵਾਰ ਨੇ ਮਹਿਖੇ ਦੈਂਤ ਨੂੰ ਬੋਦੀ ਵਾਲੇ ਤਾਰੇ ਦੀ ਬੋਦੀ ਦਿਖਾ ਦਿੱਤੀ ਤੇ ਇਸ ਬਦਸ਼ਗਨੀ ਨੇ ਉਸ ਨੂੰ ਵਾਪਰਨ ਵਾਲੀ ਹੋਣੀ ਤੋਂ ਜਾਣੂ ਕਰਾ ਦਿੱਤਾ ਅਰਥਾਤ ਉਸ ਨੂੰ ਦੱਸ ਦਿੱਤਾ ਕਿ ਉਸ ਦੀ ਮੌਤ ਨੇੜੇ ਹੈ।