ਖ਼ੇ ਖ਼ਬਰ ਹੋਈ ………….ਰਾਜਿਆ ਵੈਰ ਸਾਈ।
ਕਿੱਸਾ ਪੂਰਨ ਭਗਤ : ਕਾਦਰਯਾਰ
ਕਾਵਿ ਟੋਟਾ : ਇੱਛਰਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਣਾ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਖ਼ੇ ਖ਼ਬਰ ਹੋਈ ਰਾਣੀ ਇੱਛਰਾਂ ਨੂੰ, ਜਿਸ ਜਾਇਆ ਪੂਰਨ ਪੁੱਤ ਸਾਈ।
ਚੂੜਾ ਭੰਨ ਤੇ ਤੋੜ ਹਮੇਲ ਬੀੜੇ, ਵਾਲ ਪੁੱਟ ਰਾਣੀ ਸਿਰ ਖ਼ਾਕ ਪਾਈ।
ਮੰਦਾ ਘਾਓ ਪਿਆਰਿਆਂ ਪੁੱਤਰਾਂ ਦਾ, ਰਾਣੀ ਭੱਜ ਕੇ ਰਾਜੇ ਦੇ ਪਾਸ ਆਈ।
ਕਾਦਰਯਾਰ ਖੜੋਇ ਪੁਕਾਰ ਕਰਦੀ, ਇਹਦੇ ਨਾਲ ਕੀ ਰਾਜਿਆ ਵੈਰ ਸਾਈ।
ਪ੍ਰਸੰਗ : ਇਹ ਕਾਵਿ-ਟੋਟਾ ਕਾਦਰਯਾਰ ਦੇ ਕਿੱਸੇ ‘ਪੂਰਨ ਭਗਤ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ ਮਾਲਾ’ ਪੁਸਤਕ ਵਿਚ ‘ਇੱਛਰਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਣਾ’ ਸਿਰਲੇਖ ਹੇਠ ਦਰਜ ਹੈ। ਇਸ ਕਿੱਸੇ ਵਿੱਚ ਕਵੀ ਨੇ ਪੂਰਨ ਭਗਤ ਦੀ ਜੀਵਨ-ਕਥਾ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੂਰਨ ਦੀ ਮਾਤਾ ਇੱਛਰਾਂ ਦੇ ਉਸ ਸਮੇਂ ਦੇ ਦੁੱਖ ਨੂੰ ਬਿਆਨ ਕਰਦਾ ਹੈ, ਜਦੋਂ ਉਸ ਨੂੰ ਲੂਣਾ ਦੀ ਤੋਹਮਤ ਕਾਰਨ ਪੂਰਨ ਵਿਰੁੱਧ ਰਾਜੇ ਦੇ ਗੁੱਸੇ ਦੀ ਖ਼ਬਰ ਮਿਲਦੀ ਹੈ।
ਵਿਆਖਿਆ : ਕਾਦਰਯਾਰ ਲਿਖਦਾ ਹੈ ਕਿ ਜਦੋਂ ਪੂਰਨ ਨੂੰ ਜਨਮ ਦੇਣ ਵਾਲੀ ਮਾਤਾ ਰਾਣੀ ਇੱਛਰਾਂ ਨੂੰ ਉਸ (ਪੂਰਨ) ਵਿਰੁੱਧ ਰਾਜੇ ਦੇ ਗੁੱਸੇ ਦਾ ਪਤਾ ਲੱਗਾ, ਤਾਂ ਉਸ ਨੇ ਦੁੱਖੀ ਹੋਈ ਨੇ ਆਪਣਾ ਚੂੜਾ ਭੰਨ ਦਿੱਤਾ। ਉਸ ਨੇ ਗਲ਼ ਦੇ ਹਮੇਲਾਂ ਤੇ ਬੀੜੇ ਤੋੜ ਕੇ ਸੁੱਟ ਦਿੱਤੇ। ਉਸ ਨੇ ਆਪਣੇ ਵਾਲ ਪੁੱਟ ਕੇ ਆਪਣੇ ਸਿਰ ਵਿੱਚ ਮਿੱਟੀ ਪਾ ਪਾ ਲਈ। ਅਸਲ ਵਿੱਚ ਮਾਂਵਾਂ ਲਈ ਪੁੱਤਰਾਂ ਦੇ ਦੁੱਖ ਦਾ ਜ਼ਖ਼ਮ ਬੜਾ ਬੁਰਾ ਹੁੰਦਾ ਹੈ। ਰਾਣੀ ਇੱਛਰਾਂ ਆਪਣੇ ਪਿਆਰੇ ਪੁੱਤਰ ਦੇ ਸਿਰ ਮੁਸੀਬਤ ਬਣੀ ਦੇਖ ਕੇ ਭੱਜ ਕੇ ਰਾਜੇ ਸਲਵਾਹਨ ਦੇ ਕੋਲ ਪੁੱਜੀ ਅਤੇ ਖੜੋ ਕੇ ਪੁਕਾਰਦੀ ਹੋਈ ਕਹਿਣ ਲੱਗੀ ਕਿ ਉਸ ਦਾ ਉਸ ਨਾਲ ਕੀ ਵੈਰ ਸੀ ਕਿ ਉਹ ਉਸ ਦੇ ਪੁੱਤਰ ਨੂੰ ਮਾਰਨ ‘ਤੇ ਤੁਲ ਗਿਆ ਹੈ।