ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ – ਡਾ. ਗੁਰਦਿਆਲ ਸਿੰਘ ‘ਫੁੱਲ’
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਚਾਰ-ਪੰਜ ਵਾਕਾਂ ਵਿੱਚ ਲਿਖੋ :
ਪ੍ਰਸ਼ਨ 1. ਗਿਆਨੀ ਗੁਰਮੁੱਖ ਸਿੰਘ ਨੂੰ ਦੇਸ਼ ਭਗਤੀ ਦੀ ਜਾਗ ਕਿਨ੍ਹਾਂ ਦੇ ਮੇਲ ਨਾਲ ਲੱਗੀ?
ਉੱਤਰ : ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਨੇ ਦਸਵੀਂ ਤੱਕ ਵਿੱਦਿਆ ਪ੍ਰਾਪਤ ਕੀਤੀ। ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਅਧਿਆਪਕ ਦੇ ਤੌਰ ਤੇ ਨੌਕਰੀ ਕਰਨੀ ਆਰੰਭ ਕੀਤੀ। ਇਸ ਦੌਰਾਨ ਉਨ੍ਹਾਂ ਦਾ ਮੇਲ ਗਿਆਨੀ ਹੀਰਾ ਸਿੰਘ ਦਰਦ, ਲਾਲ ਸਿੰਘ ਕਮਲਾ ਅਕਾਲੀ ਅਤੇ ਮਾਸਟਰ ਤਾਰਾ ਸਿੰਘ ਜਿਹੇ ਵਿਦਵਾਨਾਂ ਨਾਲ ਹੋਇਆ। ਇਨ੍ਹਾਂ ਵਿਅਕਤੀਆਂ ਦੇ ਮੇਲ ਕਾਰਨ ਆਪ ਨੂੰ ਦੇਸ਼ ਭਗਤੀ ਦੀ ਜਾਗ ਲੱਗੀ।
ਪ੍ਰਸ਼ਨ 2. ਆਪ ਨੇ ਕਿਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਕਵਿਤਾਵਾਂ ਲਿਖੀਆਂ ਤੇ ਪੜ੍ਹੀਆਂ? ਇਸ ਦਾ ਕੀ ਸਿੱਟਾ ਨਿਕਲਿਆ?
ਉੱਤਰ : ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਤੋਂ ਬਹੁਤ ਪ੍ਰਭਾਵਿਤ ਹੋਏ। ਲਾਸ਼ਾਂ ਦੇ ਢੇਰ ਦੇਖ ਕੇ ਉਨ੍ਹਾਂ ਦੇ ਮਨ ਨੂੰ ਦੇਸ਼ ਸੇਵਾ ਲਈ ਤਨ – ਮਨ ਵਾਰਨ ਲਈ ਪ੍ਰੇਰਨਾ ਮਿਲੀ। ਗੁਰੂ ਕਾ ਬਾਗ ਮੋਰਚੇ ਨੇ ਵੀ ਉਨ੍ਹਾਂ ਦੇ ਮਨ ਤੇ ਗਹਿਰਾ ਅਸਰ ਪਾਇਆ। ਉਨ੍ਹਾਂ ਨੇ ਇਸ ਘਟਨਾ ਸੰਬੰਧੀ ਕਵਿਤਾਵਾਂ ਲਿਖੀਆਂ ਜੋ ਕਿ ਜਗ੍ਹਾਂ – ਜਗ੍ਹਾਂ ਦੀਵਾਨਾਂ ਵਿੱਚ ਪੜ੍ਹੀਆਂ ਜਾਂਦੀਆ ਹਨ।। ਅੰਗਰੇਜ਼ ਪੁਲਿਸ ਨੇ ਸਿੰਘਾਂ ਨੂੰ ਬਹੁਤ ਤਸੀਹੇ ਦਿੱਤੇ। ਇਨ੍ਹਾਂ ਖਬਰਾਂ ਨੂੰ ਪੜ੍ਹ ਕੇ ਆਪ ਅੰਦਰ ਅਜ਼ਾਦੀ ਦਾ ਜਜ਼ਬਾ ਪੈਦਾ ਹੋਇਆ ਤੇ ਆਪ ਅਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਹੋ ਗਏ।
ਪ੍ਰਸ਼ਨ 3. ਜੇਲ੍ਹ ਵਿੱਚ ਭਗਤ ਸਿੰਘ ਨੂੰ ਮਿਲਣ ਵਾਲੀ ਘਟਨਾ ਬਿਆਨ ਕਰੋ।
ਉੱਤਰ : ਭਗਤ ਸਿੰਘ ਦੀ ਫਾਂਸੀ ਵੇਲੇ ਗੁਰਮੁਖ ਸਿੰਘ ਮੁਸਾਫ਼ਿਰ ਸੈਂਟਰਲ ਜੇਲ੍ਹ ਲਾਹੌਰ ਵਿਚ ਕੈਦ ਸਨ। ਭਗਤ ਸਿੰਘ ਦੀ ਕੋਠੜੀ ਤੇ ਸਖ਼ਤ ਪਹਿਰਾ ਸੀ, ਕੋਈ ਵੀ ਉਸ ਨੂੰ ਨਹੀਂ ਮਿਲ ਸਕਦਾ ਸੀ, ਪਰ ਆਪ ਭਗਤ ਸਿੰਘ ਦੀ ਫਾਂਸੀ ਤੋਂ ਦੋ ਦਿਨ ਪਹਿਲਾਂ ਉਹਨਾਂ ਨੂੰ ਮਿਲਣ ਵਿੱਚ ਸਫ਼ਲ ਹੋ ਗਏ। ਭਗਤ ਸਿੰਘ ਨੇ ਮੁਸਾਫ਼ਿਰ ਜੀ ਨੂੰ ਵੇਖਦੇ ਹੀ ਉਨ੍ਹਾਂ ਦੀ ਲਿਖੀ ਕਵਿਤਾ ‘ਦੁਹਾਈ’ ਸੁਨਾਉਣੀ ਸ਼ੁਰੂ ਕਰ ਦਿੱਤੀ। ਭਗਤ ਸਿੰਘ ਦੇ ਮੂੰਹੋ ਆਪ ਦੀ ਲਿਖੀ ਕਵਿਤਾ ਸੁਣ ਕੇ ਉਨ੍ਹਾਂ ਦੀ ਖੁਸ਼ੀ ਅਤੇ ਹੈਰਾਨੀ ਦੀ ਹੱਦ ਨਾ ਰਹੀ।
ਪ੍ਰਸ਼ਨ 4. ਗੁਰਮੁੱਖ ਸਿੰਘ ਨੇ ਵਾਰਤਕ, ਕਹਾਣੀਆਂ ਤੇ ਕਵਿਤਾਵਾਂ ਦੀਆਂ ਕਿਹੜੀਆਂ-ਕਿਹੜੀਆਂ ਕਿਤਾਬਾਂ ਲਿਖੀਆਂ?
ਉੱਤਰ : ਮੁਸਾਫ਼ਿਰ ਜੀ ਨੇ ਸਾਹਿਤ ਦੇ ਖੇਤਰ ਵਿੱਚ ਕਹਾਣੀਆਂ, ਕਵਿਤਾਵਾਂ ਤੇ ਵਾਰਤਕ ਦੀਆਂ ਕਈ ਕਿਤਾਬਾਂ ਲਿਖੀਆਂ, ਜਿਵੇਂ : ‘ਪ੍ਰੇਮ ਦੇ ਬਾਣ’, ‘ਸਬਰ ਦੇ ਬਾਣ’, ‘ਜੀਵਨ ਪੰਧ’, ‘ਮੁਸਾਫਰੀਆਂ’, ‘ਵੱਖਰਾ – ਵੱਖਰਾ – ਕਤਰਾ – ਕਤਰਾ’, ‘ਟੁੱਟੇ ਖੰਭ’ ਆਦਿ ਕਵਿਤਾਵਾਂ ਦੀਆਂ ਅਤੇ ‘ਉਰਵਾਰ ਪਾਰ’, ‘ਆਲ੍ਹਣੇ ਦੇ ਬੋਟ’, ‘ਵੱਖਰੀ ਦੁਨੀਆ’, ‘ਕੋਹਮਰੀ’, ‘ਸਸਤਾ ਤਮਾਸ਼ਾ’, ‘ਕੰਧਾਂ ਬੋਲ ਪਈਆਂ’, ‘ਗਟਾਰ’ ਅਤੇ ‘ਅੱਲਾ ਵਾਲੇ’ ਕਹਾਣੀਆਂ ਦੀਆਂ ਪੁਸਤਕਾਂ। ਇਸ ਤੋਂ ਬਿਨਾਂ ‘ਵੀਹਵੀਂ ਸਦੀ ਦੇ ਸ਼ਹੀਦ’, ‘ਵੇਖਿਆ ਸੁਣਿਆ ਗਾਂਧੀ’, ‘ਵੇਖਿਆ ਸੁਣਿਆ ਜਵਾਹਰ ਲਾਲ’, ‘ਬਾਗ਼ੀ ਜਰਨੈਲ’, ‘ਗਾਂਧੀ, ਗੀਤਾ ਤੇ ਆਨੰਦ ਮਾਰਗ’ ਆਦਿ ਪੁਸਤਕਾਂ ਆਪ ਨੇ ਵਾਰਤਕ ਵਿੱਚ ਲਿਖੀਆਂ।
ਪ੍ਰਸ਼ਨ 5. ਗੁਰਮੁੱਖ ਸਿੰਘ ਨੇ ਜ਼ਿੰਦਗੀ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ?
ਉੱਤਰ : ਗੁਰਮੁਖ ਸਿੰਘ ਮੁਸਾਫ਼ਿਰ ਨੂੰ ਆਪਣੀ ਜਿੰਦਗੀ ਵਿੱਚ ਬਹੁਤ ਦੁੱਖ ਸਹਿਣੇ ਪਏ। ਉਨ੍ਹਾਂ ਦੇ ਘਰ ਬਹੁਤ ਗ਼ਰੀਬੀ ਸੀ। ਆਪ ਨੇ ਕਾਫ਼ੀ ਲੰਮਾ ਸਮਾਂ ਅੰਗਰੇਜ਼ਾਂ ਦੀ ਕੈਦ ਵਿੱਚ ਗੁਜ਼ਾਰਿਆ। ਆਪ ਦੇ ਪਿਤਾ ਆਪ ਨੂੰ ਮਿਲਣ ਲਈ ਤਰਸਦੇ – ਤਰਸਦੇ ਸਵਰਗ ਸਿਧਾਰ ਗਏ। ਜਦੋਂ ਆਪ ਜੇਲ੍ਹ ਵਿੱਚ ਸਨ ਤਾਂ ਆਪ ਦੇ ਇਕਲੌਤੇ ਜਵਾਨ ਪੁੱਤਰ ਦੀ ਮੌਤ ਹੋ ਗਈ। ਆਪ ਦੀ ਜਵਾਨ ਲੜਕੀ ਵੀ ਤਪੇਦਿਕ ਦਾ ਸ਼ਿਕਾਰ ਹੋ ਕੇ ਮਰ ਗਈ। ਆਪ ਦੀ ਦੂਸਰੀ ਲੜਕੀ ਦੇ ਜਵਾਈ ਦੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਰਸਤੇ ਵਿੱਚ ਹਾਦਸੇ ਵਿੱਚ ਮੌਤ ਹੋ ਗਈ।
ਪ੍ਰਸ਼ਨ 6. ਦਿੱਲੀ ਵਿੱਚ ਇਕ ਵਾਰ ਬਿਮਾਰ ਹੋਣ ਤੇ ਜੋ ਵਾਪਰਿਆ, ਬਿਆਨ ਕਰੋ।
ਉੱਤਰ : ਇੱਕ ਵਾਰ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦਿੱਲੀ ਵਿੱਚ ਬਿਮਾਰ ਹੋ ਗਏ। ਉਨ੍ਹਾਂ ਦੇ ਮਿੱਤਰ ਉਨ੍ਹਾਂ ਨੂੰ ਮਿਲਣ ਲਈ ਗਏ। ਉਨ੍ਹਾਂ ਨੂੰ ਕਈ ਦਿਨਾਂ ਤੋਂ ਚੰਗੀ ਨੀਂਦ ਨਹੀਂ ਸੀ ਆਈ। ਇੱਕ ਮਿੱਤਰ ਨੇ ਕਿਹਾ ਕਿ ਚਲੋ ਸਭ ਏਥੋਂ ਚਲੀਏ ਅਤੇ ਇਹਨਾਂ ਨੂੰ ਕੁੱਝ ਆਰਾਮ ਕਰਨ ਦੇਈਏ। ਸ਼ਾਇਦ ਇਹਨਾਂ ਨੂੰ ਨੀਂਦ ਆ ਜਾਵੇ। ਉਹ ਉੱਠ ਕੇ ਦੂਜੇ ਕਮਰੇ ਵਿੱਚ ਬੈਠ ਗਏ। ਅੱਧੇ ਕੁ ਘੰਟੇ ਪਿੱਛੋਂ ਉਹਨਾਂ ਨੂੰ ਉੱਚੀ ਸਾਰੀ ਅਵਾਜ਼ ਆਈ, “ਹਾਏ ਓਏ ਮਰ ਗਿਆ।” ਉਹ ਸਾਰੇ ਮਿੱਤਰ ਉਨ੍ਹਾਂ ਵੱਲ ਭੱਜ ਗਏ ਅਤੇ ਪੁੱਛਿਆ ਕਿ ਕੀ ਗੱਲ ਹੈ, ਡਾਕਟਰ ਨੂੰ ਬੁਲਾਈਏ।
ਕਹਿਣ ਲੱਗੇ, “ਮੈਂ ਡਾਢਾ ਤੰਗ ਹਾਂ, ਮੈਂ ਮਰਨ ਲੱਗਾ ਹਾਂ। ਮੇਰੀ ਕੋਈ ਸੇਵਾ ਕਰੋ ਨਹੀਂ ਤਾਂ ਮੈਂ ਅੰਮ੍ਰਿਤਸਰ ਵਾਲਾ ਮਕਾਨ ਨਾਲ ਹੀ ਲੈ ਜਾਵਾਂਗਾ।” ਉਹਨਾਂ ਦੀ ਇਹ ਗੱਲ ਸੁਣ ਕੇ ਉਹ ਸਾਰੇ ਹੱਸ ਹੱਸ ਕੇ ਦੋਹਰੇ ਹੁੰਦੇ ਰਹੇ। ਉਹਨਾਂ ਦੀ ਹਾਸਾ ਹੱਸਣ ਦੀ ਸ਼ਕਤੀ ਲਾਜਵਾਬ ਸੀ।