ਗ਼ੈਨ ਗ਼ਮ ਖਾਧਾ…….ਹਾਰ-ਸ਼ਿੰਗਾਰ ਸੂਹੇ।


ਕਿੱਸਾ ਪੂਰਨ ਭਗਤ : ਕਾਦਰਯਾਰ

ਕਾਵਿ ਟੁਕੜੀ : ਇੱਛਰਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਣਾ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਗ਼ੈਨ ਗ਼ਮ ਖਾਧਾ ਰਾਣੀ ਹੋਈ ਅੰਨ੍ਹੀ, ਆਹੀਂ ਮਾਰਦੀ ਰੱਬ ਦੇ ਦੇਖ ਬੂਹੇ ।

ਪੁੱਤਰ ਪਕੜ ਬਿਗਾਨਿਆ ਮਾਪਿਆਂ ਦੇ, ਪੂਰਨ ਭਗਤ ਨੂੰ ਗਏ ਲੈ ਬਾਹਰ ਚੂਹੇ ।

ਉਹਦੇ ਦਸਤ ਸਹਿਕਾਏ ਕੇ ਵੱਢਿਓ ਨੇ, ਉਹ ਦੀ ਲੋਥ ਵਹਾਂਵਦੇ ਵਿਚ ਖੂਹੇ ।

ਕਾਦਰਯਾਰ ਆ ਲੂਣਾ ਨੂੰ ਦੇਣ ਰੱਤੂ, ਵੇਖ ਲਾਂਵਦੀ ਹਾਰ-ਸ਼ਿੰਗਾਰ ਸੂਹੇ ।

ਪ੍ਰਸੰਗ : ਇਹ ਕਾਵਿ-ਟੋਟਾ ਕਾਦਰਯਾਰ ਦੇ ਕਿੱਸੇ ‘ਪੂਰਨ ਭਗਤ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ- ਮਾਲਾ’ ਪੁਸਤਕ ਵਿੱਚ ‘ਇੱਛਰਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਣਾ’ ਸਿਰਲੇਖ ਹੇਠ ਦਰਜ ਹੈ। ਇਸ ਕਿੱਸੇ ਵਿੱਚ ਕਵੀ ਨੇ ਪੂਰਨ ਭਗਤ ਦੀ ਜੀਵਨ-ਕਥਾ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਜਲਾਦਾਂ ਨੇ ਪੂਰਨ ਦੇ ਹੱਥ ਵੱਢ ਕੇ ਉਸ ਨੂੰ ਖੂਹ ਵਿੱਚ ਸੁੱਟ ਦਿੱਤਾ ਤੇ ਉਸ ਦੀ ਮਾਤਾ ਇੱਛਰਾਂ ਉਸ ਦੇ ਵਿਛੋੜੇ ਵਿੱਚ ਰੋ-ਰੋ ਕੇ ਅੰਨ੍ਹੀ ਹੋ ਗਈ।

ਵਿਆਖਿਆ : ਕਾਦਰਯਾਰ ਕਹਿੰਦਾ ਹੈ ਕਿ ਰਾਣੀ ਇੱਛਰਾਂ ਆਪਣੇ ਪੁੱਤਰ ਦੇ ਵਿਛੋੜੇ ਵਿੱਚ ਆਹਾਂ ਮਾਰਦੀ ਤੇ ਰੱਬ ਦੇ ਦਰ ਤੋਂ ਮਿਹਰ ਦੀ ਮੰਗ ਕਰਦੀ ਹੋਈ ਅੰਨ੍ਹੀ ਹੋ ਗਈ। ਬਿਗਾਨੇ ਮਾਪਿਆਂ ਦੇ ਪੁੱਤਰ ਜੱਲਾਦ ਪੂਰਨ ਭਗਤ ਨੂੰ ਬਾਹਰ ਜੰਗਲ ਵਿੱਚ ਲੈ ਗਏ। ਉੱਥੇ ਉਨ੍ਹਾਂ ਉਸ ਨੂੰ ਤੜਫਾ-ਤੜਫਾ ਕੇ ਉਸ ਦੇ ਹੱਥ-ਪੈਰ ਵੱਢ ਦਿੱਤੇ ਅਤੇ ਉਸ ਦੀ ਲੋਥ ਨੂੰ ਖੂਹ ਵਿੱਚ ਸੁੱਟ ਦਿੱਤਾ। ਉਨ੍ਹਾਂ ਉਸ ਦੀ ਮਤਰੇਈ ਮਾਂ ਲੂਣਾ ਨੂੰ ਉਸ ਦਾ ਲਹੂ ਲਿਆ ਕੇ ਦਿੱਤਾ ਤੇ ਉਹ ਖ਼ੁਸ਼ੀ ਵਿੱਚ ਸੂਹੇ ਹਾਰ-ਸ਼ਿੰਗਾਰ ਲਾ ਕੇ ਬੈਠ ਗਈ।