ਗਿਆਨ ਕਾ ਬਧਾ ਮਨ ਰਹੇ – ਪੈਰਾ ਰਚਨਾ
ਗੁਰੂ ਨਾਨਕ ਦੇਵ ਜੀ ਦਾ ਫ਼ਰਮਾਨ ਹੈ ‘ਕੁੰਭੇ ਬਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ।’ ਅਰਥਾਤ ਜਿਸ ਤਰ੍ਹਾਂ ਜਲ ਘੜੇ ਵਿਚ ਬੱਝਿਆ ਹੀ ਰਹਿ ਸਕਦਾ ਹੈ। ਘੜੇ ਤੋਂ ਬਿਨਾਂ ਜਲ ਕਾਬੂ ਵਿਚ ਨਹੀਂ ਰਹਿ ਸਕਦਾ, ਇਸੇ ਤਰ੍ਹਾਂ ਮਨੁੱਖੀ ਮਨ ਨੂੰ ਗਿਆਨ ਨਾਲ ਹੀ ਬੰਨ੍ਹਿਆ ਜਾ ਸਕਦਾ ਹੈ, ਪਰ ਗਿਆਨ ਦੀ ਪ੍ਰਾਪਤੀ ਗੁਰੂ ਤੋਂ ਬਿਨਾਂ ਨਹੀਂ ਹੋ ਸਕਦੀ। ਗੁਰੂ ਜੀ ਨੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਆਦਿ ਦੇ ਵੱਸ ਪੈ ਕੇ ਭਟਕਣ ਵਿਚ ਪਏ ਮਨ ਦੀ ਗੱਲ ਕੀਤੀ ਹੈ ਤੇ ਦੱਸਿਆ ਹੈ ਕਿ ਸਤਿਗੁਰੂ ਦਾ ਗਿਆਨ – ਉਪਦੇਸ਼ ਮਨੁੱਖੀ ਮਨ ਨੂੰ ਸੱਚ ਦਾ ਅਨੁਭਵ ਕਰਾ ਕੇ ਤੇ ਉਸ ਨੂੰ ਹਉਮੈਂ ਤੇ ਵਿਕਾਰਾਂ ਦੀ ਦਲ – ਦਲ ਵਿੱਚੋਂ ਕੱਢ ਕੇ ਕਾਬੂ ਵਿਚ ਕਰ ਲੈਂਦਾ ਹੈ। ਇਹ ਤਾਂ ਕੋਈ ਰਹੱਸਮਈ ਗੱਲ, ਜੋ ਜਨ – ਸਾਧਾਰਨ ਦੀ ਪੱਧਰ ਤੋਂ ਉੱਚੀ ਹੈ। ਉਂਞ ਵੀ ਅਸੀਂ ਆਪਣੇ ਸਧਾਰਨ ਜੀਵਨ ਵਿਚ ਆਪਣੇ ਮਨ ਨੂੰ ਗਿਆਨ ਨਾਲ ਹੀ ਬੰਨ੍ਹ ਕੇ ਰੱਖ ਸਕਦੇ ਹਾਂ। ਜਦੋਂ ਆਲੇ – ਦੁਆਲੇ ਕੋਈ ਛੂਤ ਦੀ ਬਿਮਾਰੀ ਫ਼ੈਲਦੀ ਹੈ ਤਾਂ ਜੇਕਰ ਸਾਨੂੰ ਗਿਆਨ ਹੋਵੇ ਕਿ ਇਸ ਦੇ ਫੈਲਣ ਦਾ ਕਾਰਨ ਮੱਖੀਆਂ ਹਨ ਤਾਂ ਅਸੀਂ ਆਪਣੇ ਮਨ ਨੂੰ ਬਜ਼ਾਰੀ ਚੀਜ਼ਾਂ ਖਾਣ ਤੋਂ ਰੋਕ ਲਵਾਂਗੇ। ਇਸ ਤਰ੍ਹਾਂ ਗਿਆਨ ਨਾਲ ਮਨ ਬੱਝ ਜਾਂਦਾ ਹੈ। ਜਦੋਂ ਸਾਨੂੰ ਦੇਸ਼ ਤੇ ਸਮਾਜ ਦੇ ਕਾਨੂੰਨਾਂ ਦਾ ਗਿਆਨ ਹੁੰਦਾ ਹੈ ਤਾਂ ਮਨ ਗ਼ਲਤ ਪਾਸੇ ਜਾਣ ਤੋਂ ਰੁੱਕ ਜਾਂਦਾ ਹੈ, ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਕਾਨੂੰਨ ਤੋੜਨ ਨਾਲ ਅਸੀਂ ਸਜ਼ਾ ਦੇ ਭਾਗੀ ਬਣਾਂਗੇ। ਇਸੇ ਤਰ੍ਹਾਂ ਸ਼ਰਾਬੀ ਨੂੰ ਜਦੋਂ ਇਹ ਗਿਆਨ ਹੋ ਜਾਵੇ ਕਿ ਇਹ ਉਸ ਦੇ ਸਰੀਰ ਦਾ ਨਾਸ਼ ਕਰਦੀ ਹੈ ਤੇ ਉਸ ਦੇ ਪਰਿਵਾਰ ਦੇ ਸੁੱਖ ਦੀ ਦੁਸ਼ਮਣ ਹੈ ਤਾਂ ਉਹ ਨਿਸਚੇ ਹੀ ਆਪਣੇ ਮਨ ਨੂੰ ਸ਼ਰਾਬ ਪੀਣ ਵਲ ਜਾਣ ਤੋਂ ਰੋਕਣ ਦਾ ਯਤਨ ਕਰਦਾ ਹੈ। ਪ੍ਰੀਖਿਆ ਵਿਚ ਫੇਲ੍ਹ ਹੋਣ ਜਾਂ ਘੱਟ ਨੰਬਰ ਲੈਣ ਦਾ ਅਹਿਸਾਸ ਇਕ ਵਿਦਿਆਰਥੀ ਦੇ ਮਨ ਨੂੰ ਇਧਰ – ਉਧਰ ਭਟਕਣ ਤੋਂ ਹਟਾ ਕੇ ਉਸ ਨੂੰ ਪੜ੍ਹਾਈ ਕਰਨ ਦੀ ਆਪਣੀ ਜਿੰਮੇਵਾਰੀ ਨਾਲ ਬੰਨ੍ਹ ਦਿੰਦਾ ਹੈ। ਇਸ ਕਰਕੇ ਇਹ ਕਹਿਣਾ ਸੋਲਾਂ ਆਨੇ ਸੱਚ ਹੈ ਕਿ ਗਿਆਨ ਨਾਲ ਹੀ ਮਨ ਨੂੰ ਬੰਨ੍ਹਿਆ ਜਾ ਸਕਦਾ ਹੈ।